ਅਮਰੀਕਾ: ਕੋਲੰਬਸ ਸ਼ਹਿਰ ਪ੍ਰਸ਼ਾਸਨ, ਪੁਲਿਸ ਕੋਲੋਂ ਮਰੇ ਕਾਲੇ ਮੂਲ ਦੇ ਆਦਮੀ ਦੇ ਪਰਿਵਾਰ ਨੂੰ 10 ਮਿਲੀਅਨ ਡਾਲਰ ਦੇਣ ਲਈ ਸਹਿਮਤ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 15 ਮਈ 2021 - ਅਮਰੀਕਾ ਦੇ ਕੋਲੰਬਸ ਸ਼ਹਿਰ ਦੁਆਰਾ, ਦਸੰਬਰ ਵਿੱਚ ਸਾਬਕਾ ਪੁਲਿਸ ਅਧਿਕਾਰੀ ਐਡਮ ਕੋਏ ਦੁਆਰਾ ਮਰਨ ਵਾਲੇ ਕਾਲੇ ਮੂਲ ਦੇ ਨਿਹੱਥੇ ਵਿਅਕਤੀ ਆਂਦਰੇ ਹਿੱਲ ਦੇ ਪਰਿਵਾਰ ਨੂੰ 10 ਮਿਲੀਅਨ ਡਾਲਰ ਦਾ ਭੁਗਤਾਨ ਕਰਨ ਲਈ ਸਹਿਮਤੀ ਦਿੱਤੀ ਗਈ ਹੈ। ਇਸ ਸਹਿਮਤੀ ਦੀ ਘੋਸ਼ਣਾ ਸਿਟੀ ਅਟਾਰਨੀ ਜ਼ੈਚ ਕਲੇਨ ਦੁਆਰਾ ਸ਼ੁੱਕਰਵਾਰ ਨੂੰ ਆਂਦਰੇ ਹਿੱਲ ਦੇ ਪਰਿਵਾਰ ਨਾਲ ਕੀਤੀ ਗਈ ਹੈ।
ਇਸਦੇ ਨਾਲ ਹੀ ਸ਼ਹਿਰ ਨੇ ਬ੍ਰੈਂਟਲ ਕਮਿਊਨਿਟੀ ਸੈਂਟਰ ਦੇ ਅੰਦਰ ਸਥਿਤ ਜਿਮ ਦਾ ਨਾਮ ਬਦਲਣ ਲਈ ਵੀ ਸਹਿਮਤੀ ਜਤਾਈ ਹੈ, ਜਿੱਥੇ ਕਿ ਹਿੱਲ ਅਕਸਰ ਹੁੰਦਾ ਸੀ। ਇਸਦਾ ਨਾਮ ਬਦਲ ਕੇ ਆਂਦਰੇ ਹਿੱਲ ਜਿਮਨੇਜ਼ੀਅਮ 2021 ਦੇ ਅੰਤ ਤੱਕ ਰੱਖਿਆ ਜਾਵੇਗਾ। ਜਿਕਰਯੋਗ ਹੈ ਕਿ 47 ਸਾਲਾਂ ਹਿੱਲ 22 ਦਸੰਬਰ ਨੂੰ ਸਵੇਰੇ 2 ਵਜੇ ਦੇ ਕਰੀਬ ਉੱਤਰ ਪੱਛਮੀ ਕੋਲੰਬਸ ਵਿੱਚ ਇੱਕ ਘਰ ਦੇ ਗੈਰੇਜ ਤੋਂ ਬਾਹਰ ਆ ਰਿਹਾ ਸੀ ਜਦੋਂ ਕੋਲੰਬਸ ਦੇ ਪੁਲਿਸ ਅਧਿਕਾਰੀ ਐਡਮ ਕੋਏ ਨੇ ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਉਸ ਵੇਲੇ ਪੁਲਿਸ ਨੇ ਕਿਸੇ ਵਾਹਨ ਦੇ ਚਾਲੂ ਅਤੇ ਬੰਦ ਹੋਣ ਬਾਰੇ ਸੂਚਨਾ ਮਿਲਣ 'ਤੇ ਕਾਰਵਾਈ ਕੀਤੀ ਸੀ।
ਗੋਲੀ ਚੱਲਣ ਤੋਂ ਤਕਰੀਬਨ 30 ਮਿੰਟ ਬਾਅਦ ਹਸਪਤਾਲ ਵਿੱਚ ਆਂਦਰੇ ਦੀ ਮੌਤ ਹੋ ਗਈ ਸੀ। ਇਸ ਗੋਲੀ ਕਾਂਡ ਤੋਂ ਇੱਕ ਹਫਤੇ ਦੇ ਅੰਦਰ ਕੋਏ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ ਅਤੇ ਉਸ ਤੋਂ ਬਾਅਦ ਉਸਨੂੰ ਕਤਲ, ਹਮਲੇ ਅਤੇ ਲਾਪ੍ਰਵਾਹੀ ਨਾਲ ਕਤਲ ਦੇ ਦੋਸ਼ਾਂ ਤਹਿਤ ਦੋਸ਼ੀ ਠਹਿਰਾਇਆ ਗਿਆ ਹੈ। ਹਾਲਾਂਕਿ ਉਹ ਇੱਕ ਮਿਲੀਅਨ ਡਾਲਰ ਦੇ ਬਾਂਡ ਪੋਸਟ ਕਰਨ ਤੋਂ ਬਾਅਦ ਆਜ਼ਾਦ ਹੈ।ਮੇਅਰ ਐਂਡਰਿਊ ਜੇ ਗਿੰਥਰ ਨੇ ਕਿਹਾ ਹੈ ਕਿ ਗੋਲੀਬਾਰੀ ਦੇ ਨਤੀਜੇ ਵਜੋਂ ਕੋਲੰਬਸ ਪੁਲਿਸ ਦੁਆਰਾ ਵਰਤੇ ਗਏ ਬਾਡੀ ਕੈਮਰਿਆਂ ਨੂੰ ਵੀ ਅਪਗ੍ਰੇਡ ਕੀਤਾ ਜਾਵੇਗਾ ਅਤੇ ਹੁਣ ਇਸ ਸਮਝੌਤੇ ਨੂੰ ਸਿਟੀ ਕੌਂਸਲ ਦੁਆਰਾ ਮਨਜ਼ੂਰੀ ਦੇਣੀ ਪਵੇਗੀ।