ਜਗਦੀਸ਼ ਥਿੰਦ
ਫਾਜਿਲਕਾ 16 ਮਈ ,
ਅੱਜ ਰਾਸ਼ਟਰੀ ਡੇਂਗੂ ਦਿਵਸ 16 ਮਈ ਦੇ ਮੌਕੇ ਤੇ ਮਾਨਯੋਗ ਸਿਹਤ ਮੰਤਰੀ ਪੰਜਾਬ ਸ ਬਲਬੀਰ ਸਿੰਘ ਸਿੱਧੂ ਜੀ ਦੀ ਯੋਗ ਅਗਵਾਈ ਵਿਚ ਸਿਵਲ ਸਰਜਨ ਫਾਜਿਲਕਾ ਡਾ ਪਰਮਿੰਦਰ ਜੀ ਨੇ ਲੋਕਾਂ ਨੂੰ ਇਸ ਮਹਾਮਾਰੀ ਵਿਚ ਡੇਂਗੂ ਤੋਂ ਸਾਵਧਾਨ ਰਹਿਣ ਲਈ ਜਾਗਰੂਕ ਕਰਦੇ ਹੋਏ ਕਿਹਾ ਕਿ ਡੇਂਗੂ ਦਾ ਮੱਛਰ ਸਾਫ ਪਾਣੀ ਦੇ ਸੋਮਿਆਂ ਵਿਚ ਪੈਦਾ ਹੁੰਦਾ ਹੈ ਅਤੇ ਇਹ ਸਿਰਫ ਦਿਨ ਵੇਲੇ ਕੱਟਦਾ ਹੈ। ਤੇਜ਼ ਬੁਖਾਰ,ਸਿਰ ਵਿਚ ਦਰਦ, ਮਾਸਪੇਸ਼ੀਆਂ ਵਿਚ ਦਰਦ, ਚਮੜੀ ਤੇ ਦਾਣੇ, ਅੱਖਾਂ ਦੇ ਪਿਛਲੇ ਹਿੱਸੇ ਵਿਚ ਦਰਦ, ਮਸੂੜ੍ਹਿਆਂ ਅਤੇ ਨੱਕ ਵਿੱਚੋਂ ਖ਼ੂਨ ਵਹਿਣਾ ਆਮ ਨਿਸ਼ਾਨੀਆਂ ਹਨ। ਉਪਰੋਕਤ ਨਿਸ਼ਾਨੀਆਂ ਹੋਣ ਤੇ ਫੌਰਨ ਸਰਕਾਰੀ ਹਸਪਤਾਲ ਜਾ ਕੇ ਜਾਂਚ ਕਰਾਉਣੀ ਚਾਹੀਦੀ ਹੈ । ਸਾਰੇ ਸਰਕਾਰੀ ਹਸਪਤਾਲਾਂ ਵਿੱਚ ਟੈਸਟ ਤੇ ਇਲਾਜ਼ ਮੁਫਤ ਕੀਤਾ ਜਾਂਦਾ ਹੈ। ਡੇਂਗੂ ਤੋਂ ਬਚਾਅ ਦੀ ਸ਼ੁਰੂਆਤ ਆਪਣੇ ਘਰ ਤੋਂ ਹੀ ਹੁੰਦੀ ਹੈ। ਕੁਲਰਾਂ, ਗਮਲਿਆਂ ਅਤੇ ਫਰਿੱਜਾਂ ਦੀਆਂ ਟ੍ਰੇਆ ਵਿਚ ਖੜ੍ਹੇ ਪਾਣੀ ਨੂੰ ਇਕ ਵਾਰ ਜ਼ਰੂਰ ਸਾਫ ਕਰੋ ਅਤੇ ਸੁੱਕਾਓ । ਕੱਪੜੇ ਐਹੋ ਜਿਹੇ ਪਾਓ ਜੋ ਸ਼ਰੀਰ ਨੂੰ ਪੂਰਾ ਢੱਕਣ। ਸੌਣ ਵੇਲੇ ਮੱਛਰ ਦਾਨੀ ਜਾ ਮੱਛਰ ਭਜਾਉਣ ਵਾਲੀਆਂ ਕਰੀਮਾਂ ਤੇ ਤੇਲ ਦਾ ਪ੍ਰਯੋਗ ਕਰੀਏ। ਬੁਖਾਰ ਹੋਣ ਤੇ ਸਿਰਫ਼ ਪੈਰਾਸਿੱਟਾਮੋਲ ਹੀ ਲਈ ਜਾਵੇ। ਛੱਤਾਂ ਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਨੂੰ ਢੱਕ ਕੇ ਰੱਖਿਆ ਜਾਵੇ। ਟੁੱਟੇ ਫੁੱਟੇ ਬਰਤਨਾਂ ਤੇ ਟਾਇਰ ਆਦਿ ਨੂੰ ਖੁੱਲ੍ਹੇ ਵਿਚ ਨਾ ਰੱਖਿਆ ਜਾਵੇ। ਪਾਣੀ ਜਾਂ ਤਰਲ ਪਦਾਰਥਾਂ ਦਾ ਸੇਵਨ ਜ਼ਿਆਦਾ ਕੀਤਾ ਜਾਵੇ। ਡਾ ਪਰਮਿੰਦਰ ਨੇ ਦੱਸਿਆ ਕੇ ਡੇਂਗੂ ਦਾ ਮੱਛਰ ਹਫਤੇ ਵਿੱਚ ਅੰਡੇ ਤੋਂ ਪੂਰਾ ਮੱਛਰ ਬਣ ਦਾ ਹੈ। ਇਸ ਲਈ ਫਰਾਈ ਡੇ ਡਰਾਈ ਡੇ ਦੇ ਰੂਪ ਵਿਚ ਮਨਾਇਆ ਜਾਵੇ ਅਤੇ ਓਸ ਦਿਨ ਘਰ ਵਿਚ ਖੜ੍ਹੇ ਪਾਣੀ ਦੇ ਸੋਮਿਆਂ ਨੂੰ ਸਾਫ ਕਰਕੇ ਸੁਕਾ ਕੇ ਰੱਖਿਆ ਜਾਵੇ। ਜਿਲਾ ਏਪੀਡੈਮੀਆਲੋਜੀਸਟ ਡਾ ਅਮਿਤ ਗੁਗਲਾਨੀ ਨੇ ਕਿਹਾ ਕੇ ਘਰ ਬੈਠ ਕੇ ਕਿਸੇ ਵੀ ਤਰ੍ਹਾਂ ਦੇ ਬੁਖਾਰ ਦਾ ਇਲਾਜ਼ ਨਾ ਕੀਤਾ ਜਾਵੇ ਬਲਕਿ ਤੁਰੰਤ ਡਾਕਟਰੀ ਸਹਾਇਤਾ ਲਈ ਜਾਵੇ। ਜਿਲਾ ਮਾਸ ਮੀਡੀਆ ਅਫਸਰ ਅਨਿਲ ਧਾਮੂ ਨੇ ਕਿਹਾ ਕਿ ਅੱਜ ਮਹਾਮਾਰੀ ਦੇ ਜਿਸ ਦੌਰ ਵਿਚੋਂ ਲੰਘ ਰਹੇ ਹਾਂ ਛੋਟੀ ਜਿਹੀ ਗਲਤੀ ਵੀ ਬਹੁਤ ਵੱਡਾ ਨੁਕਸਾਨ ਕਰ ਸਕਦੀ ਹੈ। ਆਓ ਆਪਾਂ ਆਪ ਜਾਗਰੂਕ ਹੋਈਏ ਤੇ ਦੂਸਰਿਆਂ ਨੂੰ ਵੀ ਜਾਗਰੂਕ ਕਰੀਏ। ਅੱਜ ਜਾਗਰੁਕਤਾ ਸਾਡਾ ਸੱਭ ਤੋਂ ਵੱਡਾ ਹਥਿਆਰ ਹੈ ਕਿਸੇ ਵੀ ਬੀਮਾਰੀ ਦੇ ਖਿਲਾਫ਼।