ਪਾਜ਼ੇਟਿਵ ਕੇਸਾਂ ’ਚ ਆਈ ਗਿਰਾਵਟ, ਮੌਤ ਦਰ ਵੀ ਘਟੀ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 9 ਜੂਨ 2021-ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ’ਚ ਵੀ ਭਾਵੇਂ ਖ਼ਤਰਾ ਬਰਕਰਾਰ ਹੈ, ਪਰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਹੁਣ ਇਸ ਮਹਾਂਮਾਰੀ ਤੋਂ ਰਾਹਤ ਮਿਲਣ ਲੱਗੀ ਹੈ। ਪਹਿਲਾਂ ਦੇ ਮੁਕਾਬਲੇ ਹੁਣ ਜਿੱਥੇ ਪਾਜ਼ੇਟਿਵ ਕੇਸਾਂ ’ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ, ਉਥੇ ਹੀ ਮੌਤ ਦਰ ਵੀ ਕਾਫ਼ੀ ਹੱਦ ਤੱਕ ਘਟੀ ਹੈ। ਇਹ ਸਥਾਨਕ ਸਿਹਤ ਵਿਭਾਗ ਲਈ ਰਾਹਤਮਈ ਖ਼ਬਰ ਹੈ ਕਿ ਅਜਿਹੇ ਸੰਕਟਕਾਲੀ ਸਮੇਂ ’ਚ ਕੋਰੋਨਾ ’ਤੇ ਨੱਥ ਪਾਈ ਜਾਣ ਲੱਗੀ ਹੈ। ਇਸਨੂੰ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੀ ਕੋਸ਼ਿਸ਼ ਦਾ ਨਤੀਜਾ ਕਹਿ ਲਈਏ ਜਾਂ ਫ਼ਿਰ ਲੋਕਾਂ ਦੀ ਆਪਣੀ ਸਿਆਣਪ, ਪਰ ਪਿਛਲੇ ਕਈ ਦਿਨਾਂ ਤੋਂ ਜ਼ਿਲ੍ਹੇ ਅੰਦਰ ਕੋਰੋਨਾ ਦਾ ਕਹਿਰ ਨਰਮ ਹੋਣਾ ਸ਼ੁਰੂ ਹੋ ਚੁੱਕਾ ਹੈ।
ਜ਼ਿਲ੍ਹੇ ਦੇ ਸ਼ਹਿਰਾਂ ਸਮੇਤ ਪਿੰਡਾਂ ਅੰਦਰੋਂ ਪਾਜ਼ੇਟਿਵ ਕੇਸਾਂ ਦੀ ਗਿਣਤੀ ਘਟਣ ਲੱਗੀ ਹੈ। ਅਜਿਹਾ ਸਿਲਸਿਲਾ ਹੁਣ ਲਗਾਤਾਰ ਚੱਲਣ ਲੱਗਿਆ ਹੈ। ਰੋਜ਼ਾਨਾ ਹਜ਼ਾਰਾਂ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਮਿਲਣ ਲੱਗੀ ਹੈ, ਜਦੋਂਕਿ ਬਕਾਇਆ ਸੈਂਪਲਾਂ ਵੀ ਹੁਣ ਸੈਂਕੜਿਆਂ ਦੀ ਗਿਣਤੀ ’ਚ ਬਾਕੀ ਰਹਿ ਗਏ ਹਨ। ਇਹ ਵੀ ਸੁਣਿਆ ਜਾ ਰਿਹਾ ਹੈ ਕਿ ਜਦੋਂ ਤੋਂ ਕੋਰੋਨਾ ਵੈਕਸੀਨੇਸ਼ਨ ਦੀ ਪ੍ਰਕਿਰਿਆ ਚੱਲੀ ਹੈ, ਉਦੋਂ ਹੀ ਕੋਰੋਨਾ ਕੇਸਾਂ ਦੇ ਗ੍ਰਾਫ ’ਚ ਗਿਰਾਵਟ ਆਉਣੀ ਸ਼ੁਰੂ ਹੋਈ ਹੈ। ਇਸਨੂੰ ਇਸ ਗੱਲ ਨਾਲ ਵੀ ਜੋੜਕੇ ਵੇਖਿਆ ਜਾ ਰਿਹਾ ਹੈ ਕਿ ਕੋਰੋਨਾ ਟੀਕਾਕਰਨ ਕਰਾਉਣ ਵਾਲਾ ਵਿਅਕਤੀ ਟੀਕਾਕਰਨ ਤੋਂ ਬਾਅਦ ਮਾਨਸਿਕ ਤੌਰ ’ਤੇ ਵੀ ਇਸ ਮਹਾਂਮਾਰੀ ਨਾਲ ਲੜਣ ਦੇ ਯੋਗ ਬਣ ਰਿਹਾ ਹੈ। ਉਧਰ ਦੂਜੇ ਪਾਸੇ ਸਿਹਤ ਵਿਭਾਗ ਵੱਲੋਂ ਲਗਾਤਾਰ ਸੈਂਪਲੰਗ ਵੀ ਕੀਤੀ ਜਾ ਰਹੀ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਰੋਜ਼ਾਨਾ ਜ਼ਿਲ੍ਹੇ ਅੰਦਰੋਂ ਹਜ਼ਾਰਾਂ ਦੀ ਗਿਣਤੀ ’ਚ ਸੈਂਪÇਲੰਗ ਹੋ ਰਹੀ ਹੈ, ਜਿਸ ਵਿੱਚੋਂ ਨਾਮਾਤਰ ਹੀ ਕੇਸ ਪਾਜ਼ੇਟਿਵ ਸਾਹਮਣੇ ਆ ਰਹੇ ਹਨ। ਅਜਿਹੇ ਸਮੇਂ ’ਚ ਸਿਹਤ ਵਿਭਾਗ ਕੁੱਝ ਰਾਹਤ ਮਹਿਸੂਸ ਕਰਨ ਲੱਗਾ ਹੈ। ਫ਼ਿਲਹਾਲ ਜ਼ਿਲ੍ਹੇ ਅੰਦਰ ਕੋਰੋਨਾ ਦਾ ਕਹਿਰ ਸ਼ਾਂਤ ਹੋਣ ਲੱਗਾ ਹੈ, ਪਰ ਫ਼ਿਰ ਵੀ ਪ੍ਰਸ਼ਾਸ਼ਨ ਤੇ ਸਿਹਤ ਵਿਭਾਗ ਲਗਾਤਾਰ ਲੋਕਾਂ ਨੂੰ ਕੋਰੋਨਾ ਹਦਾਇਤਾਂ ਪ੍ਰਤੀ ਸੁਚੇਤ ਕਰਨ ’ਚ ਕੋਈ ਕਸਰ ਨਹੀਂ ਛੱਡ ਰਿਹਾ।
ਇਹ ਹਨ ਅੱਜ ਦੇ ਅੰਕੜੇ
ਜ਼ਿਲ੍ਹੇ ਅੰਦਰ ਅੱਜ ਫ਼ਿਰ ਕੋਰੋਨਾ ਕਰਕੇ 1 ਹੋਰ ਮੌਤ ਹੋ ਗਈ ਹੈ, ਜਦੋਂਕਿ ਦੁੂਜੇ ਪਾਸੇ 45 ਨਵੇਂ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਵੀ ਸਿਹਤ ਵਿਭਾਗ ਵੱਲੋਂ ਕੀਤੀ ਗਈ ਹੈ। ਵਿਭਾਗ ਦੀ ਰਿਪੋਰਟ ਅਨੁਸਾਰ ਅੱਜ 117 ਮਰੀਜ਼ਾਂ ਨੂੰ ਰਿਲੀਵ ਕੀਤਾ ਗਿਆ ਹੈ। ਅੱਜ 2131 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 623 ਸੈਂਪਲ ਬਕਾਇਆ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ 2417 ਨਵੇਂ ਸੈਂਪਲ ਵੀ ਇਕੱਤਰ ਕੀਤੇ ਗਏ ਹਨ। ਹੁਣ ਜ਼ਿਲ੍ਹੇ ਅੰਦਰ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 18186 ਹੋ ਗਈ ਹੈ, ਜਿਸ ਵਿੱਚੋਂ ਹੁਣ ਤੱਕ ਕੁੱਲ 16927 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਇਸ ਸਮੇਂ 766 ਕੇਸ ਸਰਗਰਮ ਚੱਲ ਰਹੇ ਹਨ। ਇਸ ਤੋਂ ਇਲਾਵਾ ਅੱਜ ਪਿੰਡ ਬਰਕੰਦੀ ਤੋਂ 1 ਕੋਰੋਨਾ ਪੀੜ੍ਹਤ ਦੀ ਮੌਤ ਹੋ ਹੋਈ ਹੈ। ਵਰਣਨਯੋਗ ਹੈ ਕਿ ਜ਼ਿਲ੍ਹੇ ਅੰਦਰ ਕੋਰੋਨਾ ਮੌਤ ਦਰ ਇਸ ਸਮੇਂ 493 ਹੋ ਗਈ ਹੈ।