‘ਗੋਲਾ’ ਸੁੱਟਦਿਆਂ ਗੋਲੀਆਂ ਚਲਾਉਣ ਲੱਗਾ ਗੈਂਗਸਟਰ ‘ਜੈਪਾਲ ਭੁੱਲਰ’
ਅਸ਼ੋਕ ਵਰਮਾ
ਬਠਿੰਡਾ, 10 ਜੂਨ2021: ਪੱਛਮੀ ਬੰਗਾਲ ਦੇ ਕਲਕੱਤਾ ’ਚ ਪੁਲਿਸ ਮੁਕਾਬਲੇ ਦੌਰਾਨ ਮਾਰਿਆ ਗਿਆ ਖਤਰਨਾਕ ਗੈਂਗਸਟਰ ‘ ਜੈਪਾਲ ਭੁੱਲਰ ’ ਦਹਿਸ਼ਤ ਦਾ ਦੂਸਰਾ ਨਾਮ ਸੀ ਜਿਸ ਨੇ ਪਿਛਲੇ ਸੱਤ ਸਾਲਾਂ ਤੋਂ ਪੁਲਿਸ ਦੀ ਨੀਂਦ ਹਰਾਮ ਕਰ ਰੱਖੀ ਸੀ। ਜੈਪਾਲ ਦੇ ਅਪਰਾਧਾਂ ਦੀ ਸੂਚੀ ਕਾਫੀ ਲੰਮੀ ਹੈ ਪਰ ਗੈਂਗਸਟਰ ਤੋਂ ਨੇਤਾ ਬਣੇ ਜਸਵਿੰਦਰ ਸਿੰਘ ਰੌਕੀ ’ਚ ਸ਼ਮੂਲੀਅਤ ਸਾਹਮਣੇ ਆਉਣ ਨਾਲ ਭੁੱਲਰ ਕੌਮਾਂਤਰੀ ਪੱਧਰ ਤੇ ਚਰਚਾ ਦਾ ਵਿਸ਼ਾ ਬਣਿਆ ਸੀ । ਦੱਸਿਆ ਜਾਂਦਾ ਹੈ ਕਿ ਕਿਸੇ ਵੇਲੇ ਜਸਵਿੰਦਰ ਸਿੰਘ ਉਰਫ ਰੌਕੀ ਅਤੇ ਜੈਪਾਲ ਭੁੱਲਰ ਸਾਥੀ ਸਨ। ਇਸ ਦੇ ਬਾਵਜੂਦ ਜੈਪਾਲ ਨੇ ਇਸ ਕਦਰ ਦਹਿਸ਼ਤ ਫੈਲਾਈ ਹੋਈ ਸੀ ਕਿ ਰੌਕੀ ਵੀ ਉਸ ਤੋਂ ਡਰਦਾ ਸੀ। ਜੈਪਾਲ ਨੂੰ ਸ਼ੱਕ ਸੀ ਕਿ ਸਾਲ 2012 ਦੌਰਾਨ ਬਠਿੰਡਾ ਪੁਲਿਸ ਨਾਲ ਹੋਏ ਇੱਕ ਮੁਕਾਬਲੇ ਦੌਰਾਨ ਮਾਰੇ ਗਏ ਗੈਂਗਸਟਰ ‘ਗੁਰਸ਼ਹੀਦ ਸਿੰਘ ਉਰਫ ‘ਸ਼ੇਰਾ ਖੱਬ੍ਹਣ’ ਬਾਰੇ ਪੁਲਿਸ ਨੂੰ ਸੂਚਨਾ ਰੌਕੀ ਨੇ ਦਿੱਤੀ ਸੀ।
ਇਸ ਕਰਕੇ ਦੋਵਾਂ ਦੇ ਰਾਹ ਵੱਖ ਹੋ ਗਏ ਅਤੇ ਜੈਪਾਲ ਨੇ ਸਾਲ 2016 ਵਿੱਚ ਸੋਲ੍ਹਨ ਨੇੜੇ ਰੌਕੀ ਦੀ ਹੱਤਿਆ ਕਰ ਦਿੱਤੀ। ਜੈਪਾਲ ਨੇ ਫੇਸਬੁੱਕ ’ਤੇ ਰੌਕੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਅਤੇ ਇਸ ਨੂੰ ਸ਼ੇਰਾ ਖੁੱਬ੍ਹਣ ਮੁਕਾਬਲੇ ਦਾ ਬਦਲਾ ਦੱਸਿਆ ਸੀ । ਉਂਜ ਇਸ ਤੋਂ ਪਹਿਲਾਂ ਵੀ ਉਸ ਵੱਲੋਂ ਕੀਤੀਆਂ ਗਈਆਂ ਵਾਰਦਾਤਾਂ ਦੀ ਸੂਚੀ ਕਾਫੀ ਲੰਮੀ ਹੈ। ਵੇਰਵਿਆਂ ਅਨੁਸਾਰ ਜੈਪਾਲ ਮਹਿੰਗੀਆਂ ਕਾਰਾਂ ਦਾ ਸ਼ੌਕੀਨ ਸੀ ਅਤੇ ਉਸ ਨੇ ਹਮੇਸ਼ਾ ਹਾਈ ਪ੍ਰੋਫਾਈਲ ਗੱਡੀਆਂ ਹੀ ਖੋਹੀਆਂ ਹਨ ਜਿੰਨ੍ਹਾਂ ’ਚ ਮਰਸੀਡਜ਼ ਅਤੇ ਫਾਰਚੂਨਰ ਆਦਿ ਦੱਸੀਆਂ ਜਾ ਰਹੀਆਂ ਹਨ । ਇਸੇ ਕਾਰਨ ਉਸ ਨੂੰ ਅਪਰਾਧ ਦੀ ਦੁਨੀਆਂ ’ਚ ਉਸ ਨੂੰ ਹਾਈਵੇ ਰਾਬਰ ਵਜੋਂ ਵੀ ਜਾਣਿਆ ਜਾਂਦਾ ਹੈ। ਪੁਲਿਸ ਮੁਤਾਬਕ ਜੈਪਾਲ ਖਿਲਾਫ ਪੰਜਾਬ ਸਮੇਤ ਕਈ ਸੂਬਿਆਂ ’ਚ ਸੰਗੀਨ ਜੁਰਮਾਂ ਨਾਲ ਸਬੰਧਤ ਦੋ ਦਰਜਨ ਤੋਂ ਵੱਧ ਪੁਲਿਸ ਕੇਸ ਦਰਜ ਹਨ ਜਿੰਨ੍ਹਾਂ ਨੂੰ ਲੈਕੇ ਪੰਜਾਬ ,ਹਰਿਆਣਾ ਅਤੇ ਰਾਜਸਥਾਨ ਸੂਬਿਆਂ ਦੀ ਪੁਲਿਸ ਨੂੰ ਉਸ ਦੀ ਤਲਾਸ਼ ਸੀ ।
ਹਰ ਵਾਰ ਪੁਲਿਸ ਦੀਆਂ ਅੱਖਾਂ ’ਚ ਘੱਟਾ ਪਾਕੇ ਜੈਪਾਲ ਭੁੱਲਰ ਫਰਾਰ ਹੋ ਜਾਂਦਾ ਸੀ ।ਦਰਅਸਲ ਜੈਪਾਲ ਭੁੱਲਰ ਗੋਲਾ ਸੁੱਟਣ ਵਾਲਾ ਕੌਮੀ ਪੱਧਰ ਦਾ ਵਧੀਆ ਖਿਡਾਰੀ ਰਿਹਾ ਹੈ। ਖੇਡ੍ਹ ਨੇ ਉਸ ਨੂੰ ਮਾਣ ਸਨਮਾਨ ਵੀ ਦਿਵਾਇਆ ਸੀ ਪਰ ਖੇਡਾਂ ਉਸ ਦਾ ਕੈਰੀਅਰ ਨਾ ਬਣ ਸਕੀਆਂ। ਜਿਲ੍ਹਾ ਫਿਰੋਜਪੁਰ ਨਾਲ ਸਬੰਧ ਰੱਖਦਾ ਜੈਪਾਲ ਸਿੰਘ ਭੁੱਲਰ ਪੁਲਿਸ ਇੰਸਪੈਕਟਰ ਦਾ ਪੁੱਤਰ ਹੈ। ਜੈਪਾਲ ਕਾਫੀ ਸੋਹਣੇ ਡੀਲ ਡੌਲ ਵਾਲਾ ਛੇ ਫੁੱਟ ਤੋਂ ਵੱਧ ਕੱਦ ਵਾਲਾ ਗੱਭਰੂ ਅਤੇ ਪ੍ਰੀਵਾਰ ਖਾਨਦਾਨੀ ਸੀ। ਉਸ ਦੇ ਪ੍ਰੀਵਾਰਕ ਮੈਂਬਰ ਵੀ ਉਸ ਦੇ ਅਪਰਾਧ ਜਗਤ ’ਚ ਸ਼ਾਮਲ ਹੋਣ ਤੋਂ ਨਰਾਜ਼ ਸਨ। ਜਦੋਂ ਪ੍ਰੀਵਾਰ ਨੂੰ ਉਸ ਦੀਆਂ ਅਪਰਾਧਿਕ ਸਰਗਰਮੀਆਂ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਉਸ ਨੂੰ ਬੇਦਖਲ ਕਰ ਦਿੱਤਾ ਸੀ। ਸੂਤਰ ਦੱਸਦੇ ਹਨ ਕਿ ਜੈਪਾਲ ਭਾਵੇਂ ਆਪਣੀ ਗਰੈਜੂਏਸ਼ਨ ਤੱਕ ਦੀ ਪੜ੍ਹਾਈ ਮੁਕੰਮਲ ਨਹੀਂ ਕਰ ਸਕਿਆ ਪਰ ਉਹ ਫਰਾਟੇ ਨਾਲ ਅੰਗਰੇਜੀ ਬੋਲਦਾ ਸੀ।
ਇਹ ਭਾਸ਼ਾ ਉਸ ਨੇ ‘ਹਾਲੀਵੁੱਡ’ ਦੀਆਂ ਫਿਲਮਾਂ ਦੇਖਣ ਕਾਰਨ ਸਿੱਖੀ ਸੀ। ਪੁਲੀਸ ਮੁਤਾਬਕ ਜੈਪਾਲ ਸਾਲ 2014 ਤੋਂ ਫਰਾਰ ਚੱਲਿਆ ਆ ਰਿਹਾ ਸੀ। ਪੁਲਿਸ ਦਾ ਕਹਿਣਾ ਹੈ ਕਿ ਸਾਲ 2017 ਵਿੱਚ ਜੈਪਾਲ ਨੇ ਚੰਡੀਗੜ੍ਹ ਪਟਿਆਲਾ ਕੌਮੀ ਸੜਕ ਮਾਰਗ ’ਤੇ ਕੈਸ਼ ਲਿਜਾ ਰਹੀ ਵੈਨ ’ਚੋਂ 1.3 ਕਰੋੜ ਰੁਪਏ ਲੁੱਟੇ ਸਨ। ਇਸੇ ਤਰਾਂ ਹੀ ਇੱਕ ਹੋਰ ਵਾਰਦਾਤ ਦੌਰਾਨ ਵੈਨ ਵਿੱਚੋਂ 35 ਲੱਖ ਲੁੱਟਿਆ ਸੀ। ਸਾਲ 2020 ’ਚ ਲੁਧਿਆਣਾ ਵਿੱਚ ਡਾਕਾ ਮਾਰਕੇ 33 ਕਿੱਲੋ ਸੋਨਾ ਲੁੱਟਣ ਦੇ ਮਾਮਲੇ ’ਚ ਵੀ ਪੁਲਿਸ ਜੈਪਾਲ ਭੁੱਲਰ ਦਾ ਹੱਥ ਦੱਸਦੀ ਆ ਰਹੀ ਹੈ। ਇਸ ਵੇਲੇ ਪੰਜਾਬ ’ਚ 4 ਦਰਜਨ ਦੇ ਕਰੀਬ ਖਤਰਨਾਕ ਗਿਰੋਹ ਸਰਗਰਮ ਹਨ ਜਿੰਨ੍ਹਾਂ ਚੋਂ ਜੈਪਾਲ ਭੁੱਲਰ ਨੂੰ ਪੁਲਿਸ ਰਿਕਾਰਡ ’ਚ ਕਾਫੀ ਖੂੰਖਾਰ ਅਪਰਾਧੀ ਮੰਨਿਆ ਜਾਂਦਾ ਰਿਹਾ ਹੈ। ਹਾਲਾਂਕਿ ਜੈਪਾਲ ਭੁੱਲਰ ਦਰਜਨਾਂ ਵਾਰ ਪੁਲਿਸ ਨੂੰ ਚਕਮਾ ਦੇਣ ’ਚ ਸਫਲ ਅਤੇ ਮੌਕੇ ਤੋਂ ਫਰਾਰ ਹੁੰਦਾ ਰਿਹਾ ।
ਜਗਰਾਓਂ ’ਚ ਦੋ ਸਹਾਇਕ ਥਾਣੇਦਾਰਾਂ ਦੀ ਦਿਨ ਦਿਹਾੜੇ ਕੀਤੀ ਹੱਤਿਆ ਤੋਂ ਬਾਅਦ ਉਸ ਦੇ ਮਾੜੇ ਦਿਨ ਸ਼ੁਰੂ ਹੋ ਗਏ। ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਅਤੇ ਆਪਣੇ ਹੀ ਸਾਥੀ ਪੁਲਿਸ ਅਧਿਕਾਰੀਆਂ ਦੇ ਬੇਰਹਿਮੀ ਨਾਲ ਕੀਤੇ ਕਤਲ ਨੂੰ ਪੰਜਾਬ ਪੁਲਿਸ ਨੇ ਮੁੱਛ ਦਾ ਸਵਾਲ ਬਣ ਲਿਆ । ਜੈਪਾਲ ਭੁੱਲਰ ਦੀ ਲਗਾਤਾਰ ਤਲਾਸ਼ ਦੌਰਾਨ ਅੰਤ ਨੂੰ ਜੈਪਾਲ ਅਤੇ ਉਸ ਦੇ ਇੱਕ ਸਾਥੀ ਨੂੰ ਕਲਕੱਤਾ ’ਚ ਪੱਛਮੀ ਬੰਗਾਲ ਪੁਲਿਸ ਦੇ ਸਹਿਯੋਗ ਨਾਲ ਮਾਰ ਮੁਕਾਇਆ।
ਹਥਿਆਰਾਂ ਨਾਲ ਖੇਡ੍ਹ ਮਕਸਦ ਬਣਾਈ
ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਸੀ ਕਿ ਬੇਰੁਜਗਾਰੀ ਦੀ ਅੱਗ ’ਚ ਝੁਲਸੇ ਕਾਫੀ ਨੌਜਵਾਨਾਂ ਨੇ ਹਥਿਆਰਾਂ ਨਾਲ ਖੂਨੀ ਖੇਡ੍ਹ ਖੇਡ੍ਹਣ ਨੂੰ ਹੀ ਆਪਣੀ ਜਿੰਦਗੀ ਦਾ ਮਕਸਦ ਮੰਨਣ ਦਾ ਭਰਮ ਪਾਲ ਲਿਆ ਹੈ। ਉਨ੍ਹਾਂ ਆਖਿਆ ਕਿ ਰੁਜਗਾਰ ਤੋਂ ਵਾਂਝੇ ਪੰਜਾਬ ਦੇ ਗੱਭਰੂ ਮਾਨਸਿਕ ਪ੍ਰੇਸ਼ਾਨੀਆਂ ਚੋਂ ਨਿਕਲਣ ਦਾ ਵਸੀਲਾ ਨਸ਼ਿਆਂ ਅਤੇ ਅਪਰਾਧ ਨੂੰ ਬਣਾ ਰਹੇ ਹਨ। ਉਨ੍ਹਾਂ ਆਖਿਆ ਕਿ ਇਸੇ ਦੁਖਾਂਤ ਦੀ ਪੈਦਾਇਸ਼ ਗੈਂਗਸਟਰਵਾਦ ਹੈ ਜੋ ਪੰਜਾਬ ਲਈ ਵੱਡਾ ਖਤਰਾ ਹੈ। ਉਨ੍ਹਾਂ ਆਖਿਆ ਕਿ ਡਰੱਗਜ਼ ਨੇ ਤਾਂ ਸਿਰਫ ਜੁਆਨੀ ਹੀ ਨਹੀਂ ਬਲਕਿ ਪੰਜਾਬੀਅਦ ਦੀ ਮੜਕ ਵੀ ਮੱਠੀ ਪਾ ਦਿੱਤੀ ਹੈ ਜੋਕਿ ਚਿੰਤਾਜਨਕ ਹੈ।