ਮਲੋਟ ਪੁਲਿਸ ਨੇ ਵਹੀਕਲ ਚੋਰ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਜਿੰਨ ਕਾਰ ਸਮੇਤ ਕੀਤਾ ਕਾਬੂ, ਇੱਕ ਫ਼ਰਾਰ
ਰਾਜਵੰਤ ਸਿੰਘ
ਮਲੋਟ, 11 ਮਈ 2021-ਥਾਣਾ ਸਿਟੀ ਪੁਲਿਸ ਮਲੋਟ ਨੇ ਚਾਰ ਜਣਿਆਂ ਖ਼ਿਲਾਫ਼ ਵਹੀਕਲ ਚੋਰੀ ਕਰਨ ਦਾ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਤਿੰਨ ਜਣਿਆਂ ਨੂੰ ਕਾਬੂ ਕੀਤਾ ਹੈ, ਜਿੰਨ੍ਹਾਂ ਕੋਲੋਂ ਇੱਕ ਜਿੰਨ ਕਾਰ ਵੀ ਬਰਾਮਦ ਹੋਈ ਹੈ, ਜਦੋਂਕਿ ਉਨ੍ਹਾਂ ਦਾ ਇੱਕ ਸਾਥੀ ਫ਼ਰਾਰ ਹੋਣ ’ਚ ਕਾਮਯਾਬ ਹੋ ਗਿਆ ਹੈ।
ਏ.ਐਸ.ਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਵੱਖ-ਵੱਖ ਸ਼ਹਿਰਾਂ ਤੋਂ ਵਹੀਕਲ ਚੋਰੀ ਕਰਕੇ ਕੁੱਝ ਨੌਜਵਾਨ ਅੱਗੇ ਵੇਚਣ ਦਾ ਧੰਦਾ ਕਰਦੇ ਹਨ, ਜੋ ਇਸ ਸਮੇਂ ਚੋਰੀ ਦੀ ਇੱਕ ਜਿੰਨ ਕਾਰ ’ਤੇ ਸਵਾਰ ਹੋ ਕੇ ਪਿੰਡ ਘੁਮਿਆਰਾ ਵਿਖੇ ਘੁੰਮ ਰਹੇ ਹਨ, ਜਿਸ ਤੋਂ ਬਾਅਦ ਪੁਲਿਸ ਟੀਮ ਨੇ ਨਾਕਾਬੰਦੀ ਕੀਤੀ, ਜਿੱਥੇ ਕਾਰ ’ਚ ਸਵਾਰ ਨੌਜਵਾਨਾਂ ਨੂੰ ਪੁੱਛਗਿੱਛ ਕੀਤੀ ਗਈ ਉਨ੍ਹਾਂ ’ਚੋਂ ਇੱਕ ਨੌਜਵਾਨ ਉਥੋਂ ਭੱਜ ਗਿਆ, ਜਦੋਂਕਿ ਬਾਕੀ ਤਿੰਨ ਜਣਿਆਂ ਨੂੰ ਪੁਲਿਸ ਨੇ ਮੌਕੇ ’ਤੇ ਹੀ ਕਾਬੂ ਕਰ ਲਿਆ। ਫੜ੍ਹੇ ਗਏ ਨੌਜਵਾਨਾਂ ਦੀ ਪਛਾਣ ਧਰਮਿੰਦਰ ਕੁਮਾਰ, ਦੀਪਕ ਕੁਮਾਰ, ਅਕਾਸ਼ ਵਾਸੀ ਮਲੋਟ ਵਜੋਂ ਹੋਈ ਹੈ, ਜਦੋਂਕਿ ਫ਼ਰਾਰ ਨੌਜਵਾਨ ਦੀ ਪਛਾਣ ਅਜੇ ਕੁਮਾਰ ਵਜੋਂ ਕੀਤੀ ਗਈ ਹੈ। ਪੁਲਿਸ ਨੇ ਹੁਣ ਸਾਰਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।