ਮੁਕਤਸਰ: ਮਾਲ ਮੰਤਰੀ ਦੇ ਭਰੋਸੇ ਤੋਂ ਬਾਅਦ ਡੀ.ਸੀ ਦਫ਼ਤਰ ਕਾਮਿਆਂ ਨੇ ਹੜਤਾਲ ਵਾਪਸ ਲਈ, ਦਫ਼ਤਰਾਂ ’ਚ ਮੁੜ ਪਰਤੀ ਰੌਣਕ
ਰਾਜਵੰਤ ਸਿੰਘ
ਸ਼੍ਰੀ ਮੁਕਤਸਰ ਸਾਹਿਬ, 10 ਜੂਨ 2021-ਪਿਛਲੇ ਕਈ ਦਿਨਾਂ ਤੋਂ ਆਪਣੀਆਂ ਜਾਇਜ਼ ਤੇ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਸਮੂਹਿਕ ਛੁੱਟੀ ’ਤੇ ਚੱਲ ਡੀ.ਸੀ. ਦਫ਼ਤਰਾਂ ਦੇ ਕਾਮੇ ਆਪਣੇ ਕੰਮ ’ਤੇ ਪਰਤ ਆਏ ਹਨ, ਜਿਸ ਕਾਰਨ ਕਈ ਦਿਨਾਂ ਬਾਅਦ ਡੀ.ਸੀ. ਦਫ਼ਤਰ, ਉਪ ਮੰਡਲ ਦਫ਼ਤਰ, ਤਹਿਸੀਲਾਂ ਤੇ ਸਬ ਤਹਿਸੀਲਾਂ ਵਿੱਚ ਰੌਣਕ ਪਰਤ ਆਈ ਹੈ। ਇਸ ਸਬੰਧੀ ਡੀ.ਸੀ. ਦਫ਼ਤਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਵਰਿੰਦਰ ਢੋਸੀਵਾਲ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ 9 ਜੂਨ ਨੂੰ ਯੂਨੀਅਨ ਦੇ ਸੂਬਾਈ ਆਗੂਆਂ ਦੀ ਮੀਟਿੰਗ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਵਿੱਤੀ ਕਮਿਸ਼ਨਰ ਮਾਲ ਰਵਨੀਤ ਕੌਰ ਆਈ.ਏ.ਐਸ. ਅਤੇ ਹੋਰ ਉੱਚ ਅਧਿਕਾਰੀਆਂ ਨਾਲ ਹੋਈ, ਜਿਸ ਵਿੱਚ ਡੀ.ਸੀ. ਦਫ਼ਤਰ ਕਾਮਿਆਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ ਅਤੇ ਮੰਗਾਂ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕਰਨ ਲਈ ਇੱਕ ਹਫ਼ਤੇ ਦਾ ਸਮਾਂ ਮੰਗਿਆ ਗਿਆ।
ਮੀਟਿੰਗ ਉਪਰੰਤ ਯੂਨੀਅਨ ਦੀ ਵਰਚੂਅਲ ਮੀਟਿੰਗ ਵਿੱਚ ਲੋਕ ਹਿੱਤਾਂ ਅਤੇ ਮਾਲ ਮੰਤਰੀ ਵੱਲੋਂ ਦਿੱਤੇ ਭਰੋਸੇ ਦੇ ਮੱਦੇਨਜ਼ਰ ਫਰਾਖਦਿਲੀ ਦਿਖਾਉਂਦਿਆਂ 2 ਦਿਨ ਲਈ ਸਮੂਹਿਕ ਛੁੱਟੀ ਦੇ ਪ੍ਰੋਗਰਾਮ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅਗਲੀ ਰੀਵਿਊ ਮੀਟਿੰਗ ਸ਼ਨੀਵਾਰ 12 ਜੂਨ ਨੂੰ ਕੀਤੀ ਜਾਵੇਗੀ। ਆਗੂਆਂ ਨੇ ਦੱਸਿਆ ਕਿ ਡੀ.ਸੀ. ਦਫ਼ਤਰ ਕਰਮਚਾਰੀਆਂ ਦੀ ਸਮੂਹਿਕ ਛੁੱਟੀ ਦੌਰਾਨ ਉਨ੍ਹਾਂ ਨੂੰ ਵਸੀਕਾ ਨਵੀਸਾਂ ਦਾ ਵੀ ਪੂਰਨ ਸਹਿਯੋਗ ਮਿਲਿਆ। ਆਗੂਆਂ ਨੇ ਦੱਸਿਆ ਕਿ ਜੇਕਰ ਸਰਕਾਰ ਵੱਲੋਂਇੱਕ ਹਫ਼ਤੇ ਦੇ ਅੰਦਰ-ਅੰਦਰ ਮੰਨੀਆਂ ਮੰਗਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਨਾ ਕੀਤੇ ਗਏ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਦੁਬਾਰਾ ਸ਼ੁਰੂ ਕਰ ਦਿੱਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।
ਇਸ ਮੌਕੇ ਕਰਮਚਾਰੀਆਂ ਵੱਲੋਂ ਉਕਤ ਆਗੂਆਂ ਦੀ ਅਗਵਾਈ ਵਿੱਚ ਗੇਟ ਰੈਲੀ ਕਰਦਿਆਂ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੁਰਿੰਦਰ ਕੁਮਾਰ ਪੀ.ਏ.ਟੂ.ਡੀ.ਸੀ, ਰਜਿੰਦਰ ਸਿੰਘ ਬੁੱਟਰ, ਭੁਪਿੰਦਰ ਸਿੰਘ, ਜਗਤਾਰ ਸਿੰਘ, ਬਿੰਦਰਦਾਲ, ਰਾਮ, ਬਲਵਿੰਦਰ ਸਿੰਘ, ਕੁਲਦੀਪ ਸਿੰਘ, ਮੋਹਨ ਸਿੰਘ, ਲੱਛਮੀ, ਗੁਰਦੀਪ ਕੁਮਾਰ, ਕਮਲਦੀਪ ਕੁਮਾਰ, ਸਤਨਾਮ ਸਿੰਘ, ਦੀਪਕ ਕੁਮਾਰ, ਬਲਰਾਜ, ਜਸਕਰਨ ਸਿੰਘ ਆਦਿ ਵੱਡੀ ਗਿਣਤੀ ਵਿੱਚ ਡੀ.ਸੀ. ਦਫ਼ਤਰ ਦੇ ਕਰਮਚਾਰੀ ਹਾਜ਼ਰ ਸਨ।