ਜਗਦੀਸ਼ ਥਿੰਦ
ਜ਼ੀਰਾ 12 ਮਈ ,
ਸਾਬਕਾ ਮੰਤਰੀ ਪੰਜਾਬ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਦੇ ਸਦੀਵੀ ਅਕਾਲ ਚਲਾਣੇ ਉਪਰ ਅਫ਼ਸੋਸ ਜ਼ਾਹਿਰ ਕਰਦਿਆਂ ਸਿੱਖ ਪੰਥ ਦੇ ਹਰਿਆਵਲ ਦਸਤੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਰਪ੍ਰਸਤ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਮੁੱਖ ਬੁਲਾਰੇ ਜਥੇਦਾਰ ਕਰਨੈਲ ਸਿੰਘ ਪੀਰ ਮੁਹੰਮਦ ਵੱਲੋਂ ਅਫ਼ਸੋਸ ਜ਼ਾਹਿਰ ਕਰਦਿਆਂ ਇਸ ਵਿਛੋੜੇ ਨੂੰ ਸਿੱਖ ਪੰਥ ਦੇ ਨਾਲ - ਨਾਲ ਆਪਣਾ ਨਿੱਜੀ ਘਾਟਾ ਵੀ ਕਰਾਰ ਦਿੱਤਾ ਹੈ ।
ਕਰਨੈਲ ਸਿੰਘ ਪੀਰ ਮੁਹੰਮਦ ਦੱਸਦੇ ਹਨ ਕਿ ਖਾੜਕੂ ਲਹਿਰ ਸਮੇਂ ਉਨ੍ਹਾਂ ਅਨੇਕਾਂ ਵਾਰ ਇਨ੍ਹਾਂ ਦੀ ਰਿਹਾਇਸ਼ ਉਪਰ ਸ਼ਰਨ ਲੈ ਕੇ ਆਪਣੀ ਜਾਨ ਬਚਾਈ ।
ਸਿੱਖ ਨੌਜਵਾਨਾਂ ਦੀਆਂ ਜਾਨਾਂ ਬਚਾਉਣ ਬਦਲੇ ਉਸ ਵੇਲੇ ਦੇ ਐੱਸ ਐੱਸ ਪੀ ਸੁਮੇਧ ਸਿੰਘ ਸੈਣੀ ਵੱਲੋਂ ਜਥੇਦਾਰ ਇੰਦਰਜੀਤ ਸਿੰਘ ਅਤੇ ਉਨ੍ਹਾਂ ਦੇ ਪਿਤਾ ਜੀ ਜਥੇਦਾਰ ਗੁਰਦੀਪ ਸਿੰਘ ਨੂੰ ਸੀ ਆਈ ਏ ਸਟਾਫ ਮੋਗਾ ਵਿਖੇ ਬਿਠਾ ਕੇ ਰੱਖਿਆ ਗਿਆ ।
ਕਰਨੈਲ ਸਿੰਘ ਪੀਰ ਮੁਹੰਮਦ ਅਨੁਸਾਰ ਇਕੱਲੇ ਉਸ ਦੀ ਹੀ ਨਹੀਂ ਬਲਕਿ ਹੋਰ ਵੀ ਅਨੇਕਾਂ ਸਿੱਖ ਨੌਜਵਾਨਾਂ ਦੀ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਦੇ ਪਰਿਵਾਰ ਨੇ ਉਨ੍ਹਾਂ ਸਮਿਆਂ ਵਿਚ ਜਾਨ ਬਚਾਈ ।
ਕਰਨੈਲ ਸਿੰਘ ਪੀਰ ਮੁਹੰਮਦ ਦਾ ਕਹਿਣਾ ਹੈ ਕਿ ਸਰਦਾਰ ਇੰਦਰਜੀਤ ਸਿੰਘ ਜ਼ੀਰਾ ਸਿੱਖ ਪੰਥ ਦੇ ਨਿਧੜਕ ਅਤੇ ਸਿੱਖੀ ਵਿੱਚ ਪ੍ਰਪੱਕ ਇਨਸਾਨ ਸਨ ।
ਕਰਨੈਲ ਸਿੰਘ ਪੀਰ ਮੁਹੰਮਦ ਵੱਲੋਂ ਇਸ ਤਰ੍ਹਾਂ ਭਾਵਨਾਵਾਂ ਦਾ ਇਜ਼ਹਾਰ ਕੀਤਾ ਗਿਆ ਹੈ ;
"ਕਬੀਰਾ ਜਬ ਹਮ ਆਏ ਜਗਤ ਮੇ‚ ਜਗ ਹਸੇ ਹਮ ਰੋਏ
ਐਸੀ ਕਰਨੀ ਕਰ ਚਲੇ‚ ਹਮ ਹਸੇ ਜਗ ਰੋਏ.". ਟਕਸਾਲੀ ਅਕਾਲੀ ਜਥੇਦਾਰ ਗੁਰਦੀਪ ਸਿੰਘ ਜੀ ਜੀਰਾ ਸਾਬਕਾ ਮੈਬਰ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਣਹਾਰ ਸਪੁੱਤਰ ਅਤੇ ਹਲਕਾ ਵਿਧਾਇਕ ਮੇਰੇ ਛੋਟੇ ਵੀਰ ਕੁਲਬੀਰ ਸਿੰਘ ਜੀਰਾ ਅਤੇ ਪ੍ਰਭਜੀਤ ਸਿੰਘ ਜੀਰਾ ਦੇ ਸਤਿਕਾਰਯੋਗ ਪਿਤਾ ਜਥੇਦਾਰ ਇੰਦਰਜੀਤ ਸਿੰਘ ਜੀ ਜੀਰਾ ( ਸਾਬਕਾ ਮਨਿਸਟਰ ਪੰਜਾਬ ) ਦਾ ਸਦੀਵੀ ਵਿਛੌੜਾ ਅਸਿਹ ਤੇ ਅਕਿਹ ਹੈ ।
ਅਕਾਲ ਪੁਰਖ ਆਪਣੇ ਚਰਨਾ ਵਿੱਚ ਨਿਵਾਸ ਬਖਸਣ , ਖਾਲਸਾ ਪੰਥ ਦੇਸ਼ ਦੁਨੀਆ ਵਿੱਚ ਵਸਦੇ ਪਰਿਵਾਰ ਅਤੇ ਹਲਕਾ ਜੀਰਾ ਦੇ ਲੋਕਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ।
ਜਥੇਦਾਰ ਜੀਰਾ ਨੇ ਮੇਰੇ ਸਮੇਤ ਬਹੁਤ ਸਾਰੇ ਸਿੱਖ ਨੌਜਵਾਨਾਂ ਦੀਆ ਖਾੜਕੂ ਲਹਿਰ ਸਮੇਂ ਪੁਲਿਸ ਨਾਲ ਲੜਕੇ ਜਾਨਾਂ ਬਚਾਈਆਂ।
ਉਸ ਵੇਲੇ ਗਵਰਨਰੀ ਹਕੂਮਤ ਸਾਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਨਾ ਚਾਹੁੰਦੀ ਸੀ ਤਾਂ ਜਥੇਦਾਰ ਜੀਰਾ ਨੇ ਮੈਨੂੰ ਆਪਣੇ ਪਾਸ ਘਰ ਰੱਖਿਆ ।
ਇੱਕ ਵਾਰ ਇਹਨਾਂ ਦੀ ਰਿਹਾਇਸ਼ ਵਸਤੀ ਬੂਟੇਵਾਲੀ ਨਜਦੀਕ ਜੀਰਾ ਵਿਖੇ ਪੁਲਿਸ ਮੈਨੂੰ ਫੜਨ ਲਈ ਘਰ ਦੀ ਤਲਾਸ਼ੀ ਲੈਣ ਆਈ ਤਾਂ ਜਥੇਦਾਰ ਜੀਰਾ ਦੀ ਧਰਮਸੁਪਤਨੀ ਬੀਬੀ ਕੁਲਵੰਤ ਕੌਰ ਜੀ ਨੇ ਪੁਲਿਸ ਤੋਂ ਬਚਾਉਣ ਲਈ ਅਹਿਮ ਰੋਲ ਨਿਭਾਇਆ।
ਦੂਜੇ ਪਾਸੇ ਜਥੇਦਾਰ ਜੀਰਾ ਨੂੰ ਅਤੇ ਜਥੇਦਾਰ ਗੁਰਦੀਪ ਸਿੰਘ ਨੂੰ ਉਸ ਵੇਲੇ ਦੇ ਐਸ ਐਸ ਪੀ ਸਮੇਧ ਸਿੰਘ ਸੈਣੀ ਨੇ ਕਾਫੀ ਸਮਾਂ ਸੀ ਏ ਸਟਾਫ ਮੋਗਾ ਬਿਠਾਈ ਰੱਖਿਆ ।
ਪੁਲਸ ਕਹਿ ਰਹੀ ਸੀ ਕਿ ਤੁਸੀ ਅੱਤਿਵਾਦੀਆਂ ਨੂੰ ਪਨਾਹ ਦਿੰਦੇ ਹੋ ।
ਪੰਜਾਬ ਪੁਲਿਸ ਦੇ ਸਾਬਕਾ ਡੀ ਜੀ ਪੀ ਸਰਦਾਰ ਮਹਿਲ ਸਿੰਘ ਭੁੱਲਰ ਰਾਹੀਂ ਅਨੇਕਾਂ ਵਾਰ ਪੰਜਾਬ ਦੇ ਅਲੱਗ ਅਲੱਗ ਸੀ ਆਈ ਏ ਸਟਾਫਾ ਵਿੱਚੋ ਸਾਨੂੰ ਬਚਾਕੇ ਲਿਆਂਦੇ ਰਹੇ । ਐਸੇ ਨਿਧੜਕ ਸਿੱਖੀ ਵਿੱਚ ਪ੍ਰਪੱਕ ਇਨਸਾਨ ਦੇ ਸਦੀਵੀ ਵਿਛੋੜੇ ਨਾਲ ਮੈਨੂੰ ਤੇ ਮੇਰੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ ।
#RIP #ਇੰਦਰਜੀਤ ਸਿੰਘ ਜ਼ੀਰਾ #inderjeetsinghzira
( ਉਪਰੋਕਤ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਵ੍ਹੱਟਸਐਪ ਗਰੁੱਪ ਵਿੱਚ ਖੁੱਦ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਹੋਰਾਂ ਪੋਸਟ ਪਾ ਕੇ ਕੀਤਾ ਹੈ )