ਦੋਨਾਂ ਗੈਂਗਸਟਰਾਂ ਦੀਆਂ ਮ੍ਰਿਤਕ ਦੇਹਾਂ ਲੈਣ ਉਨ੍ਹਾਂ ਦੇ ਪਰਿਵਾਰ ਪੁੱਜੇ ਕੋਲਕਾਤਾ, ਪਰਿਵਾਰਾਂ ਕੋਲੋਂ ਕਰਾਈ ਜਾਏਗੀ ਸ਼ਨਾਖਤ
ਗੌਰਵ ਮਾਣਿਕ
- ਸੂਬੇ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਆਪਣੇ ਟਵਿੱਟਰ ਹੈਂਡਲ ਤੇ ਪੋਸਟ ਪਾ ਕੇ ਕੀਤਾ ਗਿਆ ਸਾਫ, ਇਸ ਪੂਰੇ ਐਨਕਾਊਂਟਰ ਨੂੰ ਅੰਜਾਮ ਕੋਲਕਾਤਾ ਏਟੀਐੱਸ ਵੱਲੋਂ ਦਿੱਤਾ ਗਿਆ
- ਦੋਨਾਂ ਗੈਂਗਸਟਰਾਂ ਦੇ ਐਨਕਾਊਂਟਰ ਤੋਂ ਬਾਅਦ ਬੈਕਫੁੱਟ ਤੇ ਨਜ਼ਰ ਆ ਰਹੀ ਹੈ ਪੰਜਾਬ ਪੁਲਿਸ
- ਪੰਜਾਬ ਪੁਲਿਸ ਵੱਲੋਂ ਪੱਛਮ ਬੰਗਾਲ ਪੁਲਿਸ ਅਤੇ ਏਟੀਐਸ ਨੂੰ ਦਿੱਤੀ ਗਈ ਸੀ ਦੋਵਾਂ ਗੈਂਗਸਟਰਾਂ ਬਾਰੇ ਸਟੀਕ ਜਾਣਕਾਰੀ - ਡੀਜੀਪੀ ਪੰਜਾਬ
- ਦੋਨਾਂ ਗੈਂਗਸਟਰਾਂ ਦੀ ਮ੍ਰਿਤਕ ਦੇਹਾਂ ਨੂੰ ਪੰਜਾਬ ਪੁਲਿਸ ਜਾਂ ਦੋਨਾਂ ਪਰਿਵਾਰਾਂ ਵਿੱਚੋਂ ਕਿਸ ਦੇ ਹਵਾਲੇ ਕੀਤਾ ਜਾਵੇ ਇਸ 'ਤੇ ਵੀ ਬਣੀ ਸ਼ਸ਼ੋਪੰਜ
ਚੰਡੀਗੜ੍ਹ /ਫਿਰੋਜ਼ਪੁਰ 11 ਜੂਨ 2021 - ਪੰਜਾਬ ਦੇ ਕੁਖਿਆਤ ਗੈਂਗਸਟਰ ਜੈਪਾਲ ਭੁੱਲਰ ਅਤੇ ਜਸਪ੍ਰੀਤ ਸਿੰਘ ਜੱਸੀ ਖਰੜ ਦਾ ਕੋਲਕਾਤਾ ਵਿੱਚ ਬੀਤੇ ਦਿਨੀ ਕੀਤੇ ਗਏ ਇਨਕਾਊਂਟਰ ਤੋਂ ਬਾਅਦ ਜੈਪਾਲ ਭੁੱਲਰ ਦਾ ਪਰਿਵਾਰ ਕਾਫੀ ਸ਼ੋਕ ਵਿੱਚ ਹੈ। ਦੱਸ ਦੇਈਏ ਕਿ ਪੰਜਾਬ ਦਾ ਇਹ ਨਾਮੀ ਗੈਂਗਸਟਰ ਫਿਰੋਜ਼ਪੁਰ ਸ਼ਹਿਰ ਦਾ ਰਹਿਣ ਵਾਲਾ ਸੀ ਅਤੇ ਦੂਸਰਾ ਖਰੜ ਦਾ ਰਹਿਣ ਵਾਲਾ ਸੀ।
ਪਰਿਵਾਰਕ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੋਨੇਂ ਗੈਂਗਸਟਰਾਂ ਦੇ ਪਰਿਵਾਰਾਂ ਨੂੰ ਕੋਲਕਾਤਾ ਵਿਖੇ ਬੁਲਾਇਆ ਗਿਆ ਹੈ। ਜਹਾਜ਼ ਰਾਹੀਂ ਦੋਨੋਂ ਪਰਿਵਾਰ ਕਲਕੱਤਾ ਪੁਲਿਸ ਪਾਸ ਪਹੁੰਚ ਗਏ ਨੇ ਅਤੇ ਮੁੱਢਲੀ ਪੁੱਛਗਿੱਛ ਤੋਂ ਬਾਅਦ ਪਰਿਵਾਰਾਂ ਕੋਲੋਂ ਦੋਨਾਂ ਦੀਆਂ ਮ੍ਰਿਤਕ ਦੇਹਾਂ ਦੀ ਸ਼ਨਾਖਤ ਕਰਵਾਈ ਜਾ ਰਹੀ ਹੈ। ਸ਼ਨਾਖਤ ਅਤੇ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਹੀ ਪਰਿਵਾਰਾਂ ਨੂੰ ਮ੍ਰਿਤਕ ਦੇਹਾਂ ਦਿੱਤੀਆਂ ਜਾਣਗੀਆਂ।
ਪਰ ਇਸ ਵਿੱਚ ਅਜੇ ਪੰਜਾਬ ਪੁਲਿਸ ਦੀ ਭੂਮਿਕਾ ਅਜੇ ਸਾਫ ਨਹੀਂ ਹੋਈ ਹੈ ਕਿ ਦੋਨਾਂ ਦੀ ਮ੍ਰਿਤਕ ਦੇਹ ਪੰਜਾਬ ਪੁਲਿਸ ਦੇ ਹਵਾਲੇ ਕੀਤੀਆਂ ਜਾਣਗੀਆਂ ਜਾਂ ਪੰਜਾਬ ਪੁਲਿਸ ਵੱਲੋਂ ਦੋਵਾਂ ਗੈਂਗਸਟਰਾਂ ਦੀਆਂ ਲਾਸ਼ਾਂ ਪਰਿਵਾਰ ਨੂੰ ਦਿੱਤੀਆਂ ਜਾਣਗੀਆਂ ਜਾਂ ਸਿੱਧਾ ਕੋਲਕਾਤਾ ਏਟੀਐਸ ਵੱਲੋਂ ਸਿੱਧੀਆਂ ਹੀ ਦੋਨਾਂ ਗੈਂਗਸਟਰਾਂ ਦੀਆਂ ਮ੍ਰਿਤਕ ਦੇਹਾਂ ਪਰਿਵਾਰ ਦੇ ਹਵਾਲੇ ਕਰ ਦਿੱਤੀਆਂ ਜਾਣਗੀਆਂ।
ਇਸ ਸਭ ਨੂੰ ਲੈ ਕੇ ਸ਼ਸ਼ੋਪੰਜ ਦੀ ਸਥਿਤੀ ਅਜੇ ਵੀ ਬਣੀ ਹੋਈ ਹੈ। ਪਰਿਵਾਰਕ ਸੂਤਰਾਂ ਮੁਤਾਬਕ ਅਜੇ ਤਕ ਦੋਨਾਂ ਦੀਆਂ ਮ੍ਰਿਤਕ ਦੇਹਾਂ ਪਰਿਵਾਰਾਂ ਦੇ ਹਵਾਲੇ ਨਹੀਂ ਕੀਤੀਆਂ ਗਈਆਂ ਹਨ। ਕੋਲਕਤਾ ਏਟੀਐੱਸ ਵੱਲੋਂ ਕੀਤੇ ਗਏ ਇਸ ਐਨਕਾਊਂਟਰ ਤੋਂ ਬਾਅਦ ਜਿੱਥੇ ਪਹਿਲੇ ਪੰਜਾਬ ਪੁਲਿਸ ਆਪਣੀ ਪਿੱਠ ਥਾਪੜਦੀ ਨਜ਼ਰ ਆਈ ਸੀ। ਹੁਣ ਉਹ ਬੈਕਫੁੱਟ ਤੇ ਨਜ਼ਰ ਆ ਰਹੀ ਹੈ। ਸੂਬੇ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਆਪਣੇ ਟਵਿੱਟਰ ਹੈਂਡਲ ਤੇ ਪੋਸਟ ਪਾ ਕੇ ਸਾਫ ਕੀਤਾ ਗਿਆ ਹੈ ਕਿ ਇਸ ਪੂਰੇ ਐਨਕਾਊਂਟਰ ਨੂੰ ਅੰਜਾਮ ਕੋਲਕਾਤਾ ਏਟੀਐੱਸ ਵੱਲੋਂ ਦਿੱਤਾ ਗਿਆ ਹੈ ਅਤੇ ਪੰਜਾਬ ਪੁਲਸ ਵੱਲੋਂ ਸਿਰਫ ਸਟੀਕ ਜਾਣਕਾਰੀ ਮੁਹੱਈਆ ਕਰਵਾਈ ਗਈ ਸੀ।
ਦੱਸ ਦੇਈਏ ਕਿ ਪੰਜਾਬ ਪੁਲਸ ਵੱਲੋਂ ਇਸ ਐਨਕਾਉਂਟਰ ਦਾ ਸਿਹਰਾ ਪਹਿਲਾਂ ਆਪ ਦੇ ਸਿਰ ਬੰਨ੍ਹਣ ਦੀ ਤਿਆਰੀ ਕੀਤੀ ਗਈ ਸੀ। ਪਰ ਪੱਛਮ ਬੰਗਾਲ ਏਟੀਐਸ ਦੇ ਏਡੀਜੀਪੀ ਵੱਲੋਂ ਸਾਫ ਕਰ ਦਿੱਤਾ ਗਿਆ ਸੀ ਕਿ ਇਸ ਐਨਕਾਉਂਟਰ ਨੂੰ ਅੰਜਾਮ ਉਨ੍ਹਾਂ ਦੀ ਏਟੀਐੱਸ ਟੀਮ ਵੱਲੋਂ ਦਿੱਤਾ ਗਿਆ ਹੈ ਅਤੇ ਪੱਛਮ ਬੰਗਾਲ ਏਟੀਐੱਸ ਅਤੇ ਪੁਲਸ ਹੀ ਇਸ ਪੂਰੇ ਮਾਮਲੇ ਦੀ ਜਾਂਚ ਕਰੇਗੀ। ਪੰਜਾਬ ਪੁਲਿਸ ਵੱਲੋਂ ਵੀ ਇਕ ਟੀਮ ਕੋਲਕਾਤਾ ਵਿਖੇ ਮੌਜੂਦ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੱਛਮ ਬੰਗਾਲ ਪੁਲਿਸ ਦੋਨਾਂ ਗੈਂਗਸਟਰ ਦੀਆਂ ਮ੍ਰਿਤਕ ਦੇਹਾਂ ਪਰਿਵਾਰਾਂ ਨੂੰ ਸੌਂਪਦੀਆਂ ਜਾਂ ਫਿਰ ਪੰਜਾਬ ਪੁਲੀਸ ਦੇ ਹਵਾਲੇ ਕਰਦੀਆਂ ਹਨ।