ਜਗਦੀਸ਼ ਥਿੰਦ
ਜ਼ੀਰਾ 12 ਮਈ , ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਦੇ ਅਚਾਨਕ ਸਦੀਵੀ ਵਿਛੋੜੇ ਉਪਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਸਮੇਤ ਰਾਜਨੀਤਿਕ , ਸਮਾਜਿਕ ਅਤੇ ਧਾਰਮਿਕ ਖੇਤਰ ਦੀਆਂ ਵੱਖ - ਵੱਖ ਸ਼ਖਸੀਅਤਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।
ਪੰਜਾਬ ਸਰਕਾਰ ਵਿੱਚ ਵਜ਼ੀਰ ਰਹੇ ਇੰਦਰਜੀਤ ਸਿੰਘ ਜ਼ੀਰਾ ਪਿਛਲੇ ਕੁਝ ਦਿਨਾਂ ਤੋਂ ਬਿਮਾਰੀ ਦੀ ਹਾਲਤ ਵਿਚ ਮੋਹਾਲੀ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਸਨ ।
ਅੱਜ ਸਵੇਰੇ ਉਥੇ ਉਨ੍ਹਾਂ ਆਖ਼ਰੀ ਸਾਹ ਲਿਆ ।
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਜ਼ੀਰਾ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ਹੈ ।
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਆਪਣੇ ਸ਼ੋਕ ਸੰਦੇਸ਼ ਵਿੱਚ ਲਿਖਦੇ ਹਨ ਕਿ
" ਸਾਬਕਾ ਵਿਧਾਇਕ ਤੇ ਸੀਨੀਅਰ ਕਾਂਗਰਸੀ ਆਗੂ ਇੰਦਰਜੀਤ ਸਿੰਘ ਜ਼ੀਰਾ ਜੀ ਦੇ ਦਿਹਾਂਤ ਦੀ ਖ਼ਬਰ ਨਾਲ ਮਨ ਬੇਹੱਦ ਉਦਾਸ ਹੈ।
ਉਨ੍ਹਾਂ ਨੇ ਹਮੇਸ਼ਾ ਤਤਪਰ ਹੋ ਕੇ ਪਾਰਟੀ ਤੇ ਆਪਣੇ ਲੋਕਾਂ ਲਈ ਕੰਮ ਕੀਤਾ। ਮੇਰੀਆਂ ਅਰਦਾਸਾਂ ਉਨ੍ਹਾਂ ਦੇ ਸਪੁੱਤਰ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਜੀ ਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਹਨ। ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਥਾਂ ਬਖ਼ਸ਼ਣ।"
ਜਥੇਦਾਰ ਹਰਮੇਲ ਸਿੰਘ ਟੌਹੜਾ ਵੱਲੋਂ ਇਸ ਅਚਾਨਕ ਵਿਛੋਡ਼ੇ ਨੂੰ ਵੱਡਾ ਘਾਟਾ ਕਰਾਰ ਦਿੱਤਾ ਹੈ ।
ਫਾਇਨਾਂਸ ਮਨਿਸਟਰ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੇ ਵੀ ਇਸ ਕੜੀ ਵਿਚ ਜ਼ੀਰਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ ।
ਜਥੇਦਾਰ ਜ਼ੀਰਾ ਦੇ ਵਿਧਾਇਕ ਸਪੁੱਤਰ ਕੁਲਬੀਰ ਸਿੰਘ ਜ਼ੀਰਾ ਦੇ ਨਜ਼ਦੀਕੀ ਸਾਥੀ ਐਮ ਐਲ ਏ ਜਲਾਲਾਬਾਦ ਰਮਿੰਦਰ ਸਿੰਘ ਆਵਲਾ , ਯੂਥ ਆਗੂ ਗੁਰਭੇਜ ਸਿੰਘ ਟਿੱਬੀ , ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ , ਸੁੱਖ ਸਰਕਾਰੀਆ , ਸਾਬਕਾ ਮੰਤਰੀ ਪੰਜਾਬ ਜਨਮੇਜਾ ਸਿੰਘ ਸੇਖੋਂ ਵੱਲੋਂ ਈ ਪਰਿਵਾਰ ਨਾਲ ਹਮਦਰਦੀ ਅਤੇ ਅਕਾਲ ਚਲਾਣੇ ਉਪਰ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ।
ਕਾਂਗਰਸ ਆਗੂ ਕੇਵਲ ਸਿੰਘ ਢਿੱਲੋਂ , ਸਾਬਕਾ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ , ਵਿਧਾਇਕ ਫ਼ਾਜ਼ਿਲਕਾ ਦਵਿੰਦਰ ਸਿੰਘ ਘੁਬਾਇਆ ਤੋਂ ਇਲਾਵਾ ਹੋਰਨਾਂ ਵੀ ਅਹਿਮ ਸ਼ਖ਼ਸੀਅਤਾਂ ਨੇ ਇਸ ਮੌਕੇ ਜ਼ੀਰਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ ।