ਮੁੱਖ ਮੰਤਰੀ ਮਿਲਾਓ ਪੁੰਨ ਕਮਾਓ ਮੁਹਿੰਮ ਤਹਿਤ ਤਖਤੀਆ ਤੇ ਫਲੈਕਸ ਲੈ ਕੱਚੇ ਮੁਲਾਜ਼ਮਾਂ ਨੇ ਮੋਤੀ ਮਹਿਲ ਵੱਲ ਨੂੰ ਕੀਤਾ ਕੂਚ
- ਮੁਲਾਜ਼ਮ ਮੰਗਾਂ ਤੇ ਮੁੱਖ ਮੰਤਰੀ ਨਾਲ ਮੁਲਾਕਾਤ ਲਈ ਅਨੋਖੀ ਪਹਿਲ
- ਬਜ਼ਾਰਾਂ ਵਿਚ ਮੁੱਖ ਮੰਤਰੀ ਮਿਲਾਓ ਪੁੰਨ ਕਮਾਓ ਦੇ ਪਰਚੇ ਵੰਡ ਆਮ ਲੋਕਾਂ ਨੂੰ ਮੁੱਖ ਮੰਤਰੀ ਨੂੰ ਮਿਲਾਉਣ ਦੀ ਕੀਤੀ ਅਪੀਲ
- 4 ਸਾਲਾਂ ਤੋਂ ਰੈਗੂਲਰ ਨਾ ਕਰਨ ਕਾਰਨ ਖਫਾ ਨੇ ਮੁਲਾਜਮ
- 9 ਜੂਨ ਨੂੰ ਮੁੱਖ ਮੰਤਰੀ ਦੇ ਓ ਐਸ ਡੀ ਐਮ ਪੀ ਸਿੰਘ ਨਾਲ ਮੀਟਿੰਗ ਤੈਅ
- ਮੀਟਿੰਗ ਵਿੱਚ ਮਸਲੇ ਹੱਲ ਨਾ ਹੋਣ ਦੀ ਸੂਰਤ ਵਿੱਚ 11 ਜੂਨ ਨੂੰ ਕੀਤਾ ਜਾਵੇਗਾ ਵੱਡਾ ਐਕਸ਼ਨ
ਪਟਿਆਲਾ, 3 ਜੂਨ 2021 - ਕਾਂਗਰਸ ਪਾਰਟੀ ਦੇ ਸੱਤਾ ਵਿਚ ਆਉਣ ਦੇ ਤਕਰੀਬਨ ਚਾਰ ਸਾਲ ਤੋਂ ਉੱਪਰ ਦਾ ਸਮਾਂ ਬੀਤਣ ਤੇ ਵੀ ਕੱਚੇ ਮੁਲਾਜ਼ਮਾਂ ਦੀਆ ਮੰਗਾਂ ਪੂਰੀਆ ਨਾ ਹੋਣ ਦੇ ਰੋਸ ਵਜੋਂ ਅੱਜ ਮੁਲਾਜ਼ਮਾਂ ਵੱਲੋਂ ਮੁੱਖ ਮੰਤਰੀ ਪੰਜਾਬ ਨਾਲ ਮੁਲਾਕਾਤ ਕਰਨ ਲਈ ਅਨੋਖੀ ਪਹਿਲ ਕੀਤੀ ਗਈ। ਅੱਜ ਮੁਲਾਜ਼ਮਾਂ ਵੱਲੋਂ ਬਾਰਾਦਰੀ ਗਾਰਡਨ ਵਿਚ ਇਕੱਤਰ ਹੋਣ ਉਪਰੰਤ ਸਭ ਤੋਂ ਪਹਿਲਾ ਮੁਲਾਜ਼ਮਾਂ ਦੇ ਪ੍ਰਮੁੱਖ ਆਗੂ ਸੱਜਣ ਸਿੰਘ ਦੇ ਵਿਛੋੜੇ ਤੇ ਦੋ ਮਿੰਟ ਦਾ ਮੋਨ ਰੱਖ ਕੇ ਸਰਧਾਂਜਲੀ ਦਿੱਤੀ।
ਅੱਜ ਮੁੱਖ ਮੰਤਰੀ ਨੂੰ ਮਿਲਣ ਲਈ ਮੁਲਾਜ਼ਮ ਪਟਿਆਲਾ ਵਿਖੇ ਇਕੱਤਰ ਹੋਏ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਨੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ ਪਰ ਚਾਰ ਸਾਲਾਂ ਤੋਂ ਮੁੱਖ ਮੰਤਰੀ ਮੁਲਾਜ਼ਮਾਂ ਨੂੰ ਮਿਲੇ ਹੀ ਨਹੀ ਇਸ ਲਈ ਮੁਲਾਜ਼ਮਾਂ ਵੱਲੋਂ ਮੁੱਖ ਮੰਤਰੀ ਮਿਲਾਓ ਪੁੰਨ ਕਮਾਓ ਦੇ ਪਰਚੇ ਲੈ ਕੇ ਬਜ਼ਾਰਾਂ ਵਿਚ ਮਾਰਚ ਕੀਤਾ ਤੇ ਹਜ਼ਾਰਾਂ ਪਰਚੇ ਵੰਡ ਕੇ ਪਟਿਆਲਾ ਦੇ ਆਮ ਲੋਕਾਂ ਤੇ ਕਾਂਗਰਸੀ ਆਗੂਆ ਨੂੰ ਅਪੀਲ ਕੀਤੀ ਕਿ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਨਾਲ ਮਿਲਵਾਇਆ ਜਾਵੇ। ਆਗੂਆ ਨੇ ਕਿਹਾ ਕਿ ਮੁੱਖ ਮੰਤਰੀ ਦਾ ਜੱਦੀ ਸ਼ਹਿਰ ਪਟਿਆਲਾ ਹੈ ਇਸ ਲਈ ਮੁਲਾਜ਼ਮ ਪਟਿਆਲਾ ਆਏ ਹਨ ਤਾਂ ਕਿ ਹਰ ਵਰਗ ਦੇ ਲੋਕ ਮੁੱਖ ਮੰਤਰੀ ਨੂੰ ਜਾਣਦੇ ਹਨ । ਬਜ਼ਾਰਾਂ ਵਿਚ ਮਾਰਚ ਕਰਦੇ ਹੋਏ ਮੁਲਾਜ਼ਮ ਪਰਚੇ ਲੈ ਕੇ ਮੋਤੀ ਮਹਿਲ ਵੱਲ ਨੂੰ ਵੀ ਵਧੇ। ਮੁਲਾਜ਼ਮਾਂ ਦਾ ਕਹਿਣਾ ਸੀ ਕਿ ਉਹ ਮੁੱਖ ਮੰਤਰੀ ਦੇ ਨਿਵਾਸ ਤੇ ਹਾਜ਼ਰ ਨੁੰਮਾਇੰਦਿਆ ਨੂੰ ਇਹ ਪਰਚੇ ਦੇਣ ਆਏ ਹਨ ਤੇ ਅਪੀਲ ਕਰਨ ਆਏ ਹਨ ਕਿ ਜਲਦ ਹੀ ਮੁੱਖ ਮੰਤਰੀ ਨਾਲ ਮੁਲਾਜ਼ਮਾਂ ਦੀ ਮੁਲਾਕਾਤ ਕਰਵਾਈ ਜਾਵੇ ਅਤੇ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ।ਆਗੂਆ ਨੇ ਕਿਹਾ ਕਿ ਕੋਈ ਵੀ ਪੰਜਾਬ ਦਾ ਵਾਸੀ ਜਾ ਕਾਂਗਰਸੀ ਆਗੂ ਮੁੱਖ ਮੰਤਰੀ ਨੂੰ ਮਿਲਾਏਗਾ ਓਸ ਲਈ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਕਰਮਚਾਰੀ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਜਾ ਮੰਦਰ ਵਿਖੇ ਹਵਨ ਕਰਵਾਉਣਗੇ ਤਾਂ ਜੋ ਮਿਲਵਾਉਣ ਵਾਲੇ ਵਿਅਕਤੀ ਨੂੰ ਪੁੰਨ ਮਿਲੇ।
ਮੁਲਾਜ਼ਮਾਂ ਦੇ ਮਾਰਚ ਨੂੰ ਪ੍ਰਸਾਸ਼ਨ ਵੱਲੋਂ ਫੁਹਾਰਾ ਚੌਕ ਤੇ ਬੈਰੀਕੇਡ ਲਾ ਕੇ ਰੋਕਿਆ ਗਿਆ। ਮੋਕੇ ਤੇ ਪਹੁੰਚੇ ਤਹਿਸੀਲਦਾਰ ਵੱਲੋਂ ਮੁਲਾਜ਼ਮ ਜਥੇਬੰਦੀ ਦੀ ਮੁੱਖ ਮੰਤਰੀ ਦੇ ਓ ਐਸ ਡੀ ਐਮ ਪੀ ਸਿੰਘ ਨਾਲ 9 ਜੂਨ ਨਾਲ ਮੀਟਿੰਗ ਤੈਅ ਕਰਵਾਈ ਗਈ ਹੈ ਲਿਖਤੀ ਪੱਤਰ ਦਿੱਤਾ ਗਿਆ। ਆਗੂਆ ਨੇ ਐਲਾਨ ਕੀਤਾ ਕਿ ਜੇਕਰ 9 ਦੀ ਮੀਟਿੰਗ ਵਿੱਚ ਮਸਲਿਆ ਦਾ ਹੱਲ ਨਾ ਹੋਇਆ ਤਾਂ 11 ਜੂਨ ਨੂੰ ਵੱਡਾ ਐਕਸ਼ਨ ਕੀਤਾ ਜਾਵੇਗਾ।
ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਪੰਜਾਬ ਦੇ ਆਗੂ ਅਸ਼ੀਸ਼ ਜੁਲਾਹਾ ਵਿਕਾਸ ਕੁਮਾਰ ਪਰਵੀਨ ਸ਼ਰਮਾਂ ਚਮਕੋਰ ਸਿੰਘ ਹਰਪ੍ਰੀਤ ਸਿੰਘ ਹਰਦੇਵ ਸਿੰਘ ਦੇਵਿੰਦਰਜੀਤ ਸਿੰਘ ਰਜਿੰਦਰ ਸਿੰਘ ਸੰਧਾ ਨੇ ਕਿਹਾ ਕਿ ਸੂਬੇ ਵਿਚ ਸੱਤਾ ਵਿਚ ਆਈ ਕਾਂਗਰਸ ਸਰਕਾਰ ਦੇ ਚਾਰ ਸਾਲ ਬੀਤ ਗਏ ਹਨ ਅਤੇ ਚਾਰ ਸਾਲਾਂ ਤੋਂ ਲਗਾਤਾਰ ਮੁਲਾਜ਼ਮ ਆਪਣੀਆ ਮੰਗਾਂ ਨੂੰ ਲੈ ਕੇ ਸਰਕਾਰ ਦੇ ਦਰਬਾਰੇ ਗੱਲ ਰੱਖਦੇ ਆ ਰਹੇ ਹਨ। ਆਗੂਆ ਨੇ ਕਿਹਾ ਕਿ ਦਫਤਰੀ ਕਰਮਚਾਰੀਆ ਨੂੰ ਪੱਕਾ ਕਰਨ ਲਈ ਵਿੱਤ ਵਿਭਾਗ ਵੱਲੋਂ 16 ਦਸੰਬਰ 2019 ਨੂੰ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ ਪਰ ਸਰਕਾਰ ਮਸਲੇ ਨੂੰ ਲਟਕਾ ਰਹੀ ਹੈ।ਆਗੂਆ ਨੇ ਕਿਹਾ ਕਿ ਮੁਲਾਜ਼ਮਾਂ ਵੱਲੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ,ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਤੱਕ ਪਹੁੰਚ ਕੀਤੀ ਹੈ ਅਤੇ ਉਹ ਦਫਤਰੀ ਕਰਮਚਾਰੀਆ ਨੂੰ ਪੱਕਾ ਕਰਨ ਲਈ ਏ.ਜੀ ਪੰਜਾਬ ਅਤੁਲ ਨੰਦਾ ਤੋਂ ਫਾਈਲ ਪਾਸ ਕਰਵਾਉਣ ਤੋਂ ਹੱਥ ਖੜੇ ਕਰ ਚੁੱਕੇ ਹਨ।
ਆਗੂਆ ਨੇ ਕਿਹਾ ਕਿ ਸਰਵ ਸਿੱਖਿਆ ਅਭਿਆਨ ਤਹਿਤ ਕੰਮ ਕਰਦੇ ਤਕਰੀਬਨ 9000 ਅਧਿਆਪਕਾਂ ਨੂੰ ਪੰਜਾਬ ਸਰਕਾਰ ਵੱਲੋਂ ਪੱਕਾ ਕਰ ਦਿੱਤਾ ਗਿਆ ਸੀ ਜਿਸ ਦਾ ਜ਼ਿਕਰ ਵਿੱਤ ਮੰਤਰੀ ਪੰਜਾਬ ਵੱਲੋਂ ਬਜ਼ਟ ਸਪੀਚ ਦੋਰਾਨ ਵੀ ਕੀਤਾ ਹੈ ਪਰ ਅਧਿਆਪਕਾਂ ਦੇ ਨਾਲ ਕੰਮ ਕਰਦੇ ਤਕਰੀਬਨ 900 ਦਫਤਰੀ ਕਰਮਚਾਰੀਆ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਅਤੇ ਪਿਛਲੇ 16 ਮਹੀਨਿਆ ਤੋਂ ਫਾਈਲ ਏ.ਜੀ ਪੰਜਾਬ ਦੇ ਦਫਤਰ ਦੇ ਚੱਕਰ ਕੱਟ ਰਹੀ ਹੈ। ਆਗੂਆ ਨੇ ਕਿਹਾ ਕਿ ਜੇਕਰ ਸਰਕਾਰ ਦਾ 9000 ਅਧਿਆਪਕਾਂ ਨੂੰ ਪੱਕਾ ਕਰਨ ਦਾ ਫੈਸਲਾ ਸਹੀ ਹੈ ਤਾਂ ਫਿਰ ਦਫਤਰੀ ਕਰਮਚਾਰੀਆ ਦੀ 16 ਮਹੀਨਿਆ ਤੋਂ ਫਾਈਲ ਕਿਓ ਰੋਕੀ ਹੋਈ ਹੈ। ਆਗੂਆ ਨੇ ਕਿਹਾ ਕਿ ਸਰਕਾਰ ਨੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਬਜਾਏ ਮੁਲਾਜ਼ਮਾਂ ਦੀਆ ਤਨਖਾਹਾਂ ਵਿਚ ਕਟੌਤੀ ਕੀਤੀ ਜਾ ਰਹੀ ਹੈ ਅਤੇ ਮੁਲਾਜ਼ਮਾਂ ਦੀਆ ਕਰੋਨਾ ਕਾਲ ਦੋਰਾਨ ਦੂਰ ਦੁਰਾਡੇ ਬਦਲੀਆ ਕੀਤੀਆ ਜਾ ਰਹੀਆ ਹਨ। ਆਗੂਆ ਨੇ ਕਿਹਾ ਕਿ ਕਾਂਗਰਸ ਸਰਕਾਰ ਮੁਲਾਜ਼ਮਾਂ ਦਾ ਸੋਸ਼ਣ ਕਰਨ ਤੇ ਉਤਾਰੂ ਹੈ।
ਆਗੂਆ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਹੁਣ ਵੀ ਸਰਕਾਰ ਨੇ ਮੁਲਾਜ਼ਮਾਂ ਦੀਆ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਮੁਲਾਜ਼ਮ ਇਸ ਤੋਂ ਵੀ ਤਿੱਖੇ ਸੰਘਰਸ਼ ਲਈ ਮਜਬੂਰ ਹੋਣਗੇ।
ਇਸ ਮੌਕੇ ਡੈਮੋਕਰੇਟਿਕ ਟੀਚਰਜ਼ ਫਰੰਟ ਵੱਲੋਂ ਸੂਬਾ ਪ੍ਰਧਾਨ ਬਿਕਰਮਦੇਵ ਸਿੰਘ ਸੱਤਪਾਲ ਸਾਮਾਣਵੀ ਬਿਕਰਮ ਰਾਜਪੁਰਾ ਰਾਜੀਵ ਕੁਮਾਰ ਅਤੇ ਜੀ ਟੀ ਯੂ ਵੱਲੋਂ ਪਰਮਜੀਤ ਸਿੰਘ ਹਰਪ੍ਰੀਤ ਉੱਪਲ ਟਹਿਲਬੀਰ ਅਤੇ ਮਨਜੀਤ ਸਿੰਘ ਆਦਿ ਵੀ ਹਾਜ਼ਰ ਰਹੇ।