ਸਿਵਲ ਹਸਪਤਾਲ ਬਾਦਲ ’ਚ ਵੀ ਬਣਿਆ 50 ਬੈਡਾਂ ਦਾ ਕੋਵਿਡ ਕੇਅਰ ਸੈਂਟਰ, ਸਿਵਲ ਸਰਜਨ ਨੇ ਕੀਤਾ ਦੌਰਾ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 15 ਮਈ 2021-ਸਿਹਤ ਵਿਭਾਗ ਵੱਲੋਂ ਹੁਣ ਸਿਵਲ ਹਸਪਤਾਲ ਬਾਦਲ ਵਿਖੇ ਵੀ 50 ਬੈਡਾਂ ਦਾ ਕੋਵਿਡ ਕੇਅਰ ਸੈਂਟਰ ਬਣਾਇਆ ਗਿਆ ਹੈ। ਅੱਜ ਸੈਂਟਰ ਦਾ ਦੌਰਾ ਕਰਦਿਆਂ ਸਿਵਲ ਸਰਜਨ ਡਾ: ਰੰਜੂ ਸਿੰਗਲਾ ਨੇ ਪ੍ਰਬੰਧਾਂ ਨੂੰ ਵੇਖਿਆ। ਇਸ ਮੌਕੇ ਸਿਵਲ ਸਰਜਨ ਨੇ ਦੱਸਿਆ ਕਿ ਕੋਰੋਨਾ ਬਿਮਾਰੀ ਦੇ ਮਰੀਜ਼ਾਂ ਦੀ ਵੱਧਦੀ ਗਿਣਤੀ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਪਹਿਲਾਂ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ 100 ਬੈਡਾਂ ਦੇ ਕੋਵਿਡ ਕੇਅਰ ਸੈਂਟਰ ਚੱਲ ਰਿਹਾ ਸੀ। ਉਸ ਤੋਂ ਬਾਅਦ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ 50 ਬੈਡਾਂ ਦਾ ਕੋਵਿਡ ਕੇਅਰ ਸੈਂਟਰ ਬਣਾਇਆ ਗਿਆ ਅਤੇ ਹੁਣ ਸਿਵਲ ਹਸਪਤਾਲ ਬਾਦਲ ਵਿਖੇ ਵੀ 50 ਬੈਡਾਂ ਦਾ ਕੋਵਿਡ ਕੇਅਰ ਸੈਂਟਰ ਲੈਵਲ-2 ਬਣਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਹ ਸੈਂਟਰ ਬਣ ਕੇ ਤਿਆਰ ਹੈ ਅਤੇ ਹੁਣ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਾਂਗ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਦਾਖਿਲ ਕੀਤਾ ਜਾਵੇਗਾ ਅਤੇ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਅੱਜ ਦੌਰੇ ਦੌਰਾਨ ਸਿਵਲ ਸਰਜਨ ਨਾਲ ਡਾ: ਸੁਨੀਲ ਅਰੋੜਾ ਡਿਪਟੀ ਮੈਡੀਕਲ ਕਮਿਸ਼ਨਰ ਵੀ ਹਾਜ਼ਰ ਸਨ। ਉਨ੍ਹਾਂ ਸਿਵਲ ਹਸਪਤਾਲ ਬਾਦਲ ਦਾ ਜਾਇਜ਼ਾ ਲਿਆ ਅਤੇ ਹਸਪਤਾਲ ਦੀਆਂ ਜ਼ੋ ਲੋੜਾਂ ਸਨ, ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਗਿਆ। ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਮਾਮੂਲੀ ਜਿਹੇ ਲੱਛਣ ਵੀ ਮਹਿਸੂਸ ਹੋਣ ਤਾਂ ਤੁਰੰਤ ਨੇੜੇ ਦੇ ਸਿਹਤ ਕੇਂਦਰ ਤੋਂ ਕੋਰੋਨਾ ਟੈਸਟ ਲਾਜ਼ਮੀ ਕਰਾਇਆ ਜਾਵੇ। ਇਸ ਸਮੇਂ ਡਾ: ਮੰਜੂ ਸੀਨੀਅਰ ਮੈਡੀਕਲ ਅਫਸਰ, ਡਾ: ਚੇਤਨ ਖੁਰਾਣਾ, ਸੁਖਮੰਦਰ ਸਿੰਘ ਜ਼ਿਲ੍ਹਾ ਮਾਸ ਮੀਡੀਆ ਅਫਸਰ ਆਦਿ ਹਾਜ਼ਰ ਸਨ।