ਕੈਨੇਡਾ ਲਿਜਾਣ ਲਈ 68 ਲੱਖ ਦੀ ਠੱਗੀ ਮਾਰਨ ਸਬੰਧੀ ਕਸੀ ਚੂੜੀ, ਇੱਕ ਹੀ ਪਰਿਵਾਰ ਦੇ ਚਾਰ ਜੀਆਂ ਖਿਲਾਫ ਕੇਸ ਦਰਜ
ਅਸ਼ੋਕ ਵਰਮਾ
ਬਠਿੰਡਾ, 11 ਜੂਨ 2021: ਬਠਿੰਡਾ ਪੁਲਿਸ ਨੇ ਕੈਨੇਡਾ ਲਿਜਾਣ ਦਾ ਝਾਂਸਾ ਦੇ ਕੇ 68 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰਨ ਦੇ ਮਾਮਲੇ ’ਚ ਇੱਕ ਹੀ ਪਰਿਵਾਰ ਦੇ ਚਾਰ ਜੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਕਾਰਵਾਈ ਦਾ ਨਿਸ਼ਾਨਾ ਬਨਣ ਵਾਲਿਆਂ ’ਚ ਪਰਿਵਾਰ ਦਾ ਮੁਖੀ ਹਰਦੀਪ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਬੈਕ ਸਾਈਡ ਸਟੇਡੀਅਮ ਬਠਿੰਡਾ, ਉਸ ਦੀ ਪਤਨੀ ਵੀਰਪਾਲ ਕੌਰ, ਪੁੱਤਰ ਪੁਸ਼ਪਿੰਦਰ ਸਿੰਘ ਉਰਫ ਹੈਪੀ ਅਤੇ ਧੀ ਸੰਦੀਪ ਕੌਰ ਹਾਲ ਅਬਾਦ ਟੋਰਾਂਟੋ ਕੈਨੇਡਾ ਸ਼ਾਮਲ ਹਨ। ਥਾਣਾ ਦਿਆਲਪੁਰਾ ਭਾਈ ਪੁਲਿਸ ਨੇ ਗੁਰਪਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀਅਨ ਕੋਠੇ ਭਾਈਆਣਾ ਭਗਤਾ ਭਾਈ ਦੀ ਸ਼ਿਕਾਇਤ ’ਤੇ 68 ਲੱਖ 59 ਹਜ਼ਾਰ 500 ਰੁਪਏ ਦੀ ਠੱਗੀ ਸਬੰਧੀ ਇੰਨ੍ਹਾਂ ਚਾਰਾਂ ਨੂੰ ਧਾਰਾ 420, 120 ਬੀ, 506 ਤਹਿਤ ਨਾਮਜ਼ਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗੁਰਪਿੰਦਰ ਸਿੰਘ ਵਾਸੀ ਭਗਤਾ ਭਾਈ ਨੇ ਐਸ. ਐਸ.ਪੀ ਬਠਿੰਡਾ ਨੂੰ ਠੱਗੀ ਸਬੰਧੀ ਸ਼ਿਕਾਇਤ ਦਿੱਤੀ ਸੀ।
ਸ਼ਿਕਾਇਤ ’ਚ ਦੱਸਿਆ ਸੀ ਕਿ 12 ਮਈ 2019 ਨੂੰ ਉਸ ਦਾ ਵਿਆਹ ਸੰਦੀਪ ਕੌਰ ਪੁੱਤਰੀ ਹਰਦੀਪ ਸਿੰਘ ਨਾਲ ਅੰਟੀਕ ਪੈਲੇਸ ਬਠਿੰਡਾ ’ਚ ਹੋਇਆ ਸੀ। ਸ਼ਿਕਾਇਤ ਅਨੁਸਾਰ ਵਿਆਹ ਤੋਂ ਪਹਿਲਾਂ ਜਦੋਂ ਇਸ ਬਾਰੇ ਗੱਲ ਕਰਨ ਲਈ ਗਏ ਤਾਂ ਉਸ ਦੇ ਸਹੁਰੇ ਹਰਦੀਪ ਸਿੰਘ ਅਤੇ ਸੱਸ ਵੀਰਪਾਲ ਕੌਰ ਨੇ ਆਪਣੀ ਲੜਕੀ ਸੰਦੀਪ ਕੌਰ ਅਤੇ ਲੜਕੇ ਪੁਸ਼ਪਿੰਦਰ ਸਿੰਘ ਦੇ ਕੈਨੇਡਾ ਪੜ੍ਹਦੇ ਹੋਣ ਬਾਰੇ ਦੱਸਿਆ ਸੀ। ਸੰਦੀਪ ਕੌਰ ਵੱਲੋਂ ਪੁਲਿਸ ਦੀ ਪੜ੍ਹਾਈ ਕਰਨ ਦੇ ਹਵਾਲੇ ਨਾਲ ਦੋਵਾਂ ਜੀਆਂ ਨੇ 50 ਲੱਖ ਰੁਪਿਆ ਖਰਚਾ ਆਉਣ ਦੀ ਗੱਲ ਆਖੀ ਤਾਂ ਅਸੀਂ ਹਾਂ ਕਰ ਦਿੱਤੀ। ਸ਼ਗਨ ਦੀ ਰਸਮ ਭਗਤਾ ਭਾਈ ਵਿਚਲੇ ਘਰ ’ਚ 31 ਦਸੰਬਰ 2018 ਨੂੰ ਕੀਤੀ ਗਈ ਸੀ। ਸ਼ਿਕਾਇਤ ’ਚ ਮੁਦਈ ਗੁਰਪਿੰਦਰ ਸਿੰਘ ਨੇ ਆਪਣੇ ਸਹੁਰੇ ਪਰਿਵਾਰ ਨੂੰ ਵੱਖ-ਵੱਖ ਢੰਗਾਂ ਨਾਲ ਦਿੱਤੇ ਪੈਸਿਆਂ ਦਾ ਵੇਰਵਾ ਵੀ ਸ਼ਾਮਲ ਕੀਤਾ ਹੈ।
ਇਸ ’ਚ ਵਿਆਹ ਮੌਕੇ ਪੈਲੇਸ ਆਦਿ ਸਬੰਧੀ ਖਰਚ ਕੀਤਾ 13 ਲੱਖ ਰੁਪਿਆ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਸਾਢੇ ਤਿੰਨ ਲੱਖ ਰੁਪਏ ਦਾ ਸੋਨਾ ਪਾਇਆ ਸੀ। ਗੁਰਪਿੰਦਰ ਸਿੰਘ ਨੇ ਆੜ੍ਹਤੀਆਂ ਤੋਂ ਪੈਸੇ ਲੈ ਕੇ ਦੇਣ, ਵੈਸਟਰਨ ਮਨੀ ਯੂਨੀਅਨ ਰਾਹੀਂ ਅਦਾਇਗੀ ਕਰਨ ਅਤੇ ਵੱਖ-ਵੱਖ ਬੈਂਕ ਖਾਤਿਆਂ ’ਚ ਪੈਸੇ ਟਰਾਂਸਫਰ ਕਰਨ ਬਾਰੇ ਸਬੂਤ ਵੀ ਪੁਲਿਸ ਨੂੰ ਦਿੱਤੇ ਸਨ। ਸ਼ਿਕਾਇਤ ’ਚ ਦੱਸਿਆ ਹੈ ਕਿ ਨਵੰਬਰ 2020 ’ਚ ਹਰਦੀਪ ਸਿੰਘ ਅਤੇ ਉਸ ਦੀ ਪਤਨੀ ਵੀਰਪਾਲ ਕੌਰ ਨੇ ਕੈਨੇਡਾ ਭੇਜਣ ਦੀ ਸੂਰਤ ’ਚ 25 ਲੱਖ ਰੁਪਏ ਹੋਰ ਮੰਗ ਲਏ, ਜਿੰਨ੍ਹਾਂ ਨੂੰ ਦੇਣ ਤੋਂ ਉਨ੍ਹਾਂ ਨੇ ਅਸਮਰੱਥਾ ਜਤਾ ਦਿੱਤੀ ਅਤੇ ਕਿਹਾ ਕਿ ਉਹ ਕਰੀਬ 50 ਲੱਖ ਰੁਪਿਆ ਪਹਿਲਾਂ ਹੀ ਖਰਚ ਕਰ ਚੁੱਕੇ ਹਨ ਅਤੇ ਹੋਰ ਪੈਸਾ ਦੇਣਾ ਉਨ੍ਹਾਂ ਦੇ ਵੱਸ ’ਚ ਨਹੀਂ ਹੈ।
ਗੁਰਪਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਸਹੁਰਿਆਂ ਨੇ ਉਸ ਨੂੰ ਸੰਦੀਪ ਕੌਰ ਦੇ ਗਰਭ ’ਚ ਉਸ ਦਾ ਬੱਚਾ ਮਰਵਾਉਣ ਦੀ ਧਮਕੀ ਵੀ ਦਿੱਤੀ ਸੀ। ਸ਼ਿਕਾਇਤ ਅਨੁਸਾਰ ਪਰਿਵਾਰ ਵੱਲੋਂ ਮਿੰਨਤ ਤਰਲਾ ਕਰਨ ਦੇ ਬਾਵਜੂਦ ਸੰਦੀਪ ਕੌਰ ਨੇ ਉਸ ਨੂੰ ਅਬੌਰਟਡ ਬੱਚੇ ਦੀ ਫੋਟ ਭੇਜ ਕੇ ਕੋਈ ਸਬੰਧ ਨਾ ਹੋਣ ਬਾਰੇ ਆਖ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਨੇ ਠੱਗੀ ਮਾਰਨੀ ਸੀ, ਜੋ ਮਾਰ ਲਈ ਹੈ। ਮੁਦਈ ਨੇ ਪੈਸਾ ਦੇਣ ਲਈ ਪਿਤਾ ਵੱਲੋਂ ਦੁਕਾਨ ਅਤੇ ਜ਼ਮੀਨ ਆਦਿ ਵੇਚਣ ਦੇ ਹਵਾਲੇ ਨਾਲ ਐਸ.ਐਸ.ਪੀ ਬਠਿੰਡਾ ਤੋਂ ਆਪਣੇ ਸਹੁਰਿਆਂ ’ਤੇ 68 ਲੱਖ ਦੀ ਠੱਗੀ ਮਾਰਨ ਦੇ ਦੋਸ਼ ਲਾਉਂਦਿਆਂ ਪਤਨੀ, ਸੱਸ, ਸਹੁਰੇ ਅਤੇ ਸਾਲੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ।
ਡੀ.ਐਸ.ਪੀ ਫੂਲ ਵੱਲੋਂ ਪੜਤਾਲ
ਐਸ.ਐਸ.ਪੀ ਦੀਆਂ ਹਦਾਇਤਾਂ ’ਤੇ ਡੀ.ਐਸ.ਪੀ ਰਾਮਪੁਰਾ ਫੂਲ ਵੱਲੋਂ ਕੀਤੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਗੁਰਪਿੰਦਰ ਦਾ ਪਰਿਵਾਰ ਉਸ ਨੂੰ ਕੈਨੇਡਾ ਭੇਜਣ ਲਈ ਆਈਲੈਟਸ ਪਾਸ ਲੜਕੀ ਦੀ ਤਲਾਸ਼ ਸੀ। ਪਿਤਾ ਜਗਤਾਰ ਸਿੰਘ ਦੀ ਜਾਣ ਪਛਾਣ ਵਾਲਿਆਂ ਨੇ ਇਸ ਰਿਸ਼ਤੇ ਦੀ ਦੱਸ ਪਾਈ ਸੀ। ਮੁਲਜ਼ਮ ਹਰਦੀਪ ਸਿੰਘ ਨੇ ਗੁਰਪਿੰਦਰ ਸਿੰਘ ਨੂੰ ਕੈਨੇਡਾ ਪੀ ਆਰ ਦਿਵਾਉਣ ਬਦਲੇ 50 ਲੱਖ ਰੁਪਿਆ ਮੰਗਿਆ ਸੀ। ਇਸ ਤੋਂ ਇਲਾਵਾ ਵਿਆਹ ਦਾ ਖਰਚਾ ਵੀ ਲੜਕੇ ਪਰਿਵਾਰ ਵੱਲੋਂ ਕਰਨਾ ਤੈਅ ਹੋਇਆ ਸੀ। ਪੜਤਾਲ ਦੌਰਾਨ ਲੜਕੇ ਦੇ ਪਰਿਵਾਰ ਵੱਲੋਂ ਕੀਤੇ ਖਰਚ ਅਤੇ ਪੈਸਿਆਂ ਦੀ ਅਦਾਇਗੀ ਦੇ ਤੱਥ ਉਜਾਗਰ ਹੋ ਗਏ। ਡੀ.ਐਸ.ਪੀ ਨੇ ਚਾਰਾਂ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕਰਨ ਦੀ ਸਿਫਾਰਸ਼ ਵੀ ਕੀਤੀ ਸੀ।
ਐਸ.ਐਸ.ਪੀ ਦੇ ਹੁਕਮਾਂ ’ਤੇ ਕੇਸ ਦਰਜ
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਵੱਲੋਂ ਪੜ੍ਹਤਾਲੀਆ ਰਿਪੋਰਟ ਸਬੰਧੀ ਕਾਨੂੰਨੀ ਰਾਏ ਲੈਣ ਉਪਰੰਤ ਚਾਰਾਂ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕਰਨ ਦੇ ਆਦੇਸ਼ ਦਿੱਤੇ ਸਨ। ਥਾਣਾ ਦਿਆਲਪੁਰਾ ਭਾਈ ਪੁਲਿਸ ਨੇ ਐਸ.ਐਸ.ਪੀ ਦੇ ਹੁਕਮਾਂ ਤਹਿਤ ਹਰਦੀਪ ਸਿੰਘ ਅਤੇ ਉਸ ਦੇ ਪਰਿਵਾਰ ਨਾਲ ਸਬੰਧਤ ਬਾਕੀ ਤਿੰਨ ਜੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਮਾਮਲੇ ਦੀ ਜਾਂਚ ਏ.ਐਸ.ਆਈ ਕੌਰ ਸਿੰਘ ਨੂੰ ਸੌਂਪੀ ਗਈ ਹੈ। ਜ਼ਿਲ੍ਹਾ ਪੁਲਿਸ ਵੱਲੋਂ ਜਾਰੀ ਕਰਾਈਮ ਰਿਪੋਰਟ ਅਨੁਸਾਰ ਫਿਲਹਾਲ ਇਸ ਮਾਮਲੇ ’ਚ ਕੋਈ ਗਿ੍ਰਫਤਾਰੀ ਨਹੀਂ ਹੋਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਕੇ ਅਗਲੀ ਕਾਰਵਾਈ ਕੀਤੀ ਜਾਏਗੀ।