ਛੋਟੇ ਥਾਣੇਦਾਰ ਵੱਲੋਂ ਵਿਧਵਾ ਨਾਲ ਬਲਾਤਕਾਰ ਕਰਨ ਦਾ ਮਾਮਲਾ ਉਲਝਿਆ
ਅਸ਼ੋਕ ਵਰਮਾ
- ਭਾਜਪਾ ਆਗੂ ਵੱਲੋਂ ਸੀਬੀਆਈ ਜਾਂਚ ਦੀ ਮੰਗ
ਬਠਿੰਡਾ, 14 ਮਈ 2021 - ਪਿੰਡ ’ਚ ਬਾਠ ’ਚ ਸਹਾਇਕ ਥਾਣੇਦਾਰ ਵੱਲੋਂ ਵਿਧਵਾ ਔਰਤ ਨਾਲ ਬਲਾਤਕਾਰ ਦਾ ਮਾਮਲਾ ਹੁਣ ਉਲਝਣ ਲੱਗਿਆ ਹੈ। ਪੀੜਤ ਔਰਤ ਅੱਜ ਸਾਹਮਣੇ ਆਈ ਅਤੇ ਕੁੱਝ ਹੋਰ ਪੁਲਿਸ ਮੁਲਾਜਮਾਂ ਦੇ ਨਾਮ ਜਨਤਕ ਕੀਤੇ ਹਨ ਜਿੰਨ੍ਹਾ ਨੇ ਉਸ ਦੇ ਪੁੱਤਰ ਨੂੰ ਕਥਿਤ ਤੌਰ ਤੇ ਘਰੋਂ ਚੁੱਕਣ ’ਚ ਭੂਮਿਕਾ ਨਿਭਾਈ ਹੈ। ਭਾਰਤੀ ਜਨਤਾ ਪਾਰਟੀ ਦੇ ਸਕੱਤਰ ਸੁਖਪਾਲ ਸਰਾਂ ਦੀ ਹਾਜਰੀ ’ਚ ਵਿਧਵਾ ਔਰਤ ਨੇ ਪੱਤਰਕਾਰਾਂ ਅੱਗੇ ਇਹ ਤੱਥ ਬਿਆਨ ਕੀਤੇ ਹਨ। ਪ੍ਰੈਸ ਕਾਨਫਰੰਸ ਦੌਰਾਨ ਪੀੜਤ ਔਰਤ ਨੇ ਅੱਜ ਵੀ ਦਾਅਵਾ ਕੀਤਾ ਕਿ ਉਸ ਦੇ ਪੁੱਤਰ ਨੂੰ ਝੂਠੇ ਕੇਸ ’ਚ ਫਸਾਇਆ ਗਿਆ ਹੈ। ਉਨ੍ਹਾਂ 4-5 ਪੁਲਿਸ ਮੁਲਾਜਮਾਂ ਦੇ ਨਾਮ ਜਾਹਰ ਕਰਦਿਆਂ ਦੱਸਿਆ ਕਿ ਲੰਘੀ ਛੇ ਤਰੀਕ ਨੂੰ ਇਹ ਮੁਲਾਜਮ ਉਸ ਦੇ ਘਰ ਗਏ ਅਤੇ ਨੇ ਘਰ ਦੀ ਤਲਾਸ਼ੀ ਲਈ ਸੀ ਪਰ ਕੁੱਝ ਵੀ ਬਰਾਮਦ ਨਹੀਂ ਹੋਇਆ।
ਉਸ ਨੇ ਦੱਸਿਆ ਕਿ ਪੁਲਿਸ ਟੀਮ ਨੇ ਘਰੋਂ 60 ਹਜਾਰ ਰੁਪਿਆ ਚੁੱਕ ਲਿਆਂਦਾ ਤੇ ਲੜਕੇ ਨੂੰ ਘਰੋ ਨਾਲ ਲੈ ਗਏ ਅਤੇ ਮੋਬਾਇਲ ਫੋਨ ਨੰਬਰ ਦੇਕੇ ਸੰਪਰਕ ਬਨਾਉਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਉਸ ਨੂੰ ਇਕੱਲਿਆਂ ਆਉਣ ਲਈ ਕਿਹਾ ਸੀ ਪਰ ਉਹ ਆਪਣੇ ਭਾਣਜੇ ਨੂੰ ਨਾਲ ਲੈਕੇ ਸੀ ਆਈ ਏ ਸਟਾਫ ਗਈ ਸੀ। ਉਸ ਨੇ ਦੱਸਿਆ ਕਿ ਉਸ ਕੋਲੋਂ ਦੋ ਲੱਖ ਰੁਪਏ ਦੀ ਮੰਗ ਕੀਤੀ ਸੀ ਪਰ 50 ਹਜਾਰ ਰੁਪਿਆ ਆਪਣੀ ਭੈਣ ਤੋਂ ਲਏ ਅਤੇ 50 ਹਜਾਰ ਰੁਪਿਆ ਫਾਇਨਾਂਸ ਕੰਪਨੀ ਤੋਂ ਲੈਕੇ ਇੱਕ ਲੱਖ ਰੁਪਿਆ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਬਾਵਜੂਦ ਵੀ ਲੜਕੇ ਨੂੰ ਛੱਡਿਆ ਨਹੀਂ ਉਲਟਾ ਉਸ ਨਾਲ ਜੋ ਕੁੱਝ ਹੋਇਆ ਉਹ ਸਭ ਦੇ ਸਾਹਮਣੇ ਹੈ।
ਭਾਜਪਾ ਆਗੂ ਸੁਖਪਾਲ ਸਰਾਂ ਦਾ ਕਹਿਣਾ ਹੈ ਕਿ ਅਸਲ ’ਚ ਪੁਲਿਸ ਦੇ ਇੱਕ ਜਿੰਮੇਵਾਰ ਅਧਿਕਾਰੀ ਵੱਲੋਂ ਵਿਧਵਾ ਔਤ ਨਾਲ ਕੀਤੇ ਜਾਣ ਵਾਲੇ ਜਿਣਸੀ ਸੋਸ਼ਣ ਦਾ ਇਹ ਬੇਹੱਦ ਸੰਗੀਨ ਮਾਮਲਾ ਹੈ ਜਿਸ ਦੀ ਸੀ ਬੀ ਆਈ ਜਾਂ ਜੁਡੀਸ਼ੀਅਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਇਸ ਲਈ ਆਮ ਲੋਕਾਂ ਦੀ ਸ਼ਮੂਲੀਅਤ ਵਾਲੇ ਜਨਤਕ ਆਗੂਆਂ ਦੀ ਕਮੇਟੀ ਬਨਾਉਣ ਲਈ ਵੀ ਕਿਹਾ ਹੈ। ਭਾਜਪਾ ਆਗੂ ਸੁਖਪਾਲ ਸਿੰਘ ਸਰਾਂ ਨੇ ਕਿਹਾ ਕਿ ਸਹਾਇਕ ਥਾਣੇਦਾਰ ਗੁਰਵਿੰਦਰ ਸਿੰਘ ਲੰਬੇ ਸਮੇਂ ਪ੍ਰੇਸ਼ਾਨ ਕਰਦਾ ਆ ਰਿਹਾ ਸੀ ਜੋਕਿ ਹੁਣ ਜੱਗ ਜਾਹਰ ਹੋ ਚੁੱਕਿਆ ਹੈ। ਉਨ੍ਹਾਂ ਆਖਿਆ ਕਿ ਜਦੋਂ ਇਸ ਔਰਤ ਨੇ ਵਿਰੋਧ ਜਤਾਇਆ ਤਾਂ ਉਸ ਦੇ ਦੇ 20 ਸਾਲਾ ਪੁੱਤਰ ਨੂੰ ਜਬਰਨ ਘਰੋਂ ਚੁੱਕ ਲਿਆ ਅਤੇ ਅਫੀਮ ਦਾ ਝੂਠਾ ਮੁਕੱਦਮਾ ਦਰਜ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਐਫ ਆਈ ਆਰ ’ਚ ਇਸ ਨੌਜਵਾਨ ਦੀ ਗਿ੍ਰਫ਼ਤਾਰੀ ਭੁੱਚੋ ਖੁਰਦ ਤੋਂ ਦਿਖਾਈ ਗਈ ਹੈ ਜਦੋਂਕਿ ਸਹਾਇਕ ਥਾਣੇਦਾਰ ਨੇ ਖੁਦ ਮੰਨਿਆ ਹੈ ਕਿ ਉਹ ਲੜਕੇ ਨੂੰ ਘਰੋਂ ਹੀ ਚੁੱਕ ਕੇ ਲੈ ਗਏ ਸਨ। ਉਨ੍ਹਾਂ ਦੱਸਿਆ ਕਿ ਸਹਾਇਕ ਥਾਣੇਦਾਰ ਨੇ ਵਾਇਰਲ ਹੋਈ ਵੀਡੀਓ ’ਚ ਇੱਕ ਹੋਰ ਪੁਲਿਸ ਮੁਲਾਜਮ ‘ਗੱਬਰ’ ਵੱਲੋਂ ਔਰਤ ਦੇ ਘਰੋਂ 60 ਹਜ਼ਾਰ ਰੁਪਏ ਵੀ ਚੁੱਕ ਕੇ ਲਿਜਾਣ ਦੀ ਗੱਲ ਆਖੀ ਸੀ ਜਦੋਂਕਿ ਬਾਅਦ ’ਚ ਲੜਕੇ ਨੂੰ ਛੱਡਣ ਬਦਲੇ ਵੀ ਇਕ ਲੱਖ ਰੁਪਏ ਵਸੂਲੇ ਹਨ। ਉਨ੍ਹਾਂ ਆਖਿਆ ਕਿ ਛੋਟੇ ਥਾਣੇਦਾਰ ਵੱਲੋਂ ਵਿਧਵਾ ਔਰਤ ਨੂੰ ਮਜਬੂਰ ਕਰਕੇ ਉਸਦਾ ਸ਼ਰੀਰਿਕ ਸ਼ੋਸ਼ਣ ਕਰਦੇ ਰਹਿਣਾ ਅਤੇ ਉਸਦੇ ਪੁੱਤਰ ਵਿਰੁੱਧ ਝੂਠਾ ਪਰਚਾ ਦਰਜ ਕਰਵਾਉਣ ਪਿੱਛੇ ਸਿਰਫ ਗੁਰਵਿੰਦਰ ਸਿੰਘ ਨਹੀਂ ਬਲਕਿ ਹੋਰ ਵੀ ਪੁਲਿਸ ਮੁਲਾਜਮ ਹੋ ਸਕਦੇ ਹਨ ਜਿੰਨ੍ਹਾਂ ਦੀ ਸ਼ਿਨਾਖਤ ਕਰਕੇ ਪੁਲਿਸ ਕੇਸ ਦਰਜ ਕਰਨਾ ਚਾਹੀਦਾ ਹੈ।
ਭਾਜਪਾ ਆਗੂ ਨੇ ਐਸ ਐਸ ਪੀ ਵੱਲੋਂ ਬਣਾਈ ਜਾਂਚ ਟੀਮ ਨੂੰ ਰੱਦ ਕਰਦਿਆਂ ਪੁਲਿਸ ਕੇਸ ਦਰਜ ਕਰਨ ਨੂੰ ਸ਼ੋਸ਼ਾ ਕਰਾਰ ਦਿੱਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸੋਮਵਾਰ ਤੱਕ ਐਸ ਐਸ ਪੀ ਨੇ ਤੱਕ ਮਸਲੇ ਦੇ ਨਿਪਟਾਰਾ ਅਤੇ ਲੜਕੇ ਖਿਲਾਫ ਦਰਜ ਝੂਠਾ ਕੇਸ ਰੱਦ ਨਾਂ ਕੀਤਾ ਤਾਂ ਮਾਮਲਾ ਹਾਈਕੋਰਟ ’ਚ ਲਿਜਾਇਆ ਜਾਏਗਾ ਅਤੇ ਸੀਬੀਆਈ ਜਾਂਚ ਦੀ ਮੰਗ ਕੀਤੀ ਜਾਏਗਾ। ਸੁਖਪਾਲ ਸਰਾਂ ਨੇ ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਅਸਤੀਫੇ ਦੀ ਮੰਗ ਕੀਤੀ ਹੈ। ਇਸ ਮੌਕੇ ਉਨ੍ਹਾਂ ਆਖਿਆ ਕਿ ਉਨ੍ਹਾਂ ਕੋਲ ਇਸ ਮਾਮਲੇ ਨਾਲ ਸਬੰਧਤ ਸਬੂਤ ਹਨ ਜੋਕਿ ਵਕਤ ਆਉਣ ਤੇ ਸਾਹਮਣੇ ਲਿਆਂਦੇ ਜਾਣਗੇ। ਇਸ ਮੌਕੇ ਹਾਜਰ ਪਿੰਡ ਬਾਠ ਦੇ ਇੱਕ ਵਿਅਕਤੀ ਨੇ ਔਰਤ ਵੱਲੋਂ ਪੱਤਰਕਾਰਾਂ ਅੱਗੇ ਰੱਖੇ ਤੱਥਾਂ ਦੇ ਸਹੀ ਹੋਣ ਦੀ ਪੁਸ਼ਟੀ ਵੀ ਕੀਤੀ ਹੈ।
ਐਸ ਆਈ ਟੀ ਬਣਾਈ: ਐਸ ਐਸ ਪੀ
ਸੀਨੀਅਰ ਪੁਲਿਸ ਕਪਤਾਨ ਭੁਪਿੰਦਰਜੀਤ ਸਿੰਘ ਵਿਰਕ ਦਾ ਕਹਿਣਾ ਸੀ ਕਿ ਇਸ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਬਣਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਟੀਮ ਦੀ ਅਗਵਾਈ ਐਸ ਪੀ ਹੈਡਕੁਆਟਰ ਕਰਨਗੇ ਜਦੋਂਕਿ ਡੀਐਸਪੀ ਡੀ ਅਤੇ ਥਾਣਾ ਕੈਂਟ ਦੇ ਮੁੱਖ ਥਾਣਾ ਅਫਸਰ ਵੀ ਸ਼ਾਮਲ ਕੀਤੇ ਹਨ। ਉਨ੍ਹਾਂ ਆਖਿਆ ਕਿ ਵਿਸ਼ੇਸ਼ ਜਾਂਚ ਟੀਮ ਵਾਇਰਲ ਹੋਈ ਵੀਡੀਓ ’ਚ ਸਾਹਮਣੇ ਆਏ ਤੱਥਾਂ ਦੀ ਪੜਤਾਲ ਕਰੇਗੀ ਜਿਸ ਦੌਰਾਨ ਜੋ ਵੀ ਤੱਥ ਸਾਹਮਣੇ ਆਏ ਉਸ ਮੁਤਾਬਕ ਕਾਰਵਾਈ ਕੀਤੀ ਜਾਏਗੀ।