ਡੀਜ਼ਲ/ਪੈਟਰੋਲ ਦੀਆਂ ਵਧੀਆਂ ਕੀਮਤਾਂ ਖਿਲਾਫ ਸਦੀਕ ਦੀ ਅਗਵਾਈ ਵਿੱਚ ਕਾਂਗਰਸੀਆਂ ਕੀਤਾ ਰੋਸ ਪ੍ਰਦਰਸ਼ਨ
ਮਨਿੰਦਰਜੀਤ ਸਿੱਧੂ
- ਕਾਂਗਰਸ ਦੁਆਰਾ ਸੱਤਰ ਵਰ੍ਹਿਆਂ ਚ ਕੀਤਾ ਵਿਕਾਸ ਦੀ ਮੋਦੀ ਨੇ 7 ਸਾਲਾਂ ‘ਚ ਕੀਤੀ ਤਬਾਹੀ- ਮੁਹੰਮਦ ਸਦੀਕ
ਜੈਤੋ, 11 ਜੂਨ, 2021 - ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਹੋ ਰਹੇ ਭਾਰੀ ਵਾਧੇ ਦੇ ਵਿਰੋਧ ਵਿਚ ਕਾਂਗਰਸ ਪਾਰਟੀ ਦੇ ਸੈਂਕੜੇ ਵਰਕਰਾਂ ਵਲੋਂ ਅੱਜ ਫ਼ਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਦੀ ਅਗਵਾਈ ਹੇਠ ਜੈਤੋ ਦੇ ਇੱਕ ਪੈਟਰੋਲ ਪੰਪ ਉੱਪਰ ਖੜ੍ਹੇ ਕੇਂਦਰ ਦੀ ਮੋਦੀ ਹਕੂਮਤ ਖਿਲਾਫ ਜੋਰਦਾਰ ਨਾਅਰੇਬਾਜੀ ਅਤੇ ਭੜਾਸ ਕੱਢੀ ਗਈ। ਸਦੀਕ ਨੇ ਕੇਂਦਰ ਸਰਕਾਰ ਉੱਪਰ ਵਰ੍ਹਦਿਆਂ ਕਿਹਾ ਕਿ ਪੈਟਰੋਲ, ਡੀਜਲ ਦੀਆਂ ਕੀਮਤਾਂ ਵਿੱਚ ਹੋ ਰਹੇ ਬੇਲਗਾਮ ਵਾਧੇ ਨੇ ਗਰੀਬ ਅਤੇ ਮੱਧਵਰਗ ਦਾ ਜਿਉਣਾ ਔਖਾ ਕਰ ਦਿੱਤਾ ਅਤੇ ਉਹਨਾਂ ਦੀ ਕਮਰ ਤੋੜ ਦਿੱਤੀ ਹੈ।
ਉਹਨਾਂ ਕਿਹਾ ਕਿ ਅਜਾਦੀ ਉਪਰੰਤ ਸਭ ਤੋਂ ਵੱਧ ਮਹਿੰਗਾਈ ਵਾਲਾ ਦੌਰ ਚੱਲ ਰਿਹਾ ਹੈ। ਕੋਰੋਨਾ ਮਹਾਂਮਾਰੀ ਦੇ ਦੌਰ ਵਿੱਚ ਜਿੱਥੇ ਲੋਕਾਂ ਦਾ ਰੁਜਗਾਰ ਖੁੱਸਿਆ ਹੈ, ਲੋਕ ਰੋਟੀ ਵੱਲੋਂ ਔਖੇ ਹੋਏ ਪਏ ਹਨ, ਉੱਥੇ ਸਰਕਾਰ ਦਾ ਫਰਜ਼ ਬਣਦਾ ਸੀ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਉੱਪਰ ਲਗਾਮ ਰੱਖਦੀ, ਪਰ ਸਰਕਾਰ ਤੇਲ ਕੰਪਨੀਆਂ ਦੇ ਘਰ ਭਰਨ ਵਿੱਚ ਲੱਗੀ ਹੋਈ ਹੈ। ਉਹਨਾਂ ਕਿਹਾ ਕਿ ਅਜਾਦੀ ਉਪਰੰਤ 70 ਸਾਲਾਂ ਵਿੱਚ ਕੀਤੇ ਵਿਕਾਸ ਦੀਆਂ ਮੋਦੀ ਹਕੂਮਤ ਨੇ ਇੱਕ ਸਾਲ ਵਿੱਚ ਫੱਕੀਆਂ ਉਡਾ ਦਿੱਤੀਆਂ।
ਰੇਲਵੇ, ਬੈਂਕਾਂ, ਤੇਲ ਕੰਪਨੀਆਂ, ਰੇਲਵੇ ਸਟੇਸ਼ਨਾਂ, ਥਰਮਲ ਪਲਾਟਾਂ ਆਦਿ ਜਿੰਨਾਂ ਨੂੰ ਕਾਂਗਰਸ ਸਰਕਾਰ ਨੇ ਬਣਾਇਆ ਸੀ, ਉਹਨਾਂ ਨੂੰ ਭਾਜਪਾ ਨੇ ਆਪਣੇ ਭਾਈਵਾਲ ਕਾਰਪੋਰੇਟਾਂ ਨੂੰ ਸਸਤੇ ਭਾਅਵਾਂ ਵਿੱਚ ਵੇਚ ਕੇ ਦੇਸ਼ ਦੀ 135 ਕਰੋੜ ਜਨਤਾ ਨਾਲ ਧੋ੍ਰਹ ਕਮਾਇਆ ਹੈ। ਇਸ ਮੌਕੇ ਉਹਨਾਂ ਨਾਲ ਸੀਨੀਅਰ ਕਾਂਗਰਸੀ ਆਗੂ ਸੂਰਜ ਭਾਰਦਵਾਜ, ਜਾਵੇਦ ਅਖਤਰ, ਮਾਰਕਿਟ ਕਮੇਟੀ ਜੈਤੋ ਦੇ ਚੇਅਰਮੈਨ ਸਿਕੰਦਰ ਸਿੰਘ ਮੜ੍ਹਾਕ, ਦ ਟਰੱਕ ਆਪਰੇਟਰਜ਼ ਐਸੋਸੀਏਸ਼ਨ ਜੈਤੋ ਦੇ ਪ੍ਰਧਾਨ ਰਾਜਦੀਪ ਸਿੰਘ ਔਲਖ ਰਾਮੇਆਣਾ, ਸੁਖਬਿੰਦਰ ਗਰਗ, ਕੌਂਸਲਰ ਸੁਮਨ ਦੇਵੀ, ਪ੍ਰਦੀਪ ਭਾਂਡਾ, ਕੌਂਸਲਰ ਸੀਮਾ ਰਾਣੀ, ਗੁਰਜੰਟ ਸਿੰਘ ਸੂਰਘੂਰੀ, ਸੰਦੀਪ ਰੋਮਾਣਾ, ਕੁਲਦੀਪ ਸਿੰਘ ਕੀਪਾ, ਪਰਮਜੀਤ ਸਿੰਘ ਅਜਿੱਤਗਿੱਲ, ਸਰਪੰਚ ਮਿਹਰ ਸਿੰਘ ਕਰੀਰਵਾਲੀ, ਡਾ. ਭਜਨ ਸਿੰਘ ਸੇਵੇਵਾਲਾ, ਰਾਜਾ ਭਾਰਦਵਾਜ ਅਤੇ ਟੋਨੀ ਡੋਡ ਆਦਿ ਹਾਜਰ ਸਨ।