ਡਾ. ਸੋਹੂ ਬਣੇ ਪੀ.ਏ.ਯੂ ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਮੁਖੀ
ਲੁਧਿਆਣਾ, 12 ਜੂਨ 2021-ਕਣਕ ਵਿਗਿਆਨੀ ਅਤੇ ਕਿਸਮ ਸੁਧਾਰਕ ਡਾ. ਵੀ ਐਸ ਸੋਹੂ ਨੂੰ ਪੀ.ਏ.ਯੂ. ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਚਾਰ ਸਾਲ ਲਈ ਹੋਈ ਹੈ। ਬੀਤੇ ਦਿਨੀਂ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਦੀ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ ਪ੍ਰਬੰਧਕੀ ਬੋਰਡ ਦੀ ਮੀਟਿੰਗ ਵਿੱਚ ਡਾ. ਸੋਹੂ ਦੀ ਨਿਯੁਕਤੀ ਨੂੰ ਪ੍ਰਵਾਨਗੀ ਦਿੱਤੀ ਗਈ। ਡਾ. ਸੋਹੂ 1992 ਵਿੱਚ ਪਸਾਰ ਮਾਹਿਰ ਵਜੋਂ ਪੀ.ਏ.ਯੂ. ਵਿੱਚ ਭਰਤੀ ਹੋਏ। ਛੇਤੀ ਹੀ ਉਨ੍ਹਾਂ ਦਾ ਤਬਾਦਲਾ ਪਲਾਂਟ ਬਰੀਡਿੰਗ ਵਿਭਾਗ ਵਿੱਚ ਕਣਕ ਦੇ ਸਹਾਇਕ ਕਿਸਮ ਸੁਧਾਰਕ ਵਜੋਂ ਹੋ ਗਿਆ।
2001 ਵਿੱਚ ਉਨ੍ਹਾਂ ਦੀ ਤਰੱਕੀ ਸੀਨੀਅਰ ਕਣਕ ਕਿਸਮ ਸੁਧਾਰਕ ਵਜੋਂ ਹੋਈ ਅਤੇ 2009 ਵਿੱਚ ਉਹ ਕਣਕ ਦੇ ਮੁੱਖ ਸੁਧਾਰਕ ਬਣ ਗਏ। ਇੱਕ ਟੀਮ ਮੈਂਬਰ ਵਜੋਂ ਕੰਮ ਕਰਦਿਆਂ ਡਾ. ਸੋਹੂ ਕਣਕ ਦੀਆਂ 34 ਕਿਸਮਾਂ ਦੇ ਜਾਰੀ ਹੋਣ ਪਿੱਛੇ ਕਾਰਜਸ਼ੀਲ ਰਹੇ। ਇੰਨ੍ਹਾਂ ਵਿੱਚੋਂ 25 ਕਿਸਮਾਂ ਪੀ.ਏ.ਯੂ. ਦੀਆਂ (21 ਵਿਕਸਿਤ ਅਤੇ 4 ਮੁਲਾਂਕਿਤ) ਇੰਨ੍ਹਾਂ ਵਿੱਚੋਂ 17 ਕਿਸਮਾਂ ਰਾਸ਼ਟਰੀ ਪੱਧਰ ’ਤੇ ਜਾਰੀ ਹੋਈਆਂ। ਉਹ ਹੋਰਨਾਂ ਸੰਸਥਾਵਾਂ ਵੱਲੋਂ ਤਿਆਰ 9 ਕਿਸਮਾਂ ਦੀ ਖੋਜ ਦਾ ਹਿੱਸਾ ਵੀ ਰਹੇ । ਕਣਕ ਦੀਆਂ ਇੰਨ੍ਹਾਂ ਕਿਸਮਾਂ ਵਿੱਚ ਪੀ ਬੀ ਡਬਲਯੂ 343, ਪੀ ਬੀ ਡਬਯਲੂ 373, ਪੀ ਬੀ ਡਬਲਯੂ 502, ਪੀ ਬੀ ਡਬਲਯੂ 550, ਪੀ ਬੀ ਡਬਲਯੂ 725, ਉਨਤ ਪੀ ਬੀ ਡਬਲਯੂ 343 ਅਤੇ ਪੀ ਬੀ ਡਬਲਯੂ ਜ਼ਿੰਕ-1, ਡਾ. ਸੋਹੂ ਵੱਲੋਂ ਵਿਕਸਿਤ ਕੀਤੀਆਂ ਕਿਸਮਾਂ ਦੀ ਪਿਛਲੇ 25 ਸਾਲ ਵਿੱਚ ਪੰਜਾਬ ਦੇ 60 ਪ੍ਰਤੀਸ਼ਤ ਰਕਬੇ ਵਿੱਚ ਔਸਤਨ ਕਾਸ਼ਤ ਹੁੰਦੀ ਰਹੀ ਹੈ। ਇਹ ਕਿਸਮਾਂ ਰਾਸ਼ਟਰ ਪੱਧਰ ’ਤੇ ਵੀ ਸਿਖਰਲੀਆਂ 10 ਕਿਸਮਾਂ ਵਿੱਚ ਬੀਜ ਉਤਪਾਦਨ ਪ੍ਰੋਗਰਾਮ ਵਜੋਂ ਦਰਜ਼ ਹੋਈਆਂ। ਉਨ੍ਹਾਂ ਵੱਲੋਂ ਤਿਆਰ ਕੀਤੇ ਜੈਨੇਟਿਕ ਸਟਾਕ ਕੇ ਬੀ ਆਰ ਐਲ-76-3 ਅਤੇ ਪੀ ਬੀ ਡਬਲਯੂ 703 ਨੂੰ ਪਲਾਂਟ ਬਰੀਡਿੰਗ ਰਿਸੋਰਸਿਸ ਦੇ ਰਾਸ਼ਟਰੀ ਬਿਊਰੋ ਨੇ ਰਜਿਸਟਰਡ ਕੀਤਾ।
ਡਾ. ਸੋਹੂ ਨੇ 56 ਖੋਜ ਪੱਤਰ 45 ਮਕਬੂਲ ਲੇਖ ਲਿਖੇ ਅਤੇ ਵੱਖ-ਵੱਖ ਏਜੰਸੀਆਂ ਦੇ 10 ਕਰੋੜ ਫੰਡਿਗ ਵਾਲੇ ਖੋਜ ਪ੍ਰੋਜੈਕਟਾਂ ਦਾ ਹਿੱਸਾ ਵੀ ਉਹ ਰਹੇ । ਉਨ੍ਹਾਂ ਨੇ ਮੁੱਖ ਨਿਗਰਾਨ ਵਜੋਂ 9 ਅਤੇ ਸਹਾਇਕ ਮੁੱਖ ਨਿਗਰਾਨ ਵਜੋਂ 18 ਐਡਹਾਕ ਖੋਜ ਪ੍ਰੋਜੈਕਟ ਪੂਰੇ ਕੀਤੇ। ਡਾ. ਸੋਹੂ ਸਿਮਟ ਮੈਕਸੀਕੋ, ਯੂਨੀਵਰਸਿਟੀ ਆਫ ਸਿਡਨੀ, ਸਬਾਂਚੀ ਯੂਨੀਵਰਸਿਟੀ ਤੁਰਕੀ ਨਾਲ ਵੀ ਜੁੜੇ ਰਹੇ। ਉਨ੍ਹਾਂ ਦੀ ਨਿਗਰਾਨੀ ਵਿੱਚ 7 ਐਮ ਐਸ ਸੀ ਵਿਦਿਆਰਥੀ ਅਤੇ 5 ਪੀ ਐਚ ਡੀ ਵਿਦਿਆਰਥੀਆਂ ਨੇ ਆਪਣਾ ਖੋਜ ਕਾਰਜ ਕੀਤਾ । ਉਹ ਗਾਹੇ-ਵਗਾਹੇ ਕਿਸਾਨ ਮੇਲਿਆਂ, ਰੇਡੀਓ ਟੀ ਵੀ ਵਾਰਤਾਲਾਪਾਂ ਅਤੇ ਸਿਖਲਾਈ ਪ੍ਰੋਗਰਾਮਾਂ ਵਿੱਚ ਵੀ ਸ਼ਾਮਿਲ ਹੁੰਦੇ ਰਹੇ ਹਨ।