ਲੋਕਾਂ ਨੇ ਸਬੰਧਿਤ ਵਿਭਾਗ ਤੋਂ ਨਿਰਵਿਘਨ ਬਿਜਲੀ ਸਪਲਾਈ ਦੀ ਮੰਗ ਕੀਤੀ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 9 ਜੂਨ 2021-ਭਾਵੇਂ ਸਰਕਾਰ ਵੱਲੋਂ ਲੋਕਾਂ ਨੂੰ 24 ਘੰਟੇ ਬਿਜਲੀ ਸਪਲਾਈ ਦਾ ਦਾਅਵਾ ਕੀਤਾ ਜਾਂਦਾ ਹੈ, ਪਰ ਪੇਂਡੂ ਖੇਤਰਾਂ ’ਚ ਇੰਨ੍ਹੀ ਦਿਨੀਂ ਬਿਜਲੀ ਦੇ ਲੱਗਣ ਵਾਲੇ ਕੱਟ ਲੋਕਾਂ ਲਈ ਵੱਡੀ ਮੁਸੀਬਤ ਬਣੇ ਹੋਏ ਹਨ। ਇੱਕ ਪਾਸੇ ਜਿੱਥੇ ਗਰਮੀ ਦਿਨ ਬ ਦਿਨ ਤੇਜ਼ ਹੁੰਦੀ ਜਾ ਰਹੀ ਹੈ, ਉਥੇ ਹੀ ਦਿਨ, ਜ਼ਿਆਦਾਤਰ ਰਾਤ ਸਮੇਂ ਬਿਜਲੀ ਦੇ ਘੰਟਿਆਂਬੱਧੀ ਲੱਗਣ ਵਾਲੇ ਕੱਟ ਕਰਕੇ ਲੋਕ ਬੇਹੱਦ ਪਰੇਸ਼ਾਨ ਹੋ ਰਹੇ ਹਨ। ਰੁਪਾਣਾ ਗਰਿੱਡ ਤੋਂ ਚੱਲਦੀ ਬਿਜਲੀ ਸਪਲਾਈ ਵਾਲੇ ਖੇਤਰਾਂ ’ਚ ਇਹ ਦਿੱਕਤ ਇਸ ਸਮੇਂ ਪੇਸ਼ ਆ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਦਿਨ ਵੇਲੇ ਭਾਵੇਂ ਕੱਟ ਨਾਮਾਤਰ ਹੀ ਲੱਗਦੇ ਹਨ, ਪਰ ਰਾਤ ਸਮੇਂ ਬਿਜਲੀ ਦੇ ਕੱਟ ਘੰਟਿਆਂਬੱਧੀ ਰੋਜ਼ਾਨਾ ਲੱਗਦੇ ਹਨ, ਜਿਸ ਨਾਲ ਜਿੱਥੇ ਉਹ ਤੰਗ ਹੁੰਦੇ ਹਨ, ਉਥੇ ਹੀ ਮੱਛਰਾਂ ਕਰਕੇ ਬੱਚਿਆਂ ਤੇ ਬਜ਼ੁਰਗਾਂ ਨੂੰ ਵਧੇਰੇ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।
ਲੋਕਾਂ ਨੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਕਿ ਬਿਜਲੀ ਸਪਲਾਈ ਦੌਰਾਨ ਲੱਗਦੇ ਕੱਟਾਂ ਤੋਂ ਨਿਜ਼ਾਤ ਦੁਆਈ ਜਾਵੇ। ਉਧਰ ਇਸ ਸਬੰਧੀ ਸਥਾਨਕ ਬਿਜਲੀ ਵਿਭਾਗ ਦੇ ਐਕਸੀਅਨ ਪਰਮਪਾਲ ਸਿੰਘ ਬੁੱਟਰ ਨਾਲ ਜਦੋਂ ਇਸ ਬਾਬਤ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਖੇਤਰ ਅੰਦਰ ਅਜਿਹੇ ਲੋਕਲ ਕੱਟ ਨਹੀਂ ਲਗਾਏ ਜਾ ਰਹੇ, ਜਦੋਂਕਿ ਜੋ ਉਪਰੋਂ ਵਿਭਾਗ ਵੱਲੋਂ ਹਦਾਇਤਾਂ ਹਨ, ਉਸੇ ਤਹਿਤ ਇਹ ਕੱਟ ਲੱਗਦੇ ਹਨ, ਜਿਸਦਾ ਜਲਦੀ ਹੱਲ ਹੋ ਜਾਵੇਗਾ।