ਮੁਕਤਸਰ ਜ਼ਿਲ੍ਹੇ ’ਚ ਕਰੋਨਾ ਪੀੜ੍ਹਤਾਂ ਦੇ ਬੱਚਿਆਂ ਨੂੰ ਸੰਭਾਲੇਗਾ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ-ਡਾ. ਸ਼ਿਵਾਨੀ ਨਾਗਪਾਲ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 11 ਮਈ 2021-ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਡਾ. ਸ਼ਿਵਾਨੀ ਨਾਗਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਕਰੋਨਾ ਮਹਾਂਮਾਰੀ ਦੌਰਾਨ ਕਿਸੇ ਬੱਚੇ ਦੇ ਮਾਤਾ-ਪਿਤਾ ਦੋਨੋਂ ਕੋਵਿਡ-19 ਨਾਲ ਪੀੜ੍ਹਤ ਹੋਣ ਜਾਂ ਕੋਈ ਵੀ ਬੱਚਾ ਜਿਸ ਦਾ ਗਾਰਡੀਅਨ ਜਾਂ ਸਿੰਗਲ ਪੈਰੇਂਟ ਇਸ ਬਿਮਾਰੀ ਨਾਲ ਪੀੜ੍ਹਤ ਹੋਵੇ ਤੇ ਬੱਚੇ ਨੂੰ ਸੰਭਾਲਣ ਵਾਲਾ ਕੋਈ ਵੀ ਨਾ ਹੋਵੇ ਤਾਂ ਇਹੋ ਜਿਹੇ ਬੱਚਿਆਂ ਨੂੰ ਮਾਨਵਤਾ ਬਾਲ ਆਸ਼ਰਮ ਵਿੱਚ ਰੱਖਿਆ ਜਾਵੇਗਾ, ਜਿੰਨ੍ਹਾਂ ਦੀ ਦੇਖ-ਰੇਖ ਜ਼ਿਲ੍ਹੇ ਦੇ ਬਾਲ ਸੁਰੱਖਿਆ ਵਿਭਾਗ ਦੀ ਨਿਗਰਾਨੀ ਹੇਠ ਹੋਵੇਗੀ।
ਉਨ੍ਹਾਂ ਦੱਸਿਆ ਕਿ ਜਿਸ ਬੱਚੇ ਦੇ ਮਾਤਾ- ਪਿਤਾ/ਗਾਰਡੀਅਨ ਦੀ ਇਸ ਨਾਮੁਰਾਦ ਬਿਮਾਰੀ ਨਾਲ ਮੌਤ ਹੋ ਜਾਂਦੀ ਹੈ ਤਾਂ ਬੱਚਾ ਅਨਾਥ ਹੋਣ ਦੀ ਸੂਰਤ ਵਿੱਚ ਕਿਸੇ ਵੀ ਰਿਸ਼ਤੇਦਾਰ/ਗੈਰ-ਸਰਕਾਰੀ ਸੰਸਥਾ ਵੱਲੋਂ ਅਪਣੇ ਪੱਧਰ ’ਤੇ ਗੋਦ ਨਹੀਂ ਦਿੱਤਾ ਜਾ ਸਕਦਾ। ਅਜਿਹਾ ਕਰਨਾ ਗੈਰ-ਕਾਨੂੰਨੀ ਹੈ। ਅਜਿਹੇ ਬੱਚਿਆਂ ਨੂੰ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕਾਨੂੰਨੀ ਰੂਪ ਵਿੱਚ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਵਲੋਂ ਗੋਦ ਦਿਲਵਾਇਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਦੇ ਵੀ ਧਿਆਨ ਵਿੱਚ ਅਜਿਹਾ ਕੇਸ ਆਉਂਦਾ ਹੈ ਤਾਂ ਉਸ ਦੀ ਜਾਣਕਾਰੀ ਟੋਲ ਫਰੀ ਨੰਬਰ 1098 ’ਤੇ ਸਾਂਝੀ ਕੀਤੀ ਜਾਵੇ।