ਦਫਤਰੀ ਕਲੈਰੀਕਲ ਕਾਮੇ 23 ਜੂਨ ਤੋਂ ਕਲਮ ਛੋੜ ਹੜਤਾਲ ਕਰਕੇ ਸਮੁੱਚੇ ਸਰਕਾਰੀ ਕੰਮ ਕਾਜ ਦਾ ਬਾਈਕਾਟ ਕਰਨਗੇ - ਪ੍ਰਧਾਨ ਮਨੋਹਰ ਲਾਲ
ਗੌਰਵ ਮਾਣਿਕ
- ਪੰਜਾਬ ਦੇ ਸਮੂਹ ਦਫਤਰੀ ਕਾਮੇ 23 ਜੂਨ ਤੋਂ ਕਰਨਗੇ ਸਰਕਾਰੀ ਕੰਮ ਕਾਜ ਠੱਪ:- ਪਿੱਪਲ ਸਿੱਧੂ
ਫਿਰੋਜ਼ਪੁਰ 9 ਜੂਨ 2021-- ਪੰਜਾਬ ਸਕਾਰ ਦੇ ਮੁਲਾਜ਼ਮ ਵਿਰੋਧੀ ਵਤੀਰੇ ਅਤੇ ਅੜੀਅਲ ਰਵੱਈਏ ਦੇ ਖਿਲਾਫ ਸੂਬੇ ਦੇ ਸਮੂਹ ਦਫਤਰੀ ਕਲੈਰੀਕਲ ਕਾਮੇ 23 ਜੂਨ ਤੋਂ ਕਲਮ ਛੋੜ ਹੜਤਾਲ ਕਰਕੇ ਸਮੁੱਚੇ ਸਰਕਾਰੀ ਕੰਮ ਕਾਜ ਦਾ ਬਾਈਕਾਟ ਕਰਨਗੇ । ਇਹ ਜਾਣਕਾਰੀ ਅੱਜ ਇਥੇ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਸ੍ਰੀ ਮਨੋਹਰ ਲਾਲ ਅਤੇ ਪਿੱਪਲ ਸਿੰਘ ਸਿੱਧੂ ਜ਼ਿਲ੍ਹਾ ਜਨਰਲ ਸਕੱਤਰ ਨੇ ਜਿਲ੍ਹਾ ਜਥੇਬੰਦੀ ਦੀ ਮੀਟਿੰਗ ਉਪਰੰਤ ਸਾਂਝੀ ਕੀਤੀ । ਉਕਤ ਆਗੂਆਂ ਨੇ ਦੱਸਿਆ ਕਿ ਕੈਪਟਨ ਸਰਕਾਰ ਵੱਲੋ 6ਵੇਂ ਤਨਖਾਹ ਦੀ ਮਿਆਦ 31 ਅਗਸਤ 2021 ਤੱਕ ਹੋਰ ਵਧਾਉਣ ਕਾਰਨ ਸੂਬੇ ਦੇ ਮੁਲਾਜ਼ਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ।
ਉਕਤ ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਵਾਰ ਵਾਰ ਪੇ ਕਮਿਸ਼ਨ ਨੂੰ ਲਾਗੂ ਕਰਨ ਦੀ ਤਾਰੀਕ ਵਧਾ ਕੇ ਮੁਲਾਜ਼ਮਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ । ਸ੍ਰੀ ਸਿੱਧੂ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਸਿਵਾਏ ਲਾਰਿਆਂ ਦੇ ਪੰਜਾਬ ਸਰਕਾਰ ਸਰਕਾਰੀ ਮੁਲਾਜ਼ਮਾਂ ਨੂੰ ਕੱਖ ਵੀ ਨਹੀ ਦਿੱਤਾ । ਜਿਸ ਕਾਰਨ ਪੰਜਾਬ ਦੇ ਸਮੁੱਚੇ ਮੁਲਾਜ਼ਮ ਸਰਕਾਰ ਪ੍ਰਤੀ ਭਾਰੀ ਗੁੱਸੇ ਵਿਚ ਹਨ । ਉਕਤ ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਪਿਛਲੇ ਦਿਨੀ ਪੀ.ਐਸ.ਐਮ.ਐਸ.ਯੂ. ਪੰਜਾਬ ਦੀ ਆਨ ਲਾਈਨ ਹੋਈ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਹੈ ਪੇ ਕਮਿਸ਼ਨ ਦੀ ਰਿਪੋਰਟ ਮਿਤੀ: 01-07-2021 ਤੋਂ ਲਾਗੂ ਕਰਵਾਉਣ, ਡੀ.ਏ. ਦੀਆਂ ਬਕਾਇਆ ਕਿਸ਼ਤਾਂ ਤੁਰੰਤ ਰਲੀਜ਼ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਅਤੇ ਲੰਬੇ ਸਮੇ ਤੋ ਲਟਕ ਰਹੀਆਂ ਹੋਰ ਮੰਗਾਂ ਦੀ ਪੂਰਤੀ ਕਰਵਾਉਣ ਲਈ ਕੈਪਟਨ ਸਰਕਾਰ ਖਿਲਾਫ ਸੰਘਰਸ਼ ਵਿੱਢਣ ਦਾ ਐਲਾਨ ਕਰ ਦਿੱਤਾ ਗਿਆ ਹੈ ।
ਇਸ ਸੰਘਰਸ਼ ਦੇ ਤਹਿਤ 15 ਤੋਂ 18 ਜੂਨ ਤੱਕ ਮਨਿਸਟੀਰੀਅਲ ਕਾਮੇ ਗੇਟ ਰੈਲੀਆਂ ਕਰਕੇ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਬਾਰੇ ਮੁਲਾਜ਼ਮ ਵਰਗ ਨੂੰ ਹੋਰ ਜਾਗਰੂਕ ਕਰਨਗੇ ਅਤੇ 22 ਜੂਨ ਨੂੰ ਸਰਕਾਰੀ ਦਫਤਰਾਂ ਦਾ ਬਾਈਕਾਟ ਕੀਤਾ ਜਾਵੇਗਾ ਤੇ 23 ਜੂਨ ਤੋਂ ਪੰਜਾਬ ਦੇ ਸਮੁੱਚੇ ਕਲੈਰੀਕਲ ਕਾਮਿਆਂ ਵੱਲੋਂ ਪੰਜ ਦਿਨਾਂ ਦੀ ਕਲਮ ਛੋੜ ਹੜਤਾਲ ਕਰਕੇ ਸਰਕਾਰੀ ਕੰਮ ਕਾਜ ਠੱਪ ਕੀਤਾ ਜਾਵੇਗਾ । ਪ੍ਰਦੀਪ ਵਿਨਾਇਕ, ਜ਼ਿਲ੍ਹਾ ਖਜ਼ਾਨਚੀ, ਜਸਮੀਤ ਸਿੰਘ ਸੈਡੀ ਸੀਨੀਅਰ ਮੀਤ ਪ੍ਰਧਾਨ, ਜਗਸੀਰ ਸਿੰਘ ਭਾਂਗਰ ਐਡੀਸ਼ਨਲ ਜਨਰਲ ਸਕੱਤਰ, ਸੋਨੂੰ ਕਸ਼ਅਪ ਜ਼ਿਲ੍ਹਾ ਜਨਰਲ ਸਕੱਤਰ ਸੀ.ਪੀ.ਐਫ. ਕਰਮਚਾਰੀ ਯੂਨੀਅਨ, ਓਮ ਪ੍ਰਕਾਸ਼ ਰਾਣਾ ਪ੍ਰਧਾਨ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਫਿਰੋਜ਼ਪੁਰ,
ਸੰਦੀਪ ਕਟੌਚ ਸੀਨੀਅਰ ਮੀਤ ਪ੍ਰਧਾਨ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ, ਰਜਨੀਸ਼ ਕੁਮਾਰ ਸੀਨੀਅਰ ਮੀਤ ਪ੍ਰਧਾਨ, ਜਕਸੀਰ ਸਿੰਘ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ, ਅਮਨਦੀਪ ਸਿੰਘ ਖਜ਼ਾਨਾ ਦਫਤਰ, ਗੋਵਿੰਦ ਮੁਟਨੇਜਾ ਪ੍ਰਧਾਨ ਫੂਡ ਸਪਲਾਈ ਵਿਭਾਗ ਆਦਿ ਮੁਲਾਜ਼ਮ ਆਗੂ ਵੀ ਹਾਜ਼ਰ ਸਨ ।