ਭਾਰਤ-ਪਾਕਿ ਸਰਹੱਦ ’ਤੇ ਬੀ.ਐਸ.ਐਫ਼ ਨੇ ਬਰਾਮਦ ਕੀਤੀ ਹੈਰੋਇਨ ਤੇ ਹਥਿਆਰ
ਗੌਰਵ ਮਾਣਿਕ
ਫਿਰੋਜ਼ਪੁਰ/ ਅਬੋਹਰ, 16 ਮਈ 2021-ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਅਜੇ ਵੀ ਬਾਜ਼ ਨਹੀਂ ਆ ਰਿਹਾ ਹੈ। ਪਾਕਿਸਤਾਨ ਵੱਲੋਂ ਲਗਾਤਾਰ ਭਾਰਤ ਵਿੱਚ ਨਸ਼ਾ ਤੇ ਹਥਿਆਰ ਭੇਜਣ ਦਾ ਸਿਲਸਿਲਾ ਜਾਰੀ ਹੈ। ਇਸੇ ਕੜੀ ਨੂੰ ਨਾਕਾਮਯਾਬ ਕਰਦੇ ਹੋਏ ਬੀ.ਐਸ.ਐਫ ਵੱਲੋਂ ਅਬੋਹਰ ਸੈਕਟਰ ਵਿੱਚ ਤਿੰਨ ਪੈਕੇਟ ਹੈਰੋਇਨ, ਜਿਸ ਵਿੱਚ 2 ਕਿੱਲੋ 580 ਗ੍ਰਾਮ ਹੈਰੋਇਨ ਸੀ ਅਤੇ ਇੱਕ ਪਿਸਟਲ ਸਮੇਤ ਮੈਗਜ਼ੀਨ ਬਰਾਮਦ ਕੀਤੀ ਹੈ।
ਬੀ.ਐਸ.ਐਫ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬੀ.ਐਸ.ਐਫ ਨੂੰ ਅਬੋਹਰ ਸੈਕਟਰ ਵਿੱਚ ਪੈਂਦੀ ਭਾਰਤ ਪਾਕਿਸਤਾਨ ਸੀਮਾ ਤੋਂ ਗਸ਼ਤ ਦੌਰਾਨ ਇਹ ਹੈਰੋਇਨ ਦੀ ਖੇਪ ਮਿਲੀ ਹੈ ਅਤੇ ਇਸ ਨਾਲ ਇੱਕ ਪਿਸਟਲ ਅਤੇ ਮੈਗਜ਼ੀਨ ਵੀ ਬਰਾਮਦ ਹੋਇਆ ਹੈ। ਬੀ.ਐਸ.ਐਫ ਵੱਲੋਂ ਲਗਾਤਾਰ ਅਜਿਹੀਆਂ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਨਾਕਾਮ ਕਰਨ ਲਈ ਹਰ ਸਮੇਂ ਚੌਕਸੀ ਵਰਤੀ ਜਾ ਰਹੀ ਹੈ ਜਿਸ ਦੇ ਤਹਿਤ ਹੀ ਇਹ ਬਰਾਮਦਗੀ ਹੋਈ ਹੈ।