ਕਿਹਾ..ਉਨ੍ਹਾਂ ਦੇ ਸੰਘਰਸ਼ ਤੋਂ ਦੂਰ ਹੀ ਰਹਿਣ ਸਿਆਸੀ ਲੋਕ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 11 ਜੂਨ 2021-ਵੀਰਵਾਰ ਸਫਾਈ ਸੇਵਕਾਂ ਦੇ ਹੱਕ ’ਚ ਨਿੱਤਰਦਿਆਂ ਆਮ ਆਦਮੀ ਪਾਰਟੀ ਵੱਲੋਂ ਕੂੜੇ ਨਾਲ ਟਰਾਲੀਆਂ ਭਰਕੇ ਨਗਰ ਕੌਂਸਲ ਪ੍ਰਧਾਨ ਦੇ ਘਰ ਤੇ ਦੁਕਾਨ ਬਾਹਰ ਸੁੱਟਣ ਦਾ ਮਾਮਲਾ ਹੁਣ ਤੂਲ ਫੜ੍ਹਦਾ ਜਾ ਰਿਹਾ ਹੈ। ਇਸ ਘਟਨਾ ਤੋਂ ਬਾਅਦ ਜਿੱਥੇ ਥਾਣਾ ਸਿਟੀ ਪੁਲਿਸ ਨੇ ਆਪ ਆਗੂਆਂ ਸਮੇਤ ਕਰੀਬ 20 ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ, ਉਥੇ ਹੀ ਅੱਜ ਸਫਾਈ ਸੇਵਕਾਂ ਨੇ ਨਵਾਂ ਫੈਸਲਾ ਕਰਦਿਆਂ ਖੁਦ ਨੂੰ ਹਰ ਪਾਰਟੀ ਤੋਂ ਅਲੱਗ ਹੋਣ ਦਾ ਦਾਅਵਾ ਕੀਤਾ ਹੈ। ਸਫਾਈ ਸੇਵਕ ਯੂਨੀਅਨ ਨੇ ਹੁਣ ਸਿਆਸੀ ਪਾਰਟੀਆਂ ਨੂੰ ਉਨ੍ਹਾਂ ਦੇ ਸੰਘਰਸ਼ ਤੋਂ ਦੂਰ ਰਹਿਣ ਦੀ ਗੱਲ ਆਖੀ ਹੈ।
ਅੱਜ ਗੱਲਬਾਤ ਕਰਦਿਆਂ ਸਫਾਈ ਸੇਵਕ ਯੂਨੀਅਨ ਦੇ ਜਨਰਲ ਸਕੱਤਰ ਮੰਗਤ ਰਾਮ ਸਮੇਤ ਹੋਰਨਾਂ ਨੇ ਕਿਹਾ ਕਿ ਸਿਆਸੀ ਆਗੂ ਸਿਰਫ਼ ਸੰਘਰਸ਼ ਦੇ ਨਾਂਅ ’ਤੇ ਸਿਆਸੀ ਰੋਟੀਆਂ ਸੇਕਣ ਆਉਂਦੇ ਹਨ ਤੇ ਉਨ੍ਹਾਂ ਦਾ ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਨਗਰ ਕੌਂਸਲ ਪ੍ਰਧਾਨ ਦੇ ਘਰ ਬਾਹਰ ਕੁੜਾ ਸੁੱਟਣ ਦੀ ਘਟਨਾ ਤੋਂ ਆਪਣੇ ਆਪ ਨੂੰ ਬਾਹਰ ਦੱਸਿਆ ਹੈ। ਇੱਥੇ ਇਹ ਦੱਸਣਾ ਬਣਦਾ ਹੈ ਕਿ ‘ਆਪ’ ਸਮੇਤ ਕਈ ਪਾਰਟੀਆਂ ਦੇ ਆਗੂ ਵੀ ਸਫਾਈ ਕਾਮਿਆਂ ਦੀ ਹੜਤਾਲ ਦਾ ਸਮਰਥਨ ਕਰਦੇ ਰਹੇ ਹਨ। ਇਹ ਵੱਖਰੀ ਗੱਲ ਹੇੈ ਕਿ ਵੀਰਵਾਰ ਸਮਰਥਨ ਤਹਿਤ ਕੂੜੇ ਦੀਆਂ ਭਰੀਆਂ ਟਰਾਲੀਆਂ ਨਗਰ ਕੌਂਸਲ ਪ੍ਰਧਾਨ ਦੇ ਘਰ ਤੇ ਦੁਕਾਨ ਅੱਗੇ ਸੁੱਟੀਆਂ ਗਈਆਂ ਸਨ, ਜਿਸ ’ਤੇ ਐਕਸ਼ਨ ਲੈਂਦਿਆਂ ਪੁਲਿਸ ਨੇ ਆਪ ਆਗੂਆਂ ’ਤੇ ਪਰਚਾ ਕੱਟਿਆ ਹੈ, ਪਰ ਕੱਲ੍ਹ ਤੱਕ ਮੰਗਾਂ ਲਈ ਸਿਆਸੀ ਆਗੂਆਂ ਨੂੰ ਅੱਗੇ ਰੱਖਣ ਵਾਲੇ ਸਫਾਈ ਕਾਮੇ ਵੀ ਹੁਣ ਇਸ ਗੱਲ ਤੋਂ ਭੱਜਦੇ ਨਜ਼ਰ ਆ ਰਹੇ ਹਨ।
ਇਸ ਸਬੰਧੀ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਵਿਜੇ ਕੁਮਾਰ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਵੀਰਵਾਰ ਕੂੜਾ ਸੁੱਟਣ ਦੀ ਘਟਨਾ ਨਾਲ ਉਨ੍ਹਾਂ ਦਾ ਕੋਈ ਵਾਹ ਵਾਸਤਾ ਨਹੀਂ ਹੈ। ਸਿਆਸੀ ਲੀਡਰ ਸਿਰਫ਼ ਆਪਣੀ ਚੌਧਰ ਲਈ ਉਨ੍ਹਾਂ ਦੇ ਸੰਘਰਸ਼ ਦਾ ਫਾਇਦਾ ਚੁੱਕਦੇ ਹਨ। ਉਹ ਸਾਫ਼ ਕੀਤਾ ਕਿ ਉਨ੍ਹਾਂ ਦਾ ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ। ਉਨ੍ਹਾਂ ਵੀਰਵਾਰ ਦੀ ਘਟਨਾ ਤੋਂ ਵੀ ਯੂਨੀਅਨ ਨੂੰ ਅਨਜਾਣ ਦੱਸਿਆ ਹੈ।