ਸਾਡੇ ਐੱਮ.ਸੀ ਸਾਡੇ ਨਾਲ ਚੱਟਾਨ ਵਾਂਗ ਖੜ੍ਹੇ, ਵਿਰੋਧੀ ਫੈਲਾ ਰਹੇ ਅਫਵਾਹਾਂ- ਕੌਂਸਲਰ ਸੁਮਨ ਦੇਵੀ
ਮਨਿੰਦਰਜੀਤ ਸਿੱਧੂ
- ਨਿਆਂ ਪ੍ਰਾਪਤੀ ਲਈ ਸੁਪਰੀਮ ਕੋਰਟ ਦੀ ਦੇਹਲੀ ਤੱਕ ਅੱਪੜਨ ਦੀ ਗੱਲ ਆਖੀ
ਜੈਤੋ, 11 ਜੂਨ, 2021 - ਜੈਤੋ ਨਗਰ ਕੌਂਸਲ ਚੋਣਾਂ ਵਿੱਚ ਪ੍ਰਧਾਨਗੀ ਦੇ ਅਹੁਦੇ ਨੂੰ ਲੈ ਕੇ ਕਾਂਗਰਸ ਪਾਰਟੀ ਦੀ ਧੜੇਬੰਦੀ ਖੁੱਲ ਕੇ ਜੱਗ ਜਾਹਰ ਹੋ ਗਈ ਸੀ। ਜੈਤੋ ਨਗਰ ਕੌਂਸਲ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੇ ਅਹੁਦੇ ਚਾਹੇ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੇ ਖੇਮੇ ਵਿੱਚ ਚਲੇ ਗਏ ਸਨ ਪਰ ਸਦੀਕ ਧੜੇ ਦੇ ਪ੍ਰਧਾਨਗੀ ਦੇ ਦਾਅਵੇਦਾਰ ਕੌਂਸਲਰ ਸੁਮਨਦੇਵੀ ਦੀ ਅਗਵਾਈ ਵਿੱਚ ਹੋਰ ਕਾਂਗਰਸੀ ਅਤੇ ਦੂਸਰੀਆਂ ਪਾਰਟੀਆਂ ਦੇ ਕੌਂਸਲਰਾਂ ਵੱਲੋਂ ਇਸ ਚੋਣ ਪ੍ਰਕਿਰਿਆ ਨੂੰ ਗੈਰ ਜਮਹੂਰੀਅਤ ਕਰਾਰ ਦਿੱਤਾ ਗਿਆ ਸੀ। ਆਪਣੀ ਸਹਿਯੋਗੀਆਂ ਅਤੇ ਵਿਧਾਨ ਸਭਾ ਹਲਕਾ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਸਮੇਤ ਕੌਂਸਲਰ ਸੁਮਨਦੇਵੀ ਵੱਲੋਂ ਪ੍ਰਧਾਨਗੀ ਦੀ ਚੋਣ ਨੂੰ ਚੁਣੌਤੀ ਦੇਣ ਲਈ ਹਾਈਕੋਰਟ ਦਾ ਬੂਹਾ ਵੀ ਖੜਕਾਇਆ ਗਿਆ ਹੈ।ਇਸੇ ਦੌਰਾਨ ਅਫਵਾਹਾਂ ਦਾ ਬਜਾਰ ਬੜਾ ਗਰਮ ਸੀ ਕਿ ਕਿੱਕੀ ਢਿੱਲੋਂ ਧੜੇ ਵੱਲੋਂ ਸਦੀਕ ਧੜੇ ਦੇ ਕੁੱਝ ਕੌਂਸਲਰਾਂ ਨੂੰ ਆਪਣੇ ਹੱਕ ਵਿੱਚ ਭੁਗਤਾ ਲਿਆ ਗਿਆ ਹੈ।
ਕੌਂਸਲਰ ਸੁਮਨਦੇਵੀ ਵੱਲੋਂ ਅੱਜ ਕੁੱਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਰੇ ਦੇ ਸਾਰੇ ਸਾਡੇ ਹਮਾਇਤੀ ਕੌਂਸਲਰ ਅੱਜ ਵੀ ਚੱਟਾਨ ਵਾਂਗ ਖੜ੍ਹੇ ਹਨ ਅਤੇ ਅਸੀਂ ਪੂਰੀ ਤਰ੍ਹਾਂ ਆਸਵੰਦ ਹਾਂ ਕਿ ਨਿਆਂਪਾਲਿਕਾ ਸਾਨੂੰ ਨਿਆਂ ਦੇਵੇਗੀ ਅਤੇ ਨਿਆਂ ਪ੍ਰਾਪਤੀ ਲਈ ਅਸੀਂ ਸੁਪਰੀਮ ਕੋਰਟ ਦੀ ਦੇਹਲੀ ਤੱਕ ਵੀ ਪਹੁੰਚ ਕਰਾਂਗੇ। ਉਹਨਾਂ ਕਿਹਾ ਕਿ ਸਾਡੇ ਵਿਰੋਧੀਆਂ ਵੱਲੋਂ ਝੂਠੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਉਹ ਸਾਡਾ ਸਾਥ ਛੱਡ ਗਏ ਹਨ। ਅਸੀਂ ਸਾਰੇ ਐੱਮ.ਸੀ ਇਸ ਜਬਰ ਦੇ ਖਿਲਾਫ ਅੱਜ ਵੀ ਉਸੇ ਤਰ੍ਹਾਂ ਇਕੱਠੇ ਹਾਂ।ਇਸ ਮੌਕੇ ਉਹਨਾਂ ਨਾਲ ਕੌਂਸਲਰ ਬਲਵਿੰਦਰ ਸਿੰਘ, ਹਰਪ੍ਰੀਤ ਕੌਰ, ਨਰਿੰਦਰ ਰਾਮੇਆਣਾ, ਸੀਮਾ ਰਾਣੀ, ਗੁਰਜੀਤ ਕੌਰ, ਰਜਨੀ ਦੇਵੀ, ਖੁਸ਼ੀ ਰਾਮ ਅਤੇ ਹਰੀ ਕ੍ਰਿਸ਼ਨ ਹਾਜਰ ਸਨ।