ਕੈਲੀਫੋਰਨੀਆ ਦੇ ਵੈਨਡੇਨਬਰਗ ਏਅਰ ਫੋਰਸ ਬੇਸ ਦਾ ਨਾਮ ਬਦਲ ਕੇ ਸਪੇਸ ਫੋਰਸ ਬੇਸ ਰੱਖਿਆ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 15 ਮਈ 2021 - ਕੈਲੀਫੋਰਨੀਆ ਦੇ ਵੈਨਡੇਨਬਰਗ ਏਅਰਫੋਰਸ ਬੇਸ ਦਾ ਨਾਮ ਸ਼ੁੱਕਰਵਾਰ ਨੂੰ ਬਦਲ ਕੇ ਯੂ ਐੱਸ ਸਪੇਸ ਫੋਰਸ ਬੇਸ ਰੱਖਿਆ ਗਿਆ ਹੈ। ਇਸ ਬੇਸ ਦਾ ਨਾਮ ਬਦਲਣ ਦੀ ਕਾਰਵਾਈ ਬੇਸ ਦੇ ਪਰੇਡ ਮੈਦਾਨ ਵਿੱਚ ਦੁਪਹਿਰ ਦੇ ਇੱਕ ਸਮਾਰੋਹ ਦੌਰਾਨ ਕੀਤੀ ਗਈ ਅਤੇ ਇਸਦਾ ਨਾਮ ਬਦਲ ਕੇ ਵੈਨਡੇਨਬਰਗ ਸਪੇਸ ਫੋਰਸ ਬੇਸ ਰੱਖ ਦਿੱਤਾ ਗਿਆ । ਇਹ ਬੇਸ ਡਿਫੈਂਸ, ਸਾਇੰਸ ਅਤੇ ਕਮਰਸ਼ੀਅਲ ਉਦੇਸ਼ਾਂ ਲਈ ਬੈਲਿਸਟਿਕ ਮਿਜ਼ਾਈਲਾਂ ਨੂੰ ਟੈਸਟ ਕਰਨ ਦੇ ਨਾਲ ਓਰਬਿਟਲ ਵੀ ਲਾਂਚ ਕਰਦਾ ਹੈ।
ਇਸ ਸਪੇਸ ਫੋਰਸ ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਦੌਰਾਨ 2019 ਵਿੱਚ ਛੇਵੀਂ ਸੈਨਿਕ ਸ਼ਾਖਾ ਦੇ ਰੂਪ ਵਿੱਚ ਬਣਾਇਆ ਗਿਆ ਸੀ। ਇਸ ਵਿੱਚ ਏਅਰਫੋਰਸ ਸਪੇਸ ਕਮਾਂਡ ਨੂੰ ਸੌਂਪੇ ਗਏ ਕਰਮਚਾਰੀਆਂ ਨੂੰ ਮੁੜ ਸਪੇਸ ਫੋਰਸ ਨੂੰ ਸੌਂਪਿਆ ਗਿਆ ਹੈ। ਇਸ ਸੰਬੰਧੀ ਸਪੇਸ ਫੋਰਸ ਦੀ ਸਥਾਪਨਾ ਲਈ ਹਵਾਈ ਫੌਜ ਦੀਆਂ ਕਿਰਿਆਵਾਂ ਦਾ ਮੁੜ ਡਿਜ਼ਾਇਨ ਕਰਨਾ ਸਪੇਸ ਫੋਰਸ ਲਈ ਇਕ ਵੱਖਰਾ ਸਭਿਆਚਾਰ ਅਤੇ ਪਛਾਣ ਸਥਾਪਿਤ ਕਰਨ ਲਈ ਮਹੱਤਵਪੂਰਨ ਹੈ।
ਇਸਦੇ ਇਲਾਵਾ ਵੈਨਡੇਨਬਰਗ ਦੀ ਹੋਸਟ ਇਕਾਈ 30 ਵੀਂ ਸਪੇਸ ਵਿੰਗ ਨੂੰ ਵੀ ਸਪੇਸ ਲਾਂਚ ਡੈਲਟਾ 30 ਦਾ ਨਾਮ ਦਿੱਤਾ ਜਾ ਰਿਹਾ ਹੈ। ਵੈਨਡੇਨਬਰਗ ਦੀ ਅਸਲ ਵਿੱਚ 1941 ਵਿੱਚ ਟੈਂਕ, ਅਤੇ ਤੋਪਖਾਨਾ ਆਦਿ ਦੀ ਸਿਖਲਾਈ ਲਈ ਇੱਕ ਸੈਨਾ ਦੀ ਚੌਕੀ ਕੈਂਪ ਵਜੋਂ ਸਥਾਪਨਾ ਕੀਤੀ ਗਈ ਸੀ। ਇਸ ਦੀ ਖੇਤਰੀ ਸਥਿਤੀ ਨੇ ਇਸ ਨੂੰ ਮਿਜ਼ਾਈਲ ਪ੍ਰੀਖਿਆਵਾਂ ਅਤੇ ਆਰਬਿਟ ਲਾਂਚ ਕਰਨ ਲਈ ਢੁੱਕਵਾਂ ਬਣਾਇਆ ਹੈ।