ਕੈਲੀਫੋਰਨੀਆ ਦੇ ਵਾਈਸਾਲੀਆ ਵਿੱਚ ਔਰਤ ਨੂੰ ਚਾਕੂ ਨਾਲ ਮਾਰਨ ਵਾਲੇ ਹਮਲਾਵਰ ਦੀ ਹੋਈ ਪਛਾਣ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 15 ਮਈ 2021 - ਫਰਿਜ਼ਨੋ ਦੇ ਲਾਗਲੇ ਸ਼ਹਿਰ ਵਾਈਸਾਲੀਆ ਵਿੱਚ ਇੱਕ ਮਹਿਲਾ ਨੂੰ ਬੁੱਧਵਾਰ ਨੂੰ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੇ ਸੰਬੰਧ ਵਿੱਚ ਵਾਈਸਾਲੀਆ ਪੁਲਿਸ ਨੇ ਹਮਲਾਵਰ ਸ਼ੱਕੀ ਵਿਅਕਤੀ ਦੀ ਪਛਾਣ 22 ਸਾਲਾਂ ਸਵਰਨਦੀਪ ਬਸਰਾ ਵਜੋਂ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕਾ ਨਾਲ ਝਗੜੇ ਦੌਰਾਨ ਮਿਲੇ ਜ਼ਖਮਾਂ ਕਾਰਨ ਬਸਰਾ ਹਾਲੇ ਵੀ ਹਸਪਤਾਲ ਵਿੱਚ ਹਿਰਾਸਤ ਅਧੀਨ ਹੈ। ਇਸ ਕੇਸ ਵਿੱਚ ਪੁਲਿਸ ਨੇ ਮ੍ਰਿਤਕਾ ਦੀ ਪਛਾਣ ਬਸਰਾ ਦੀ 39 ਸਾਲਾਂ ਭਰਜਾਈ ਮਨਦੀਪ ਬਸਰਾ ਵਜੋਂ ਵੀ ਕੀਤੀ ਹੈ, ਜਿਸਨੂੰ ਮੈਂਡੀ ਵਜੋਂ ਵੀ ਜਾਣਿਆ ਜਾਂਦਾ ਸੀ।
ਫਾਈਨੈਂਸੀਅਲ ਇੰਡਸਟਰੀ ਵਿੱਚ ਕੰਮ ਕਰਨ ਵਾਲੀ ਮਨਦੀਪ ਵਾਈਸਾਲੀਆ ਚੈਂਬਰ ਆਫ ਕਾਮਰਸ ਵਿੱਚ ਵੀ ਸ਼ਾਮਿਲ ਸੀ। ਵਾਈਸਾਲੀਆ ਚੈਂਬਰ ਦੇ ਮੌਜੂਦਾ ਬੋਰਡ ਪ੍ਰਧਾਨ ਕਾਰਲੋਸ ਮੈਂਡੋਜ਼ਾ ਨੇ ਮੈਂਡੀ ਦੀ ਮੌਤ 'ਤੇ ਬਹੁਤ ਸੋਗ ਪ੍ਰਗਟ ਕੀਤਾ ਹੈ। ਉਸਨੇ ਆਖਰੀ ਵਾਰ ਤੁਲਾਰੇ ਕਿੰਗਜ਼ ਹਿਸਪੈਨਿਕ ਚੈਂਬਰ ਆਫ ਕਾਮਰਸ ਲਈ ਜ਼ੂਮ ਕਾਲ 'ਤੇ ਮੈਂਡੀ ਨਾਲ ਗੱਲ ਕੀਤੀ ਸੀ।
ਮੈਂਡੋਜ਼ਾ ਅਨੁਸਾਰ ਮੈਂਡੀ ਨੇ ਚੈਂਬਰ ਅੰਬੈਸਡਰ ਵਜੋਂ ਆਪਣੀ ਭੂਮਿਕਾ ਨੂੰ ਬਾਖੂਬੀ ਨਿਭਾਇਆ ਹੈ, ਜਿਸ ਵਿੱਚ ਪ੍ਰਮੁੱਖ ਪ੍ਰੋਗਰਾਮ ਜਿਵੇਂ ਕਿ ਰਿਬਨ ਕਟਿੰਗਜ਼ ਅਤੇ ਮਿਕਸਰ ਆਦਿ ਸ਼ਾਮਿਲ ਸਨ।ਵਾਈਸਾਲੀਆ ਚੈਂਬਰ ਆਫ ਕਾਮਰਸ ਦੇ ਸੀ ਈ ਓ ਗੇਲ ਜੁਰੇਕ ਨੇ ਵੀ ਮੈਂਡੀ ਬਸਰਾ ਨੂੰ ਸਾਰਿਆਂ ਦੀ ਹਰਮਨ ਪਿਆਰੀ ਦੱਸਿਆ ਹੈ ਜੋ ਕਿ ਕਮਿਊਨਿਟੀ ਵਿੱਚ ਛੋਟੇ ਕਾਰੋਬਾਰਾਂ ਨੂੰ ਵਧਾਉਣ ਵਿੱਚ ਸਹਾਇਤਾ ਲਈ ਵਲੰਟੀਅਰ ਪ੍ਰੋਗਰਾਮਾਂ ਵਿੱਚ ਅੱਗੇ ਰਹਿੰਦੀ ਸੀ। ਇਸ ਮਾਮਲੇ ਵਿੱਚ ਸਵਰਨਦੀਪ ਬਸਰਾ 'ਤੇ ਅਜੇ ਤੱਕ ਕੋਈ ਜੁਰਮ ਦਾ ਦੋਸ਼ ਨਹੀਂ ਲਗਾਇਆ ਗਿਆ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਮਾਮਲਾ ਅਜੇ ਜਾਂਚ ਅਧੀਨ ਹੈ।