ਬਾਬਾ ਫ਼ਰੀਦ ਗਰੁੱਪ ਵੱਲੋਂ ਕੋਵਿਡ-19 ਅਤੇ ਲਾਕਡਾਊਨ ਰਿਲੀਫ ਪਾਲਿਸੀ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ 15 ਮਈ 2021 - ਕੋਵਿਡ-19 ਮਹਾਂਮਾਰੀ ਫੈਲਣ ਨਾਲ ਦੁਨੀਆ ਭਰ ਦੇ ਲੱਖਾਂ ਲੋਕ ਪ੍ਰਭਾਵਿਤ ਹੋ ਰਹੇ ਹਨ। ਇਸ ਵਿਸ਼ਵ ਵਿਆਪੀ ਸੰਕਟ ਦੀ ਘੜੀ ਵਿੱਚ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ (ਬੀ.ਐਫ.ਜੀ.ਆਈ.), ਬਠਿੰਡਾ ਨੇ ਆਪਣੀ ਸਮਾਜਿਕ ਅਤੇ ਨੈਤਿਕ ਜ਼ਿੰਮੇਵਾਰੀ ਨੂੰ ਸਮਝਦਿਆਂ ਵਿਸ਼ੇਸ਼ ਤੌਰ ’ਤੇ ਕੋਵਿਡ-19 ਰਿਲੀਫ ਪਾਲਿਸੀ ਅਤੇ ਲਾਕਡਾਊਨ ਰਿਲੀਫ ਪਾਲਿਸੀ ਸ਼ੁਰੂ ਕੀਤੀ ਹੈ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਨਾਂ ਪਾਲਿਸੀਆਂ ਦਾ ਐਲਾਨ ਕਰਨ ਮੌਕੇ ਦੱਸਿਆ ਕਿ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਲੋੜ ਪੈਣ ‘ਤੇ ਹਮੇਸ਼ਾ ਸਮਾਜ ਸੇਵਾ ਲਈ ਮੋਹਰੀ ਭੂਮਿਕਾ ਨਿਭਾਈ ਹੈ। ਸੰਸਥਾ ਦਾ ਸੋਸ਼ਲ ਵੈੱਲਫੇਅਰ ਵਿਭਾਗ ਪਿਛਲੇ ਇੱਕ ਦਹਾਕੇ ਤੋਂ ਲਗਾਤਾਰ ਸਮਾਜ ਦੀ ਭਲਾਈ ਦੇ ਖੇਤਰ ਵਿੱਚ ਕਾਰਜਸ਼ੀਲ ਹੈ।
ਬੀ.ਐਫ.ਜੀ.ਆਈ. ਨੇ ਇਨਾਂ ਯੋਧਿਆਂ ਦੇ ਸਨਮਾਨ ਵਿੱਚ ਇੱਕ ਨਿਮਾਣਾ ਜਿਹਾ ਉਪਰਾਲਾ ਕਰਦਿਆਂ ਇਨਾਂ ਪਹਿਲੀ ਕਤਾਰ ਦੇ ਯੋਧਿਆਂ ਦੇ ਬੱਚਿਆਂ ਲਈ ਕੋਵਿਡ-19 ਰਿਲੀਫ ਪਾਲਿਸੀ ਤਹਿਤ ਵਿਸ਼ੇਸ਼ ਸਕਾਲਰਸ਼ਿਪ ਦੇਣ ਦਾ ਐਲਾਨ ਕੀਤਾ ਹੈ ਜਿਸ ਅਨੁਸਾਰ ਕੋਵਿਡ-19 ਮਹਾਂਮਾਰੀ (ਕੋਰੋਨਾ ਵਾਇਰਸ) ਦਾ ਸਾਹਮਣਾ ਕਰਦਿਆਂ ਆਪਣੀਆਂ ਜਾਨਾਂ ਗਵਾਉਣ ਵਾਲੇ ਇਨਾਂ ਯੋਧਿਆਂ ਦੇ ਬੱਚਿਆਂ ਨੂੰ ਪੂਰੇ ਕੋਰਸ (ਸਾਰੇ ਸਮੈਸਟਰਾਂ) ਦੀ ਅਕਾਦਮਿਕ ਫ਼ੀਸ ‘ਤੇ 100% ਸਕਾਲਰਸ਼ਿਪ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਤੋਂ ਪੀੜਤ ਹੋ ਕੇ ਆਪਣੀ ਜਾਨ ਤੋਂ ਹੱਥ ਧੋ ਚੁੱਕੇ ਮਾਪਿਆਂ ਦੇ ਬੱਚਿਆਂ ਨੂੰ ਵੀ ਪੂਰੇ ਕੋਰਸ (ਸਾਰੇ ਸਮੈਸਟਰਾਂ) ਦੀ ਅਕਾਦਮਿਕ ਫ਼ੀਸ ‘ਤੇ 50% ਸਕਾਲਰਸ਼ਿਪ ਦਿੱਤੀ ਜਾਵੇਗੀ।
ਇਸੇ ਤਰਾਂ 18+ ਸਾਲ ਦੇ ਵਿਦਿਆਰਥੀਆਂ ਨੂੰ ਕੋਰੋਨਾ ਵੈਕਸੀਨੇਸ਼ਨ ਲਗਵਾਉਣ ਲਈ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਬੀ.ਐਫ.ਜੀ.ਆਈ. ਵੱਲੋਂ ਕੋਰੋਨਾ-19 ਰਿਲੀਫ ਪਾਲਿਸੀ ਤਹਿਤ ਵਿਸ਼ੇਸ਼ ਪੇਸ਼ਕਸ਼ ਕੀਤੀ ਗਈ ਹੈ ਜਿਸ ਅਨੁਸਾਰ ਬੀ.ਐਫ.ਜੀ.ਆਈ. ਵਿਖੇ ਚੱਲ ਰਹੇ 50 ਤੋਂ ਵਧੇਰੇ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕੋਰਸਾਂ ਵਿੱਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਟੀਕਾਕਰਨ ਦਾ ਸਬੂਤ ਪੇਸ਼ ਕਰਨ ‘ਤੇ 1000/- ਰੁਪਏ ਦੀ ਸਕਾਲਰਸ਼ਿਪ ਦਿੱਤੀ ਜਾਵੇਗੀ। ਕੋਵਿਡ-19 ਮਹਾਂਮਾਰੀ ਦੇ ਇਸ ਸੰਕਟਮਈ ਸਮੇਂ ਵਿੱਚ ਚਲ ਰਹੇ ਲਾਕਡਾਊਨ ਦੌਰਾਨ ਸਾਰੇ ਵਿਦਿਆਰਥੀ ਅਤੇ ਹਰ ਵਰਗ ਦੇ ਲੋਕ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਭਾਵਿਤ ਹੋਏ ਹਨ।
ਇਸ ਲਈ ਲਾਕਡਾਊਨ ਤੋਂ ਪ੍ਰਭਾਵਿਤ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵੀ ਵਿਸ਼ੇਸ਼ ਰਾਹਤ ਦੇਣ ਦੇ ਉਦੇਸ਼ ਨਾਲ ਬੀ.ਐਫ.ਜੀ.ਆਈ. ਵੱਲੋਂ ਲਾਕਡਾਊਨ ਰਿਲੀਫ ਪਾਲਿਸੀ ਦਾ ਐਲਾਨ ਕੀਤਾ ਗਿਆ ਹੈ ਜਿਸ ਤਹਿਤ ਕਿ ਬੀ.ਟੈੱਕ ਕੋਰਸ ਵਿੱਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ 1 ਲੱਖ ਰੁਪਏ ਦੀ ਸਕਾਲਰਸ਼ਿਪ ਦਿੱਤੀ ਜਾਵੇਗੀ ਜਦੋਂ ਕਿ ਯੂ.ਜੀ. ਅਤੇ ਪੀ.ਜੀ. ਕੋਰਸਾਂ ਵਿੱਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਪਹਿਲੇ ਸਮੈਸਟਰ ਦੀ ਅਕਾਦਮਿਕ ਫ਼ੀਸ ’ਤੇ 50 ਫ਼ੀਸਦੀ ਸਕਾਲਰਸ਼ਿਪ ਦਿੱਤੀ ਜਾਵੇਗੀ। ਇਸ ਤੋਂ ਇਲਾਵਾ 10+1 ਜਾਂ 10+2 ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਵੀ ਪਹਿਲੇ ਸਮੈਸਟਰ ਦੀ ਅਕਾਦਮਿਕ ਫ਼ੀਸ ’ਤੇ 50% ਸਕਾਲਰਸ਼ਿਪ ਦਿੱਤੀ ਜਾਵੇਗੀ ।
ਇਥੇ ਇਹ ਵੀ ਦੱਸਣਯੋਗ ਹੈ ਕਿ ਬੀ.ਐਫ.ਜੀ.ਆਈ. ਨੇ ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਉਨਾਂ ਦੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਪ੍ਰਦਾਨ ਕਰਨ ਦਾ ਵੀ ਐਲਾਨ ਕੀਤਾ ਹੋਇਆ ਹੈ। ਕੋਵਿਡ-19 ਮਹਾਂਮਾਰੀ ਦੇ ਇਸ ਔਖੇ ਸਮੇਂ ਵਿੱਚ ਵੀ ਬੀ.ਐਫ.ਜੀ.ਆਈ. ਵੱਲੋਂ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਕੋਰੋਨਾ ਯੋਧਿਆਂ ਅਤੇ ਕੋਰੋਨਾ ਪੀੜਤਾਂ ਦੇ ਬੱਚਿਆਂ ਨੂੰ ਵਿਸ਼ੇਸ਼ ਰਾਹਤ ਦੇਣ ਲਈ ਅਤੇ ਵੈਕਸੀਨੇਸ਼ਨ ਲਗਵਾਉਣ ਵਾਲੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ।
ਉਨਾਂ ਕਿਹਾ ਕਿ ਵਾਰ ਵਾਰ ਲਾਕਡਾਊਨ ਹੋਣ ਕਰ ਕੇ ਹਰ ਵਰਗ ਆਰਥਿਕ ਪੱਖੋਂ ਵੀ ਬਹੁਤ ਪ੍ਰਭਾਵਿਤ ਹੋਇਆ ਹੈ ਜਿਸ ਲਈ ਲਾਕਡਾਊਨ ਰਿਲੀਫ ਪਾਲਿਸੀ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਸਕਾਲਰਸ਼ਿਪ ਦੇ ਰੂਪ ਵਿੱਚ ਪ੍ਰਭਾਵਿਤ ਵਿਦਿਆਰਥੀਆਂ ਨੂੰ ਕੁੱਝ ਰਾਹਤ ਦਿੱਤੀ ਜਾ ਸਕੇ। ਇਸ ਦੇ ਨਾਲ ਹੀ ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਬੱਚਿਆਂ ਨੂੰ ਅਤੇ ਐਸ.ਸੀ. ਵਿਦਿਆਰਥੀਆਂ ਨੂੰ 100 ਫ਼ੀਸਦੀ ਸ਼ਕਾਲਰਸ਼ਿਪ ਦਿੱਤੀ ਜਾ ਰਹੀ ਹੈ। ਵਰਨਣਯੋਗ ਹੈ ਕਿ ਇਸ ਸੰਕਟਮਈ ਮਾਹੌਲ ਵਿੱਚ ਜਦੋਂ ਪੂਰਾ ਦੇਸ਼ ਇਸ ਭਿਆਨਕ ਮਹਾਂਮਾਰੀ ਨਾਲ ਲੜਾਈ ਲੜ ਰਿਹਾ ਹੈ ਤਦ ਅੱਗੇ ਹੋ ਕੇ ਲੜਨ ਵਾਲੇ ਕੋਵਿਡ-19 ਦੇ ਯੋਧੇ ਜਿਵੇਂ ਡਾਕਟਰ, ਨਰਸਾਂ, ਪੈਰਾ ਮੈਡੀਕਲ ਸਟਾਫ਼, ਸੈਨੀਟੇਸ਼ਨ ਕਾਮੇ, ਪੁਲਿਸ ਮੁਲਾਜ਼ਮ ਅਤੇ ਮੀਡੀਆ ਕਰਮਚਾਰੀ ਆਦਿ ਆਪਣੀਆਂ ਕੀਮਤੀ ਜਾਨਾਂ ਨੂੰ ਖ਼ਤਰੇ ਵਿੱਚ ਪਾ ਕੇ ਸਾਨੂੰ ਬਚਾਉਣ ਲਈ ਹਰ ਸੰਭਵ ਉਪਰਾਲੇ ਕਰ ਰਹੇ ਹਨ।