ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦਾ ਅਕਾਲ ਚਲਾਣਾ ,ਦਿਲ ਦੇ ਦੌਰੇ ਨਾਲ ਹੋਈ ਮੌਤ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਅਕਾਲ ਚਲਾਣੇ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਦੇ ਚਲਾਣੇ ਨਾਲ ਸਿੱਖ ਕੌਮ ਗੁਰਬਾਣੀ ਵਿਆਕਰਣ ਦੇ ਗਿਆਤਾ ਤੋਂ ਵਾਂਝੀ ਹੋ ਗਈ ਹੈ। ਜਥੇਦਾਰ ਵੇਦਾਂਤੀ ਨੇ ਸਿੱਖ ਪੰਥ ਦੀ ਮਹਾਨ ਸ਼ਖਸੀਅਤ ਸਨ, ਉਨ੍ਹਾਂ ਦੇ ਚਲਾਣਾ ਕਰ ਜਾਣ ਨਾਲ ਸਿੱਖ ਜਗਤ ਅੰਦਰ ਖ਼ਲਾਅ ਪੈਦਾ ਹੋ ਗਿਆ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਖਿਆ ਕਿ ਜਥੇਦਾਰ ਵੇਦਾਂਤੀ ਨੇ ਸਾਰੀ ਉਮਰ ਗੁਰਬਾਣੀ ਵਿਆਕਰਨ ਦੇ ਪ੍ਰਚਾਰ ਪ੍ਰਸਾਰ ਵਿੱਚ ਲਗਾਈ ਅਤੇ ਕਈ ਨਵੇਂ ਸਿਖਿਆਰਥੀਆਂ ਨੂੰ ਗੁਰਬਾਣੀ ਦੀਆਂ ਗੁਝੇ ਭੇਦਾਂ ਦੀ ਵਿਆਖਿਆ ਸਬੰਧੀ ਜਾਣਕਾਰੀ ਦਿੱਤੀ। ਅੱਜ ਉਹਨਾਂ ਦੇ ਚਲਾਣੇ ਨਾਲ ਸਿੱਖ ਜਗਤ ਅੰਦਰ ਸੋਗ ਦੀ ਲਹਿਰ ਹੈ ਅਤੇ ਜਥੇਦਾਰ ਵੇਦਾਂਤੀ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ।
ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਸੁਰਜੀਤ ਸਿੰਘ ਭਿਟੇਵਿੰਡ, ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ, ਜਨਰਲ ਸਕੱਤਰ ਸਰਦਾਰ ਭਗਵੰਤ ਸਿੰਘ ਸਿਆਲਕਾ ਅਤੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਦੇ ਅਕਾਲ ਚਲਾਣੇ ਤੇ ਅਫਸੋਸ ਪ੍ਰਗਟ ਕੀਤਾ ਹੈ।