ਕੋਵਿਡ ਉਲੰਘਣਾ ਖ਼ਿਲਾਫ਼ ਸਖਤ ਹੋਈ ਮੁਕਤਸਰ ਪੁਲਿਸ, ਬੱਸਾਂ ਤੇ ਕਾਰਾਂ ’ਚ 50 ਫ਼ੀਸਦ ਤੋਂ ਜ਼ਿਆਦਾ ਸਵਾਰੀਆਂ ਦੇ ਕੱਟੇ ਚਲਾਨ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 14 ਮਈ 2021-ਐਸਐਸਪੀ ਡੀ ਸੁਡਰਵਿਲੀ ਦੀਆਂ ਹਦਾਇਤਾਂ ’ਤੇ ਪੁਲਿਸ ਵੱਲੋਂ ਲੋਕਾਂ ਨੂੰ ਕਰੋਨਾ ਵਾਇਰਸ ਬਿਮਾਰੀ ਤੋਂ ਸਾਵਧਾਨੀ ਰੱਖਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਜਿੱਥੇ ਪੁਲਿਸ ਜਨਤਕ ਥਾਵਾਂ ’ਤੇ ਕੋਵਿਡ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖਤੀ ਵਰਤ ਰਹੀ ਹੈ, ਉਥੇ ਹੀ ਪੁਲਿਸ ਵੱਲੋਂ ਮੇਨ ਰੋਡਾਂ ’ਤੇ ਬੱਸਾਂ ’ਤੇ ਵੀ ਨਿਗਰਾਨੀ ਕੀਤੀ ਜਾ ਰਹੀ ਹੈ। ਐਸਪੀ ਕੁਲਵੰਤ ਰਾਏ ਨੇ ਦੱਸਿਆ ਕਿ ਐਸ.ਆਈ ਰਮਨ ਕੁਮਾਰ ਮੁੱਖ ਅਫਸਰ ਥਾਣਾ ਬਰੀਵਾਲਾ ਅਤੇ ਪੁਲਿਸ ਪਾਰਟੀ ਸਮੇਤ ਨਾਕਿਆਂ ’ਤੇ ਜਾ ਕੇ ਲੋਕਾਂ ਨੂੰ ਮਾਸਕ ਵੰਡਕੇ ਕਰੋਨਾ ਵਾਇਰਸ ਬਿਮਾਰੀ ਤੋਂ ਜਾਗਰੂਕ ਕੀਤਾ ਗਿਆ ਅਤੇ ਚੈਕਿੰਗ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਅਲੱਗ-ਅਲੱਗ ਕੰਪਨੀ ਦੀਆਂ 4 ਬੱਸਾਂ, ਜਿੰਨ੍ਹਾਂ ਵਿੱਚ 50 ਪ੍ਰਤੀਸ਼ਤ ਤੋਂ ਜਿਆਦਾ ਸਵਾਰੀਆਂ ਬੈਠੀਆਂ ਸਨ, ਉਨ੍ਹਾਂ ਦੇ ਚਲਾਨ ਕੀਤੇ ਗਏ। ਇਸ ਤੋਂ ਇਲਾਵਾ 8 ਕਾਰਾਂ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾ ਦੀ ਪਾਲਣਾ ਨਾ ਕਰਦੇ ਹੋਏ ਸਮਰਥਾ ਤੋਂ ਵੱਧ ਵਿਅਕਤੀ ਸਫਰ ਕਰ ਰਹੇ ਸਨ, ਉਨ੍ਹਾਂ ਦੇ ਵੀ ਪੁਲਿਸ ਨੇ ਚਲਾਨ ਕੀਤੇ ਹਨ। ਉਨ੍ਹਾਂ ਦੱਸਿਆ ਕਿ ਜਿੰਨ੍ਹਾਂ ਵਿਅਕਤੀ ਵੱਲੋਂ ਮਾਸਕ ਨਹੀਂ ਪਾਏ ਗਏ ਅਤੇ ਪਬਲਿਕ ਥਾਵਾਂ ’ਤੇ ਥੁੱਕਣ ਤਹਿਤ 18 ਚਲਾਨ ਕੀਤੇ ਗਏ ਹਨ। ਐਸ.ਪੀ ਨੇ ਦੱਸਿਆ ਕਿ ਪਿਛਲੇ 8 ਦਿਨਾਂ ਵਿੱਚ ਜ਼ਿਲ੍ਹਾ ਪੁਲਿਸ ਵੱਲੋਂ 252 ਵਿਅਕਤੀਆਂ ਦੇ ਮਾਸਕ ਨਾ ਪਾਉਣ ’ਤੇ ਚਲਾਨ ਕੀਤੇ ਗਏ ਅਤੇ ਪਬਲਿਕ ਥਾਵਾਂ ’ਤੇ ਥੁੱਕਣ ਵਾਲੇ 1008, ਸ਼ੋਸ਼ਲ ਡਿਸਟੈਂਸਿੰਗ ਤਹਿਤ 16 ਚਲਾਨ ਕੀਤੇ ਗਏ ਅਤੇ ਇੰਨ੍ਹਾਂ ਸਾਰਿਆਂ ਤੋਂ ਕੁੱਲ 7,88000 ਰੁਪਏ ਜੁਰਮਾਨਾ ਵਸੁਲਿਆ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਾਰੇ ਵਿਅਕਤੀ ਪੰਜਾਬ ਸਰਕਾਰ ਦੀਆ ਹਦਾਇਤਾਂ ਦੀ ਪਾਲਣਾ ਜਰੂਰ ਕਰਨ।