ਮੁਕਤਸਰ ਜ਼ਿਲ੍ਹੇ ’ਚ ਫ਼ਿਰ ਦੋ ਥਾਵਾਂ ’ਤੇ ਚੋਰੀ, ਪੜ੍ਹੋ ਕੀ-ਕੀ ਵਾਪਰਿਆ?
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 15 ਮਈ 2021-ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਚੋਰੀ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇੱਕ ਪਾਸੇ ਜਿੱਥੇ ਵਹੀਕਲ ਚੋਰ ਸਰਗਰਮ ਹਨ, ਉਥੇ ਹੀ ਦੁਕਾਨਾਂ, ਘਰਾਂ ਅੰਦਰ ਵੀ ਚੋਰ ਲਗਾਤਾਰ ਵਾਰਦਾਤਾਂ ਕਰ ਰਹੇ ਹਨ। ਅੱਜ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਤੇ ਲੰਬੀ ਪੁਲਿਸ ਨੇ ਅਜਿਹੇ ਹੀ ਦੋ ਮਾਮਲੇ ਦਰਜ ਕੀਤੇ ਹਨ। ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਕੋਲ ਦਰਜ ਕਰਾਈ ਸ਼ਿਕਾਇਤ ’ਚ ਕਰਨਦੀਪ ਸਿੰਘ ਵਾਸੀ ਜੋਧੂ ਕਲੋਨੀ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਦਾਣਾ ਮੰਡੀ ’ਚ ਉਸਨੇ ਆਪਣਾ ਸਪਲੈਂਡਰ ਮੋਟਰਸਾਇਕਲ ਨੰਬਰ ਪੀਬੀ 30 ਐਕਸ 4772 ਖੜ੍ਹਾ ਕੀਤਾ ਸੀ, ਜਦੋਂ ਵਾਪਿਸ ਆ ਕੇ ਵੇਖਿਆ ਤਾਂ ਉਸਦਾ ਮੋਟਰਸਾਇਕਲ ਉਥੋਂ ਗਾਇਬ ਸੀ, ਜਿਸਦਾ ਬਾਅਦ ’ਚ ਕੋਈ ਪਤਾ ਨਹੀਂ ਚੱਲਿਆ। ਪੁਲਿਸ ਨੇ ਸ਼ਿਕਾਇਤ ਤੋਂ ਬਾਅਦ ਅਣਪਛਾਤੇ ਚੋਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਦੂਜਾ ਮਾਮਲਾ ਪਿੰਡ ਭਾਗੂ ਨਾਲ ਸਬੰਧਿਤ ਹੈ, ਜਿੱਥੇ ਪਿੰਡ ਦੇ ਸੀਨੀਅਰ ਸੈਕੰਡਰੀ ਸਕੂਲ ’ਚੋਂ ਕੰਪਿਊਟਰ ਚੋਰੀ ਹੋਇਆ ਹੈ। ਪੁਲਿਸ ਕੋਲ ਇਹ ਸ਼ਿਕਾਇਤ ਸਕੂਲ ਪ੍ਰਿੰਸੀਪਲ ਜਗਮੀਤ ਕੌਰ ਨੇ ਦਰਜ ਕਰਾਈ ਹੈ, ਜਿਸ ਤੋਂ ਬਾਅਦ ਲੰਬੀ ਪੁਲਿਸ ਨੇ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੁੂ ਕਰ ਦਿੱਤੀ ਹੈ।