ਅਮਰੀਕਾ: ਸਾਬਕਾ ਫਾਰਮਾਸਿਸਟ ਨੂੰ ਕੋਰੋਨਾ ਟੀਕਿਆਂ ਨਾਲ ਛੇੜਛਾੜ ਕਰਨ ਦੇ ਮਾਮਲੇ 'ਚ ਹੋਈ ਜੇਲ੍ਹ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 9 ਜੂਨ 2021 - ਵਿਸਕਾਨਸਿਨ ਦਾ ਇੱਕ ਸਾਬਕਾ ਫਾਰਮਾਸਿਸਟ, ਜਿਸ ਨੂੰ ਕੋਵਿਡ-19 ਟੀਕਿਆਂ ਦੀਆਂ 500 ਖੁਰਾਕਾਂ ਨੂੰ ਜਾਣ ਬੁੱਝ ਕੇ ਨਸ਼ਟ ਕਰਨ ਲਈ ਦੋਸ਼ੀ ਮੰਨਿਆ ਗਿਆ ਸੀ ਨੂੰ ਮੰਗਲਵਾਰ ਨੂੰ ਤਿੰਨ ਸਾਲ ਕੈਦ ਦੀ ਸਜਾ ਸੁਣਾਈ ਗਈ ਹੈ। ਵਿਸਕਾਨਸਿਨ 'ਚ ਗ੍ਰਾਫਟਨ ਦੇ 46 ਸਾਲਾ ਸਟੀਵਨ ਬ੍ਰੈਂਡਨਬਰਗ ਨੂੰ ਫਰਵਰੀ ਵਿੱਚ ਟੀਕਿਆਂ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕਰਨ ਦੇ ਦੋ ਦੋਸ਼ਾਂ ਲਈ ਦੋਸ਼ੀ ਮੰਨਿਆ ਸੀ।
ਬ੍ਰੈਂਡਨਬਰਗ ਨੇ ਪਿਛਲੇ ਸਾਲ 24 ਦਸੰਬਰ ਅਤੇ 25 ਦਸੰਬਰ ਨੂੰ ਐਡਵੋਕੇਟ ਓਰੋਰਾ ਹੈਲਥ ਹਸਪਤਾਲ ਵਿਖੇ ਕੋਲਡ ਸਟੋਰੇਜ ਤੋਂ ਮੋਡਰਨਾ ਟੀਕਿਆਂ ਦੀਆਂ ਲੱਗਭਗ 57 ਸ਼ੀਸ਼ੀਆਂ ਵਿਚਲੀਆਂ ਤਕਰੀਬਨ 500 ਖੁਰਾਕਾਂ ਨੂੰ ਫਰੀਜ਼ਰ ਵਿੱਚੋਂ ਹਟਾ ਕੇ ਨਸ਼ਟ ਕਰਨਾ ਮੰਨਿਆ ਸੀ।
ਮੰਗਲਵਾਰ ਨੂੰ ਆਪਣੀ ਸਜ਼ਾ ਸੁਣਵਾਈ ਦੌਰਾਨ, ਬ੍ਰੈਂਡਨਬਰਗ ਨੇ ਉਸ ਦੀਆਂ ਕਾਰਵਾਈਆਂ ਲਈ ਮੁਆਫੀ ਵੀ ਮੰਗੀ।ਅਦਾਲਤ ਦੇ ਅਨੁਸਾਰ, ਬ੍ਰੈਂਡਨਬਰਗ ਆਪਣੇ ਪੇਰੈਂਟਸ ਦੇ ਘਰ 'ਤੇ ਨਜ਼ਰਬੰਦ ਸੀ ਅਤੇ ਹੁਣ ਉਸ ਨੂੰ ਹਿਰਾਸਤ ਵਿੱਚ ਲੈ ਗਿਆ ਹੈ। ਉਹ ਆਪਣੀ ਰਿਹਾਈ ਤੋਂ ਬਾਅਦ ਤਿੰਨ ਸਾਲ ਫੈਡਰਲ ਪ੍ਰੋਬੇਸ਼ਨ 'ਤੇ ਰਹੇਗਾ।