ਮਿਊਂਸੀਪਲ ਇੰਪਲਾਈਜ਼ ਤੇ ਸਫਾਈ ਸੇਵਕਾਂ ਨੇ ਸਰਕਾਰ ਵਿਰੁੱਧ ਸੰਘਰਸ਼ ਨੂੰ ਤਿੱਖਾ ਕਰਨ ਦਾ ਬਿਗਲ ਵਜਾਇਆ
ਬਲਵਿੰਦਰ ਸਿੰਘ ਧਾਲੀਵਾਲ
- 21ਵੇਂ ਦਿਨ ਰੋਸ ਧਰਨੇ ਵਿੱਚ ਕਾਰਜ ਸਾਧਕ ਅਫਸਰ ਬਲਜੀਤ ਸਿੰਘ ਬਿਲਗਾ ਨੇ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ
ਸੁਲਤਾਨਪੁਰ ਲੋਧੀ 3 ਜੂਨ 2021 - ਮਿਉਂਸਪਲ ਐਕਸ਼ਨ ਕਮੇਟੀ ਵੱਲੋਂ ਮੰਗਾਂ ਸਬੰਧੀ ਚੱਲ ਰਹੀ ਅਣਮਿਥੇ ਸਮੇਂ ਦੀ ਹਡ਼ਤਾਲ ਦੇ 21 ਵੇਂ ਦਿਨ ਵੀ ਮਿਊਂਸਪਲ ਇੰਪਲਾਈਜ਼ ਯੂਨੀਅਨ ਅਤੇ ਸਫ਼ਾਈ ਸੇਵਕਾਂ ਦੀ ਹਡ਼ਤਾਲ ਬਦਸਤੂਰ ਜਾਰੀ ਰਹਿਣ ਤੇ ਮੁਲਾਜ਼ਮ ਵਰਗ ਵਿੱਚ ਸਰਕਾਰ ਪ੍ਰਤੀ ਬੇਹੱਦ ਰੋਸ ਪਾਇਆ ਜਾ ਰਿਹਾ ਹੈ। ਹਡ਼ਤਾਲ ਖੁੱਲ੍ਹਣ ਦੇ ਹਾਲੇ ਕੋਈ ਆਸਾਰ ਨਜ਼ਰ ਨਾ ਵਿਖਾਈ ਦੇਣ ਤੇ ਯੂਨੀਅਨ ਨੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਫ਼ੈਸਲਾ ਲਿਆ ਹੈ। ਮਿਊਂਸਪਲ ਇੰਪਲਾਈਜ਼ ਯੂਨੀਅਨ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਸੰਜੀਵ ਘਈ ਦੀ ਅਗਵਾਈ ਹੇਠ ਚੱਲ ਰਹੇ ਧਰਨੇ ਵਿਚ ਮੁਲਾਜ਼ਮਾਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਆਪਣੇ ਮਨ ਦੀ ਭੜਾਸ ਕੱਢੀ।
ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿੱਚ ਹੜਤਾਲ ਕਾਰਨ ਸ਼ਹਿਰਾਂ ਵਿੱਚ ਗੰਦਗੀ ਫੈਲ ਰਹੀ ਹੈ ਅਤੇ ਇੰਜ ਲੱਗਦਾ ਹੈ ਕਿ ਸਰਕਾਰ ਨੇ ਅੱਖਾਂ ਉਪਰ ਪੱਟੀ ਬੰਨ੍ਹੀ ਹੋਈ ਹੈ ਜਿਸ ਕਾਰਨ ਸਮੁੱਚੇ ਪੰਜਾਬ ਅੰਦਰ ਭਿਆਨਕ ਮਾਰੂ ਅਤੇ ਜਾਨਲੇਵਾ ਬੀਮਾਰੀਆਂ ਫੈਲਣ ਦਾ ਡਰ ਹੈ ਪਰ ਸਰਕਾਰ ਨੂੰ ਇਸ ਸਬੰਧੀ ਲੋਕਾਂ ਦੀ ਕੋਈ ਫਿਕਰ ਨਹੀਂ ਹੈ। ਅੱਜ ਦੇ ਇਸ ਧਰਨੇ ਵਿੱਚ ਕਾਰਜ ਸਾਧਕ ਅਫਸਰ ਸੁਲਤਾਨਪੁਰ ਲੋਧੀ ਬਲਜੀਤ ਸਿੰਘ ਬਿਲਗਾ ਨੇ ਵੀ ਸ਼ਿਰਕਤ ਕੀਤੀ ਅਤੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਪ੍ਰਤੀ ਆਪਣੀ ਹਮਦਰਦੀ ਜਤਾਈ।
ਈ ਓ ਬਿਲਗਾ ਨੇ ਮੁਲਾਜ਼ਮ ਵਰਗ ਨੂੰ ਭਰੋਸਾ ਦਿੱਤਾ ਕਿ ਜਿਨ੍ਹਾਂ ਕੱਚੇ ਮੁਲਾਜ਼ਮਾਂ ਦਾ ਹਾਲੇ ਤੱਕ ਈਪੀਐਫ ਜਮ੍ਹਾਂ ਨਹੀਂ ਹੋਇਆ ਹੈ ਉਨ੍ਹਾਂ ਦਾ ਜਲਦੀ ਈ ਪੀ ਐੱਫ ਜਮ੍ਹਾ ਕਰਵਾਉਣ ਲਈ ਸਰਕਾਰੀ ਠੇਕੇਦਾਰ ਤੇ ਦਬਾਅ ਪਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਜੋ ਮੰਗਾਂ ਨਗਰ ਕੌਂਸਲ ਨਾਲ ਸਬੰਧਤ ਹਨ ਉਨ੍ਹਾਂ ਨੂੰ ਸਰਕਾਰ ਵੱਲੋਂ ਪ੍ਰਵਾਨ ਕਰਨ ਤੇ ਤੁਰੰਤ ਪਹਿਲ ਦੇ ਆਧਾਰ ਤੇ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਹੋਰ ਵੀ ਜੋ ਮੰਗਾਂ ਹੋਣਗੀਆਂ ਉਨ੍ਹਾਂ ਤੇ ਵੀ ਗੰਭੀਰਤਾ ਨਾਲ ਵਿਚਾਰ ਕਰਕੇ ਲਾਗੂ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੌਰਵ ਸ਼ਰਮਾ, ਇੰਸਪੈਕਟਰ ਬਲਦੇਵ ਸਿੰਘ, ਪ੍ਰਿਯੰਕਾ, ਸੰਜੀਵ ਕੁਮਾਰ, ਅਜੀਤ ਸਿੰਘ ਭੌਰ, ਰਾਜ ਕੁਮਾਰ, ਅਰਵਿੰਦ, ਸ਼ੋਭਾ, ਸੰਧਿਆ, ਬਿੱਟੂ, ਮੇਜਰ, ਰਵੀ, ਸੁਮਨ ਆਦਿ ਵੀ ਹਾਜ਼ਰ ਸਨ।