ਪੰਜਾਬ ਦੇ ਮਾੜੇ ਹਾਲਾਤਾਂ ਬਾਰੇ ਮਾਸਟਰ ਡਿਗਰੀ ਪਾਸ ਨੌਜਵਾਨ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਕਰ ਰਿਹਾ ਜਾਗਰੂਕ
ਕਮਲਜੀਤ ਸਿੰਘ ਸੰਧੂ
ਬਰਨਾਲਾ, 15 ਮਈ 2021 - ਮੋਗਾ ਦਾ ਰਹਿਣ ਵਾਲਾ 21 ਸਾਲਾ ਅਰਸ਼ਦੀਪ ਸਿੰਘ 21 ਮਾਰਚ ਤੋਂ ਸਾਈਕਲ ’ਤੇ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਮਾੜੇ ਸਿਸਟਮ ਵਿਰੁੱਧ ਆਵਾਜ਼ ਚੁੱਕਣ ਦਾ ਦੇ ਰਿਹਾ ਹੈ ਹੋਕਾ, ਹੁਣ ਤੱਕ 750 ਦੇ ਕਰੀਬ ਪਿੰਡਾਂ ’ਚ ਲੋਕਾਂ ਨੂੰ ਜਾਗਰੂਕ ਕਰਨ ਉਪਰੰਤ ਬਰਨਾਲਾ ਪੁੱਜਿਆ ਅਰਸ਼ਦੀਪ, ਪੰਜਾਬ ਦੇ ਨਸ਼ੇ, ਬੇਰੁਜ਼ਗਾਰੀ, ਕਿਸਾਨੀ, ਖੇਤੀ, ਕੋਰੋਨਾ ਮੌਕੇ ਮਾੜੇ ਸਿਹਤ ਪ੍ਰਬੰਧਾਂ ਦੀ ਪੋਲ ਖੋਲ ਰਿਹਾ ਹੈ। ਪੰਜਾਬ ਦੇ ਮਾੜੇ ਹਾਲਾਤਾਂ ਲਈ ਅਰਸ਼ਦੀਪ ਨੇ ਪੰਜਾਬ ਦੇ ਰਾਜਨੀਤਕ ਲੋਕਾਂ ਨੂੰ ਜ਼ਿੰਮੇਵਾਰ ਦੱਸਿਆ। ਅਰਸ਼ਦੀਪ ਦੇ ਹੇਠਾਂ ਸਾਈਕਲ ਅਤੇ ਹੱਥ ਵਿੱਚ ਸਪੀਕਰ ਹੈ, ਲੋਕਾਂ ਦਾ ਇਕੱਠ ਦੇਖ ਕੇ ਉਹ ਰੁਕ ਜਾਂਦਾ ਹੈ ਅਤੇ ਆਪਣਾ ਮੁਹਿੰਮ ਦਾ ਹੋਕਾ ਦੇਣਾ ਸ਼ੁਰੂ ਕਰ ਦਿੰਦਾ ਹੈ।
ਅੱਜ ਪੰਜਾਬ ਦੇ ਚੱਲ ਰਹੇ ਸਿਸਟਮ ਤੋਂ ਨਿਰਾਸ਼ ਅਤੇ ਇਸ ਸਿਸਟਮ ਦੇ ਵਿਰੋਧ ਵਿੱਚ ਨੌਜਵਾਨ ਅਰਸ਼ਦੀਪ ਸਿੰਘ ਨੇ ਆਵਾਜ਼ ਚੁੱਕਣ ਲਈ ਇਕੱਲੇ ਹੀ ਮੁਹਿੰਮ ਚਲਾ ਰੱਖੀ ਹੈ। ਅਰਸ਼ਦੀਪ ਪੰਜਾਬ ਦੇ ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਹੈ। ਪੰਜਾਬ ਦੇ ਪ੍ਰਤੀ ਚਿੰਤਤ 21 ਮਾਰਚ ਤੋਂ ਉਹ ਇਕੱਲਾ ਸਾਇਕਲ ਮਾਰਚ ਕਰਦਾ ਹੋਇਆ ਪੰਜਾਬ ਦੇ ਹਰ ਪਿੰਡ ਵਿੱਚ ਲੋਕਾਂ ਨੂੰ ਅਜੋਕੇ ਹਾਲਾਤਾਂ ਦੇ ਪ੍ਰਤੀ ਜਾਗਰੂਕ ਕਰਦਾ ਨਜ਼ਰ ਆ ਰਿਹਾ ਹੈ।
ਇਸ ਸਾਈਕਿਲ ਯਾਤਰਾ ਮੁਹਿੰਮ ਤਹਿਤ ਉਹ ਹੁਣ ਤੱਕ 750 ਦੇ ਕਰੀਬ ਪਿੰਡ ਜਾ ਚੁੱਕਿਆ ਹੈ ਅਤੇ ਉਸਦੀ ਲਗਾਤਾਰ ਸਾਈਕਲ ਯਾਤਰਾ ਜਾਰੀ ਹੈ। ਇਸ ਦੇ ਚਲਦੇ ਅੱਜ ਬਰਨਾਲਾ ਪੁੱਜੇ ਅਰਸ਼ਦੀਪ ਨੇ ਦੱਸਿਆ ਕਿ ਅੱਜ ਪੰਜਾਬ ਦੇ ਹਾਲਾਤ ਬੇਹੱਦ ਮਾੜੇ ਹਨ। ਪੰਜਾਬ ਦਾ ਕਿਸਾਨ ਸੜਕਾਂ ਉੱਤੇ ਹੈ। ਕੋਰੋਨਾ ਕਾਲ ਵਿੱਚ ਬੱਚਿਆਂ ਦੀ ਪੜਾਈ ਛੁੱਟ ਗਈ, ਹਸਪਤਾਲਾਂ ਵਿੱਚ ਪੁਖਤਾ ਪ੍ਰਬੰਧ ਨਹੀਂ, ਲੋਕ ਅੱਜ ਮਰ ਰਹੇ ਹਨ, ਲੇਕਿਨ ਸਰਕਾਰ ਸਭ ਤਰਾਂ ਦੇ ਟੈਕਸ ਇਕੱਠੇ ਕਰਨ ਵਿੱਚ ਲੱਗੀ ਹੈ। ਲੋਕਾਂ ਦੇ ਕੰਮ-ਕਾਜ ਬੰਦ ਹਨ, ਲੋਕ ਅੱਜ ਭੁੱਖੇ ਮਰ ਰਹੇ ਹਨ।
ਅੱਜ ਅਨਪੜ ਲੋਕ ਮੰਤਰੀ ਬਣੇ ਹੋਏ ਹਨ ਅਤੇ ਪੜੇ - ਲਿਖੇ ਨੌਜਵਾਨ ਚਪੜਾਸੀ ਦੀ ਨੌਕਰੀ ਲਈ ਵੀ ਦਰ - ਦਰ ਭਟਕ ਰਹੇ ਹੈ। ਉਸਨੇ ਕਿਹਾ ਕਿ ਪੰਜਾਬ ਦੇ ਅਜਿਹੇ ਹਾਲਾਤਾਂ ਲਈ ਸਿੱਧੇ ਤੌਰ ’ਤੇ ਇੱਥੋਂ ਦੇ ਸਿਆਸੀ ਲੋਕ ਜਿੰਮੇਵਾਰ ਹਨ। ਇਹਨਾਂ ਸਾਰੀਆਂ ਗੱਲਾਂ ਨੂੰ ਵੇਖ ਕੇ ਅੱਜ ਪੰਜਾਬ ਨੂੰ ਬਚਾਉਣ ਦੀ ਜ਼ਰੂਰਤ ਹੈ। ਇਸਦੇ ਚੱਲਦੇ ਅੱਜ ਮੈਂ ਇਸ ਸਮਾਜ ਵਿੱਚ ਫ਼ੈਲੀ ਇਸ ਅੱਗ ਵਿੱਚ ਕੁੱਦਣ ਲਈ ਤਿਆਰ ਹਾਂ। ਅਰਸ਼ਦੀਪ ਨੇ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਲੋਕਾਂ ਨੂੰ ਜਾਗਦੇ ਹੋਏ ਖ਼ੁਦ ਅੱਗੇ ਆਉਣ ਦੀ ਲੋੜ ਹੈ।