ਗਿੱਦੜਬਾਹਾ: ਇੱਕੋ ਰਾਤ 3 ਮੈਡੀਕਲ ਸਟੋਰਾਂ ’ਤੇ ਚੋਰਾਂ ਨੇ ਬੋਲਿਆ ਧਾਵਾ, ਕੈਮਰੇ ’ਚ ਕੈਦ ਹੋਈ ਘਟਨਾ
ਰਾਜਵੰਤ ਸਿੰਘ
ਗਿੱਦੜਬਾਹਾ, 10 ਜੂਨ 2021-ਬੀਤੀ ਰਾਤ ਚੋਰਾਂ ਨੇ ਸ਼ਹਿਰ ਅੰਦਰ ਵੱਖ-ਵੱਖ ਥਾਵਾਂ ’ਤੇ ਤਿੰਨ ਮੈਡੀਕਲ ਸਟੋਰਾਂ ’ਤੇ ਧਾਵਾ ਬੋਲਿਆ ਹੈ। ਚੋਰਾਂ ਨੇ ਮੈਡੀਕਲ ਸਟੋਰਾਂ ਅੰਦਰੋਂ ਨਗਦੀ ਚੋਰੀ ਕੀਤੀ ਹੈ। ਇੰਨ੍ਹਾਂ ਮਾਮਲਿਆਂ ਵਿੱਚੋਂ ਇੱਕ ਘਟਨਾ ਦੀ ਸੀਸੀਟੀਵੀ ਫੁਟੇਜ਼ ਸਾਹਮਣੇ ਆਈ ਹੈ, ਜਿਸ ਵਿੱਚ ਚੋਰ ਬੇਖੌਫ਼ ਹੋ ਕੇ ਦੁਕਾਨ ਦਾ ਸ਼ਟਰ ਤੋੜਦਾ ਵੇਖਿਆ ਜਾਂਦਾ ਹੈ। ਮੈਡੀਕਲ ਸਟੋਰ ਸੰਚਾਲਕ ਰਵਿੰਦਰ ਸਿੰਘ ਬਾਂਸਲ ਨੇ ਦੱਸਿਆ ਕ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਘਰ ਚਲਿਆ ਗਿਆ, ਪਰ ਅਗਲੀ ਸਵੇਰ ਪਤਾ ਚੱਲਿਆ ਕਿ ਉਸਦੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ, ਜਿਸ ਤੋਂ ਬਾਅਦ ਦੁਕਾਨ ਅੰਦਰ ਜਾ ਕੇ ਵੇਖਿਆ ਗਿਆ ਤਾਂ ਪਤਾ ਚੱਲਿਆ ਕਿ ਗੱਲੇ ਵਿੱਚ ਪਈ ਕਰੀਬ 8-10 ਹਜ਼ਾਰ ਦੀ ਨਗਦੀ ਗਾਇਬ ਸੀ, ਜਦੋਂਕਿ ਉਸਦੀ ਦੁਕਾਨ ’ਤੇ ਲੱਗੇ ਸੀਸੀਟੀਟੀ ਕੈਮਰਿਆਂ ਦੀ ਡੀਵੀਆਰ ਵੀ ਉਹ ਚੋਰੀ ਕਰਕੇ ਲੈ ਗਏ ਤੇ ਜਾਂਦੇ-ਜਾਂਦੇ ਸੀਸੀਟੀਵੀ ਕੈਮਰੇ ਵੀ ਤੋੜ ਗਏ।
ਇਸੇ ਤਰ੍ਹਾਂ ਸ਼ਹਿਰ ਅੰਦਰ ਪਾਰਸ ਫਾਰਮਾ ਤੋਂ 550 ਰੁਪਏ ਦੇ ਕਰੀਬ ਨਗਦੀ ਤੇ ਇੱਕ ਹੋਰ ਮੈਡੀਕਲ ਹਾਲ ਅੰਦਰੋਂ ਕਰੀਬ 80 ਹਜ਼ਾਰ ਦੀ ਨਗਦੀ ਵੀ ਚੋਰੀ ਹੋਈ ਹੈ। ਸੀਸੀਟੀਵੀ ਫੁਟੇਜ਼ ਵਿੱਚ ਇਹ ਵੇਖਿਆ ਗਿਆ ਹੈ ਕਿ ਚੋਰ ਇੱਕ ਕਾਰ ’ਚ ਆਏ ਸਨ, ਜਿੰਨ੍ਹਾਂ ਦੇ ਮੂੰਹ ਢਕੇ ਹੋਏ ਸਨ ਤੇ ਰਾਡ ਦੀ ਮਦਦ ਨਾਲ ਸ਼ਟਰ ਤੋੜ ਰਹੇ ਸਨ। ਇਸ ਤੋਂ ਇਲਾਵਾ ਧਰਮਸ਼ਾਲਾ ਚੌਂਕ ਨੇੜੇ ਵੀ ਚੋਰਾਂ ਨੇ ਇੱਕ ਜਨਰਲ ਸਟੋਰ ਦੇ ਜਿੰਦਰੇ ਤੋੜਣ ਦੀ ਕੋਸ਼ਿਸ਼ ਕੀਤੀ, ਪਰ ਨਾਕਾਮ ਰਹੇ। ਇਸ ਸਬੰਧੀ ਥਾਣਾ ਗਿੱਦੜਬਾਹਾ ਦੇ ਐਸਐਚਓ ਹਰਜੀਤ ਸਿੰਘ ਮਾਨ ਨੇ ਕਿਹਾ ਕਿ ਪੁਲਿਸ ਸੀਸੀਟੀਵੀ ਫੁਟੇਜ਼ ਦੇ ਅਧਾਰ ’ਤੇ ਕਾਰਵਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।