ਮੁਕਤਸਰ ’ਚ ਸਫਾਈ ਸੇਵਕਾਂ ਦੀ ਹੜਤਾਲ ਜਾਰੀ, ਜੰਮ ਕੇ ਹੋਈ ਨਾਅਰੇਬਾਜ਼ੀ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 14 ਮਈ 2021-ਸਥਾਨਕ ਨਗਰ ਕੌਂਸਲ ਦਫਤਰ ਮੂਹਰੇ ਸਫਾਈ ਸੇਵਕ ਯੂਨੀਅਨ ਵੱਲੋਂ ਮੰਗਾਂ ਨੂੰ ਲੈ ਕੇ ਚੱਲ ਰਹੀ ਹੜਤਾਲ ਦੇ ਅੱਜ ਦੂਜੇ ਦਿਨ ਵੀ ਸਰਕਾਰ ਖ਼ਿਲਾਫ਼ ਜੰਮਕੇ ਨਾਅਰੇਬਾਜ਼ੀ ਹੋਈ। ਸਫਾਈ ਸੇਵਕ ਆਗੂਆਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਮੰਨਣ ਦੀ ਬਜਾਏ ਟਾਲ ਮਟੋਲ ਕਰ ਰਹੀ ਹੈ, ਜਿਸਨੂੰ ਹਰਗਿਜ਼ ਬਰਦਾਸ਼ਿਤ ਨਹੀਂ ਕਰਾਂਗੇ। ਪ੍ਰਦਰਸ਼ਨ ਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੀ ਯੂਨੀਅਨ ਸਮੁੱਚੀ ਪੰਜਾਬ ਟੀਮ ਕਾਰਪੋਰੇਸ਼ਨਜ਼, ਨਗਰ ਕੌਂਸਲਾਂ, ਨਗਰ ਪਾਲਿਕਾ, ਨਗਰ ਪੰਚਾਇਤਾਂ ਵੱਲੋਂ ਅਣਮਿੱਥੇ ਸਮੇਂ ਦੀ ਹੜਤਾਲ ਦਾ ਸਮਰਥਨ ਕਰਦੀ ਹੈ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਸ਼ਹਿਰ ਦੀ ਕੰਮ ਸਮਰੱਥਾ ਮੁਤਾਬਕ ਭਰਤੀ ਕੀਤੀ ਜਾਵੇ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਅਤੇ ਪੜ੍ਹੇ ਲਿਖੇ ਸਫਾਈ ਸੇਵਕਾਂ ਦੀ ਤਰੱਕੀ ਕੀਤੀ ਜਾਵੇ।