ਆਪ ਆਗੂ, ਕੌਂਸਲਰ ਸਮੇਤ 20 ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 11 ਜੂਨ 2021-ਵੀਰਵਾਰ ਦੇ ਦਿਨ ਨਗਰ ਕੌਂਸਲ ਪ੍ਰਧਾਨ ਦੇ ਘਰ ਅੱਗੇ ਕੂੜੇ ਦੀਆਂ ਟਰਾਲੀਆਂ ਸੁੱਟਕੇ ਪ੍ਰਦਰਸ਼ਨ ਦੌਰਾਨ ਭੜਕਾਊ ਭਾਸ਼ਣ ਦੇੇਣ ਦੇ ਦੋਸ਼ ਹੇਠ ਥਾਣਾ ਸਿਟੀ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਮੀਤ ਪ੍ਰਧਾਨ ਜਗਦੀਪ ਸਿੰਘ ਸੰਧੂ, ਕੌਂਸਲਰ ਹਰਦੀਪ ਸਿੰਘ ਅਤੇ ਭਿੰਦਾ ਸਮੇਤ ਲਗਭਗ 15-20 ਅਣਪਛਾਤੇ ਵਿਅਕਤੀਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਅਨੂਸਾਰ ਵੀਰਵਾਰ ਨੂੰ ਸਫਾਈ ਸੇਵਕਾਂ ਦੀ ਹੜਤਾਲ ਦੇ ਚੱਲਦਿਆਂ ਸ਼ਹਿਰ ’ਚ ਲੱਗੇ ਪਏ ਕੂੜੇ ਦੇ ਢੇਰਾਂ ਦੇ ਰੋਸ ਵਜੋਂ ਆਮ ਆਦਮੀ ਪਾਰਟੀ ਦੇ ਆਗੂ ਜਗਦੀਪ ਸਿੰਘ ਸੰਧੂ, ਕੌਂਸਲਰ ਹਰਦੀਪ ਸਿੰਘ, ਭਿੰਦਾ ਸਮੇਤ ਹੋਰ ਵਰਕਰਾਂ ਵੱਲੋਂ ਟਰਾਲੀ ’ਚ ਭਰਕੇ ਲਿਆਂਦਾ ਕੂੜਾ ਕੌਂਸਲ ਪ੍ਰਧਾਨ ਸ਼ੰਮੀ ਤੇਰੀਆ ਦੇ ਘਰ ਅਤੇ ਦੁਕਾਨ ਮੁਹਰੇ ਸੁੱਟ ਕੇ ਗੰਦ ਫੈਲਾ ਦਿੱਤਾ ਗਿਆ ਸੀ। ਤਫਤੀਸ਼ੀ ਅਫਸਰ ਐਸ.ਆਈ ਬਿੰਦਰਪਾਲ ਸਿੰਘ ਨੇ ਦੱਸਿਆ ਕਿ ਪ੍ਰਧਾਨ ਸ਼ੰਮੀ ਤੇਰੀਆ ਦੇ ਬਿਆਨ ’ਤੇ ਕਾਰਵਾਈ ਕਰਦਿਆਂ ਥਾਣਾ ਸਿਟੀ ਵਿਖੇ ਜਗਦੀਪ ਸੰਧੂ, ਹਰਦੀਪ ਸਿੰਘ, ਭਿੰਦਾ ਅਤੇ 15-20 ਅਣਪਛਾਤੇ ਵਿਅਕਤੀਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।