ਸਰਕਾਰ ਖੇਤੀ ਫੇਲ੍ਹ ਕਰਨ ਲਈ ਵਧਾ ਰਹੀ ਹੈ ਡੀਜ਼ਲ ਦੇ ਭਾਅ : ਇੰਜ. ਸਵਰਨ ਸਿੰਘ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 10 ਜੂਨ 2021 - ਪੈਟਰੋਲ ਅਤੇ ਡੀਜ਼ਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਦੇ ਵਿਰੋਧ ਵਿੱਚ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੀ. ਏ, ਸੀ. ਦੇ ਮੈਂਬਰ ਇੰਜੀਨੀਅਰ ਸਵਰਨ ਸਿੰਘ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਕਰੜੇ ਹੱਥੀਂ ਲਿਆ । ਉਨ੍ਹਾਂ ਕਿਹਾ ਕਿ ਸਰਕਾਰ ਡੀਜ਼ਲ ਦੇ ਭਾਅ ਵਧਾ ਕੇ ਕਿਸਾਨਾਂ ਨੂੰ ਮਾਰਨਾ ਚਾਹੁੰਦੀ ਹੈ ਅਤੇ ਪੰਜਾਬ ਦੀ ਖੇਤੀ ਫੇਲ੍ਹ ਕਰਨਾ ਚਾਹੁੰਦੀ ਹੈ ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਕਾਂਗਰਸ ਲੋਕਾਂ ਦਾ ਰਲ-ਮਿਲ ਕੇ ਕਚੂੰਮਰ ਕੱਢ ਰਹੀ ਹੈ ਇਕ ਪਾਸਿਓਂ ਕੇਂਦਰ ਸਰਕਾਰ ਐਕਸਾਈਜ਼ ਡਿਊਟੀ ਵਸੂਲ ਰਹੀ ਹੈ ਤੇ ਦੂਜੇ ਪਾਸਿਓਂ ਪੰਜਾਬ ਸਰਕਾਰ ਮੋਟਾ ਵੈਟ ਵਸੂਲ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਕਰਕੇ ਪੰਜਾਬ ਵਿਚ ਪੈਟਰੋਲ 100 ਨੂੰ ਪਹੁੰਚ ਗਿਆ ਹੈ ਅਤੇ ਡੀਜ਼ਲ 90 ਨੂੰ ਪਹੁੰਚ ਗਿਆ ਹੈ ।
ਉਨ੍ਹਾਂ ਕਿਹਾ ਕਿ ਸਰਕਾਰ ਭਲੀ ਭਾਂਤ ਜਾਣਦੀ ਹੈ ਕਿ ਮੌਜੂਦਾ ਸਮੇਂ ਵਿੱਚ ਝੋਨੇ ਦੀ ਬਿਜਾਈ ਅਤੇ ਲੁਆਈ ਹੋ ਰਹੀ ਹੈ ਇਸ ਮੌਕੇ ਵੱਡੀ ਪੱਧਰ ਤੇ ਕਿਸਾਨਾਂ ਨੂੰ ਡੀਜ਼ਲ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਸਰਕਾਰ ਡੀਜ਼ਲ ਦੇ ਭਾਅ ਇਸ ਲਈ ਵਧਾ ਰਹੀ ਹੈ ਕਿ ਕਿਸਾਨ ਖੇਤੀ ਛੱਡ ਕੇ ਭੱਜ ਜਾਵੇ ਅਤੇ ਵੱਡੀਆਂ ਵੱਡੀਆਂ ਕਾਰਪੋਰੇਟ ਕੰਪਨੀਆਂ ਨੂੰ ਖੇਮਮਮ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜ ਛੇ-ਸਾਲ ਪਹਿਲਾਂ ਡੀਜ਼ਲ ਦੇ ਰੇਟ 30-35 ਰੁਪਏ ਦੇ ਆਸ-ਪਾਸ ਸੀ ਅਤੇ ਹੁਣ ਤਿੰਨ ਗੁਣਾਂ ਵਧ ਕੇ 90 ਰੁਪਏ ਨੂੰ ਪਹੁੰਚ ਗਏ ਹਨ ਉਨ੍ਹਾਂ ਕਿਹਾ ਕਿ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕੀਤਾ ਜਾ ਰਿਹਾ ਹੈ ਅਤੇ ਇਸੇ ਸਾਜ਼ਿਸ਼ ਦੇ ਤਹਿਤ ਖੇਤੀ ਨੂੰ ਜਾਣਬੁੱਝ ਕੇ ਘਾਟੇ ਦਾ ਧੰਦਾ ਬਣਾਇਆ ਜਾ ਰਿਹਾ ਹੈ ।
ਉਨ੍ਹਾਂ ਕਿਹਾ ਕਿ ਇਕ ਪਾਸੇ ਜਿੱਥੇ ਕੋਰੋਨਾ ਮਹਾਂਮਾਰੀ ਦੇ ਨਾਲ ਪਹਿਲਾਂ ਹੀ ਕੰਮਕਾਰ ਠੱਪ ਪਏ ਹਨ ਉੱਥੇ ਦੂਜੇ ਪਾਸੇ ਮਹਿੰਗਾਈ ਨੇ ਲੋਕਾਂ ਦਾ ਕਚੂੰਬਰ ਕੱਢਿਆ ਹੋਇਆ ਹੈ । ਉਨ੍ਹਾਂ ਕਿਹਾ ਕਿ ਦਿਨੋਂ ਦਿਨ ਵਧ ਰਹੇ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ਨੇ ਲੋਕਾਂ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ । ਲਗਾਤਾਰ ਚੌਥੀ ਵਾਰ ਪੈਟਰੋਲ ਅਤੇ ਡੀਜ਼ਲ ਦੇ ਵਧੇ ਰੇਟਾਂ ਦੇ ਕਾਰਨ ਮਹਿੰਗਾਈ ਵੀ ਹੁਣ ਆਸਮਾਨ ਨੂੰ ਛੂਹਣ ਲੱਗ ਪਈ ਹੈ। ਆਉਣ ਵਾਲੇ ਸਮੇਂ ਵਿੱਚ ਜੇਕਰ ਇਸੇ ਤਰ੍ਹਾਂ ਪੈਟਰੋਲ ਦੇ ਰੇਟ ਵਧਦੇ ਗਏ ਤਾਂ ਇਹ ਰੇਟ ਸੌ ਰੁਪਏ ਦੇ ਪਾਰ ਹੋ ਜਾਵੇਗਾ।
ਪੈਟਰੋਲ ਅਤੇ ਡੀਜ਼ਲ ਦੇ ਨਾਲ ਢੋਆ ਢੁਆਈ ਵੀ ਮਹਿੰਗੀ ਹੋਈ ਹੈ ਜਿਸ ਨਾਲ ਸਬਜ਼ੀਆਂ ਫਲਾਂ ਦਾਲਾਂ ਵੀ ਮਹਿੰਗੀਆਂ ਹੋ ਗਈਆਂ ਹਨ ਇਸ ਮੌਕੇ ਤੇ ਪੈਟਰੋਲ ਪੁਆਉਣ ਆਏ ਗਾਹਕਾਂ ਨੇ ਕਿਹਾ ਕਿ ਦਿਨੋਂ ਦਿਨ ਵੱਧ ਰਹੇ ਰੇਟਾਂ ਨੇ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ ਇਕ ਪਾਸੇ ਜਿਥੇ ਕੋਰੋਨਾ ਮਹਾਂਮਾਰੀ ਦੇ ਕਾਰਨ ਕੰਮਕਾਰ ਬਿਲਕੁਲ ਠੱਪ ਹੋ ਗਏ ਹਨ ਦੂਜੇ ਪਾਸੇ ਪੈਟਰੋਲ ਅਤੇ ਡੀਜ਼ਲ ਦੀ ਮਾਰ ਨੇ ਆਮ ਲੋਕਾਂ ਦਾ ਕਚੂੰਬਰ ਕੱਢ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕ ਸਰਕਾਰਾਂ ਨੂੰ ਚਾਹੀਦਾ ਹੈ ਕਿ ਪੈਟਰੋਲ ਅਤੇ ਡੀਜ਼ਲ ਦੇ ਵਧੇ ਰੇਟਾਂ ਤੇ ਨੱਥ ਪਾਈ ਜਾਵੇ।