ਮਾਮਲਾ ਸੀ ਆਈ ਏ ਸਟਾਫ ਦੇ 2 ਏਐਸਆਈਜ਼ ਦੇ ਕਤਲਾਂ ਦਾ, ਫਰੀਦਕੋਟ ਦੇ ਜ਼ਿਮੀਂਦਾਰ ਦੀ ਕਾਰ ਦਾ ਨੰਬਰ ਲਾਇਆ ਸੀ ਕਾਤਲਾਂ ਨੇ
ਦੀਪਕ ਜੈਨ
ਜਗਰਾਓਂ, 16 ਮਈ 2021 - 15 ਮਈ ਦੀ ਸ਼ਾਮ ਨੂੰ ਜਗਰਾਓਂ ਦੀ ਦਾਣਾ ਮੰਡੀ ਵਿਖੇ ਦੋ ਏਐਸਆਈਜ਼ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕਰਨ 'ਤੇ ਪਾਇਆ ਗਿਆ ਕਿ ਗੱਡੀ ਦਾ ਨੰਬਰ ਫਰੀਦਕੋਟ ਦੇ ਜ਼ਿਮੀਂਦਾਰ ਦੀ ਮਰਸੀਡੀਜ਼ ਕਾਰ ਦਾ ਸੀ। ਪੁਲਿਸ ਵਲੋਂ ਇਸ ਮਾਮਲੇ ਨੂੰ ਮੋਗਾ, ਫਰੀਦਕੋਟ ਅਤੇ ਫਿਰੋਜ਼ਪੁਰ ਨਾਲ ਜੋੜਿਆ ਜਾ ਰਿਹਾ ਹੈ ਅਤੇ ਪੁਲਿਸ ਵਲੋਂ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਨਾਲ ਮਿਲਕੇ ਓਪਰੇਸ਼ਨ ਚਲਾਇਆ ਜਾ ਰਿਹਾ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦੀ ਹੀ ਪੁਲਿਸ ਕਾਤਲਾਂ ਨੂੰ ਗ੍ਰਿਫਤਾਰ ਕਰ ਲਵੇਗੀ। ਜਾਣਕਾਰੀ ਅਨੁਸਾਰ ਏਐਸਆਈ ਦਲਵਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਮੰਡੀ ਵਿਚ ਨਸ਼ੇ ਦੀ ਖੇਪ ਆਈ ਹੈ ਅਤੇ ਜਦੋ ਪੁਲਿਸ ਵਾਲੇ ਚੈਕਿੰਗ ਕਰਨ ਪੁੱਜੇ ਤਾਂ ਕਾਤਲਾਂ ਵਲੋਂ ਦੋਹਾਂ ਏਐਸਆਈਜ਼ ਨੂੰ ਗੋਲੀ ਮਾਰ ਦਿੱਤੀ ਗਈ। ਮੰਡੀ ਵਿਚ ਜਿਸ ਸਮੇ ਘਟਨਾ ਹੋਈ ਓਦੋਂ ਕੁਝ ਨੌਜਵਾਨ ਕ੍ਰਿਕਟ ਖੇਡ ਰਹੇ ਸਨ ਅਤੇ ਗੋਲੀਆਂ ਦੀ ਅਵਾਜ ਸੁਣਕੇ ਉਹਨਾਂ ਵਲੋਂ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਗਈ।
ਪੁਲਿਸ ਨੂੰ ਮੋਗਾ ਰੋਡ ਢਾਬੇ ਤੋਂ ਟਰੱਕ ਬਰਾਮਦ ਕਰ ਲਿਆ ਗਿਆ ਹੈ ਜਦੋਂ ਉਸਦੇ ਕਾਗਜਾਤ ਚੈਕ ਕੀਤੇ ਗਏ ਤਾਂ ਉਹ ਮੋਗਾ ਦੇ ਪਿੰਡ ਡੱਲਾ ਦੇ ਇਕ ਵਿਅਕਤੀ ਦੇ ਨਾਮ 'ਤੇ ਸੀ ਜੋ ਕਿ ਉਸਨੂੰ ਪਹਿਲਾਂ ਵੇਚ ਚੁੱਕਾ ਸੀ ਅਤੇ ਬਾਅਦ ਵਿਚ ਵੀ ਇਹ ਟਰੱਕ ਕਈ ਬਾਰ ਵਿਕਿਆ ਸੀ। ਪੁਲਿਸ ਨੂੰ ਛਾਣਬੀਣ ਦੌਰਾਨ ਟਰੱਕ 'ਚੋਂ ਕੱਪੜੇ ਮਿਲੇ ਹਨ।