ਮੁਕਤਸਰ ’ਚ ਪਟਵਾਰੀ ਤੇ ਕਾਨੂੰਗੋ ਸਮੂਹਿਕ ਛੁੱਟੀ ’ਤੇ, ਪੰਜ ਦਿਨ ਰਹੇਗਾ ਕੰਮ ਬੰਦ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 12 ਮਈ 2021-ਆਪਣੀਆਂ ਹੱਕੀ ਮੰਗਾਂ ਸਰਕਾਰ ਵੱਲੋਂ ਨਾ ਮੰਨਣ ਕਾਰਣ ਪਟਵਾਰ ਯੂਨੀਅਨ ਅਤੇ ਕਾਨੂੰਗੋ ਐਸੋਸੀਏਸ਼ਨ ਨੇ ਰੋਸ ਜਾਹਿਰ ਕਰਦਿਆਂ ਅੱਜ 12 ਅਤੇ 13 ਮਈ ਨੂੰ ਸਮੂਹਿਕ ਛੁੱਟੀ ਲੈ ਲਈ ਹੈ। ਇਸ ਤੋਂ ਬਾਅਦ 14 ਮਈ ਨੂੰ ਸਰਕਾਰੀ ਛੁੱਟੀ ਅਤੇ 15-16 ਨੂੰ ਸ਼ਨੀਵਾਰ ਤੇ ਐਤਵਾਰ ਦੀ ਛੁੱਟੀ ਹੋਣ ਕਰਕੇ ਪਟਵਾਰੀਆਂ ਦਾ ਕੰਮ ਲਗਾਤਾਰ ਪੰਜ ਦਿਨਾਂ ਲਈ ਨਹੀਂ ਹੋਵੇਗਾ, ਜਿਸ ਕਰਕੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਤਹਿਸੀਲ ਪ੍ਰਧਾਨ ਬਲਜਿੰਦਰ ਸਿੰਘ, ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ, ਇਕਬਾਲ ਸਿੰਘ, ਕਾਨੂੰਗੋ ਜਥੇਬੰਦੀ ਦੇ ਸਕੱਤਰ ਪਵਨ ਕੁਮਾਰ, ਹਰਪਾਲ ਸਿੰਘ, ਮਹਿੰਦਰ ਸਿੰਘ ਤੇ ਸੁਖਦੀਪ ਸਿੰਘ ਨੇ ਦੱਸਿਆ ਕਿ ਪਟਵਾਰੀਆਂ ਤੇ ਕਾਨੂੰਗੋਆਂ ਨੇ ਐਸਡੀਐਮ ਸਵਰਨਜੀਤ ਕੌਰ ਨੂੰ ਆਪਣੀਆਂ ਰਾਖਵੀਆਂ ਛੁੱਟੀਆਂ ਸੌਂਪ ਕੇ ਮੰਗ ਕੀਤੀ ਹੈ ਕਿ ਉਨ੍ਹਾਂ ਦਾ ਰੋਸ ਸਰਕਾਰ ਤੱਕ ਪੁੱਜਦਾ ਕੀਤਾ ਜਾਵੇ। ਜੇਕਰ ਅਜੇ ਵੀ ਸਰਕਾਰ ਨੇ ਕੋਈ ਹੁੰਗਾਰਾ ਨਾ ਦਿੱਤਾ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨਗੇ।