ਲੁਧਿਆਣਾ ਡੀ.ਐਸ.ਪੀ ਹਰਜਿੰਦਰ ਸਿੰਘ ਨਹੀਂ ਰਹੇ - ਵੱਡੇ ਹਸਪਤਾਲ ਜਾਣ ਤੋਂ ਪਹਿਲਾਂ ਹੀ ਮੁੱਕੇ ਸਾਹ
ਯਾਦਵਿੰਦਰ ਸਿੰਘ ਤੂਰ
ਲੁਧਿਆਣਾ, 9 ਜੂਨ 2021 - ਲੁਧਿਆਣਾ ਦੇ ਡੀ.ਐਸ.ਪੀ ਹਰਜਿੰਦਰ ਸਿੰਘ ਕੋਵਿਡ ਨਾਲ ਲੜਦਿਆਂ ਜ਼ਿੰਦਗੀ ਦੀ ਜੰਗ ਹਾਰ ਗਏ। ਅੱਜ ਲੁਧਿਆਣਾ ਦੇ ਐਸ.ਪੀ.ਐਸ ਹਸਪਤਾਲ 'ਚ ਉਨ੍ਹਾਂ ਦੀ ਮੌਤ ਹੋ ਗਈ। ਅਪ੍ਰੈਲ ਮਹੀਨੇ 'ਚ ਉਨ੍ਹਾਂ ਨੂੰ ਕੋਰੋਨਾ ਹੋਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ ਸੀ, ਹਾਲਾਂਕਿ ਉਨ੍ਹਾਂ ਨੇ ਕੋਰੋਨਾ ਨੂੰ ਮਾਤ ਦੇ ਦਿੱਤੀ ਸੀ, ਪਰ ਕੋਰੋਨਾ ਉਨ੍ਹਾਂ ਦੇ ਫੇਫੜਿਆਂ ਨੂੰ ਬੁਰੀ ਤਰ੍ਹਾਂ ਖਰਾਬ ਕਰ ਗਿਆ। ਉਨ੍ਹਾਂ ਦੇ ਫੇਫੇੜੇ ਟ੍ਰਾਂਸਪਲਾਂਟ ਹੋਣੇ ਸੀ ਜਿਸਦਾ ਖਰਚਾ ਬਹੁਤ ਜ਼ਿਆਦਾ ਸੀ।
ਡੀ.ਐਸ.ਪੀ. ਹਰਜਿੰਦਰ ਦਾ ਇਲਾਜ ਵੱਡੇ ਹਸਪਤਾਲ 'ਚ ਕਰਾਇਆ ਜਾਣਾ ਸੀ ਜਿੱਥੇ ਉਨ੍ਹਾਂ ਨੂੰ ਏਅਰਲਿਫਟ ਕਰਾ ਕੇ ਲਿਜਾਇਆ ਜਾਣਾ ਸੀ, ਪਰ ਡਾਕਟਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਹਾਲਤ ਬੇਹੱਦ ਖਰਾਬ ਹੋਣ ਕਾਰਨ ਏਅਰਲਿਫਟ ਨਹੀਂ ਸੀ ਕਰਾਇਆ ਜਾ ਸਕਦਾ। ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਡੀ.ਐਸ.ਪੀ ਹਰਜਿੰਦਰ ਸਿੰਘ ਕੋਰੋਨਾ ਹੋਣ ਤੋਂ ਪਹਿਲਾਂ ਬਲੱਡ ਪ੍ਰੈੱਸ਼ਰ ਤੇ ਸ਼ੂਗਰ ਦੀ ਬਿਮਾਰੀ ਤੋਂ ਵੀ ਪੀੜਤ ਸੀ, ਜਿਸ ਕਾਰਨ ਕੋਰੋਨਾ ਉਨ੍ਹਾਂ 'ਤੇ ਜ਼ਿਆਦਾ ਹਾਵੀ ਹੋ ਗਿਆ।
ਬੀਤੇ ਦਿਨੀਂ ਡੀ.ਐਸ.ਪੀ ਹਰਜਿੰਦਰ ਸਿੰਘ ਨੇ ਹਸਪਤਾਲ 'ਚੋਂ ਕੈਪਟਨ ਅਮਰਿੰਦਰ ਨੂੰ ਵੀਡੀੳ ਪਾ ਕੇ ਭਾਵੁਕ ਅਪੀਲ ਵੀ ਕੀਤੀ ਸੀ ਕਿ ਉਨ੍ਹਾਂ ਦੀ ਜ਼ਿੰਦਗੀ ਬਚ ਸਕਦੀ ਹੈ ਜੇਕਰ ਉਨ੍ਹਾਂ ਦਾ ਸਹੀ ਜਗ੍ਹਾ 'ਤੇ ਇਲਾਜ ਹੋ ਜਾਵੇ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੇ ਬੱਚੇ ਅਨਾਥ ਹੋਣੋਂ ਬਚ ਸਕਦੇ ਨੇ ਜੇਕਰ ਪੰਜਾਬ ਸਰਕਾਰ ਉਨ੍ਹਾਂ ਦੇ ਮਰਨ ਤੋਂ ਬਾਅਦ ਮਿਲਣ ਵਾਲਾ ਫੰਡ ਹੁਣ ਹੀ ਦੇ ਦੇਵੇ ਤਾਂ ਜੋ ਉਹ ਆਪਣਾ ਇਲਾਜ ਵੱਡੇ ਹਸਪਤਾਲ 'ਚੋਂ ਕਰਾ ਸਕਣ। ਪਤਾ ਚੱਲਿਆ ਹੈ ਕਿ ਸਰਕਾਰ ਦੁਆਰਾ ਉਨ੍ਹਾਂ ਦੀ ਮੰਗ ਮੰਨ ਵੀ ਲਈ ਗਈ ਸੀ, ਪਰ ਉਨੇ ਸਮੇਂ ਨੂੰ ਦੇਰੀ ਹੋ ਗਈ।