1992-96 ਦੀਆਂ ਲੋਕ ਸਭਾ ਚੋਣਾਂ ’ਚ ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਬਹੁਜਨ ਸਮਾਜ ਪਾਰਟੀ ਕਰ ਚੁੱਕੀ ਹੈ ਜਿੱਤ ਹਾਸਲ
ਬਹੁਜਨ ਸਮਾਜ ਪਾਰਟੀ ਵੱਲੋਂ ਕਿਸੇ ਸਮੇਂ ਆਪਣਾ ਮਜ਼ਬੂਤ ਗੜ੍ਹ ਮੰਨਿਆ ਜਾਂਦਾ ਜ਼ਿਲ੍ਹਾ ਫਿਰੋਜ਼ਪੁਰ ਕੀਤਾ ਗਿਆ ਅੱਖੋਂ ਪਰੋਖੇ
2022 ਦਿਆਂ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਵੀ ਸੀਟ ਤੋਂ ਨਹੀਂ ਲੜੇਗੀ ਬਹੁਜਨ ਸਮਾਜ ਪਾਰਟੀ ਚੋਣ
ਗੌਰਵ ਮਾਣਿਕ
ਫਿਰੋਜ਼ਪੁਰ, 12 ਜੂਨ 2021-ਅੱਜ ਪੰਜਾਬ ਵਿੱਚ ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਗਠਜੋੜ ਦਾ ਰਸਮੀ ਐਲਾਨ ਕਰ ਦਿੱਤਾ ਗਿਆ। ਦੋਨਾਂ ਪਾਰਟੀਆਂ ਵੱਲੋਂ 2022 ਚੋਣਾਂ ਨੂੰ ਲੈ ਕੇ ਏਜੰਡੇ ਸਾਫ ਕਰ ਦਿੱਤੇ ਗਏ ਹਨ, ਜਿਸ ਤੋਂ ਬਾਅਦ ਬਣੀ ਇਸ ਸਹਿਮਤੀ ਵਿੱਚ ਪੰਜਾਬ ਦੀਆਂ 117 ਸੀਟਾਂ ਵਿੱਚੋਂ 20 ਸੀਟਾਂ ’ਤੇ ਬਹੁਜਨ ਸਮਾਜ ਪਾਰਟੀ ਆਪਣੇ ਕੈਂਡੀਡੇਟ ਉਤਾਰੇਗੀ ਅਤੇ ਬਾਕੀ ਬਚੀਆਂ 97 ਸੀਟਾਂ ’ਤੇ ਸ਼੍ਰੋਮਣੀ ਅਕਾਲੀ ਦਲ ਚੋਣ ਲੜੇਗਾ।
ਗੱਲ ਜੇ ਮਾਲਵੇ ਦੀ ਕਰੀਏ ਤਾਂ ਮਾਲਵਾ ਵਿੱਚੋਂ 7 ਸੀਟਾਂ ਬਹੁਜਨ ਸਮਾਜ ਪਾਰਟੀ ਨੂੰ ਦਿੱਤੀਆਂ ਗਈਆਂ ਹਨ, ਪਰ ਬਹੁਜਨ ਸਮਾਜ ਪਾਰਟੀ ਵੱਲੋਂ ਕਿਸੇ ਸਮੇਂ ਆਪਣਾ ਮਜ਼ਬੂਤ ਗੜ੍ਹ ਮੰਨਿਆ ਜਾਂਦਾ ਜ਼ਿਲ੍ਹਾ ਫਿਰੋਜ਼ਪੁਰ ਅੱਖੋਂ ਪਰੋਖੇ ਕਰ ਦਿੱਤਾ ਗਿਆ। ਦੱਸ ਦੇਈਏ ਕਿ ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਦੋ ਵਾਰ ਬਹੁਜਨ ਸਮਾਜ ਪਾਰਟੀ ਦੀ ਟਿਕਟ ’ਤੇ ਮੋਹਨ ਸਿੰਘ ਫਲੀਆਂਵਾਲਾ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਸੰਸਦ ਵਿੱਚ ਪਹੁੰਚੇ ਸੀ।
ਪਹਿਲੀ ਵਾਰ 1992 ਵਿੱਚ ਬਹੁਜਨ ਸਮਾਜ ਪਾਰਟੀ ਵੱਲੋਂ ਫ਼ਿਰੋਜ਼ਪੁਰ ਲੋਕ ਸਭਾ ਸੀਟ ’ਤੇ ਜਿੱਤ ਹਾਸਲ ਕੀਤੀ ਸੀ ਅਤੇ ਦਸਵੀਂ ਲੋਕ ਸਭਾ ਵਿੱਚ ਆਪਣਾ ਨੁਮਾਇੰਦਾ ਭੇਜਿਆ ਸੀ ਅਤੇ ਦੂਜੀ ਵਾਰ 1996 ਵਿੱਚ ਦੁਬਾਰਾ ਮੋਹਨ ਸਿੰਘ ਫਲੀਆਂਵਾਲਾ ਨੇ ਬੀਐੱਸਪੀ ਦੀ ਟਿਕਟ ਤੋਂ ਚੋਣ ਲੜ ਕੇ ਜਿੱਤ ਹਾਸਲ ਕੀਤੀ ਸੀ, ਜਦੋਂਕਿ ਦੂਜੀ ਵਾਰ ਸੰਸਦ ਵਿੱਚ ਪਹੁੰਚੇ ਸੀ, ਉਸ ਸਮੇਂ ਵੋਟਾਂ ਦੀ ਗੱਲ ਕਰੀਏ ਤਾਂ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਵਿੱਚ ਕੁੱਲ 11 ਲੱਖ 47 ਹਜਾਰ 220 ਵੋਟਾਂ ਸਨ, ਜਿੰਨ੍ਹਾਂ ਵਿੱਚੋਂ 7 ਲੱਖ 34 ਹਜ਼ਾਰ 250 ਵੋਟਾਂ ਪੋਲ ਹੋਈਆਂ ਸੀ ਅਤੇ ਬਹੁਜਨ ਸਮਾਜ ਪਾਰਟੀ ਨੂੰ ਸਭ ਤੋਂ ਜ਼ਿਆਦਾ ਵੋਟਾਂ 2 ਲੱਖ 64 ਹਜ਼ਾਰ 799 ਪਈਆਂ ਸੀ, ਜਦਕਿ ਕਾਂਗਰਸ ਦੂਸਰੇ ਨੰਬਰ ’ਤੇ ਰਹੀ ਸੀ। ਕਾਂਗਰਸ ਦੇ ਉਮੀਦਵਾਰ ਨੂੰ 2 ਲੱਖ 4 ਹਜ਼ਾਰ 887 ਵੋਟਾਂ ਪਈਆਂ ਸਨ ਅਤੇ ਬੀਜੇਪੀ ਦੇ ਉਮੀਦਵਾਰ ਨੂੰ 1 ਲੱਖ 32 ਹਜਾਰ 159 ਵੋਟਾਂ ਪਈਆਂ ਸਨ ਜਦ ਕਿ ਬਾਕੀ ਪਾਰਟੀਆਂ ਦੇ ਉਮੀਦਵਾਰਾਂ ਨੂੰ 37 ਹਜ਼ਾਰ 127 ਵੋਟਾਂ ਪਈਆਂ ਸਨ , ਜਿਵੇਂ ਕਿ ਦੱਸਿਆ ਜਾਂਦਾ ਹੈ ਕੀ 1996 ਵਿੱਚ ਅਲਾਇੰਸ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਸਨ, ਉਸ ਤੋਂ ਬਾਅਦ 1997 ਵਿੱਚ ਅਕਾਲੀ ਦਲ ਵੱਲੋਂ ਬਹੁਜਨ ਸਮਾਜ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦਾ ਲੜ ਫੜ ਲਿਆ ਸੀ, ਪਰ ਹੁਣ ਦੋਨੋਂ ਪੁਰਾਣੀ ਭਾਈਵਾਲ ਪਾਰਟੀਆਂ ਇੱਕ ਹੋ ਚੁੱਕੀਆਂ ਹਨ, ਪਰ ਫ਼ਿਰੋਜ਼ਪੁਰ ਵਿੱਚ 2022 ਦਿਆਂ ਵਿਧਾਨਸਭਾ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ ਨੂੰ ਇਕ ਵੀ ਸੀਟ ਨਹੀਂ ਦਿੱਤੀ ਗਈ। ਇਸ ਨੂੰ ਲੈ ਕੇ ਵੀ ਚਰਚਾਵਾਂ ਦਾ ਬਾਜ਼ਾਰ ਹੁਣ ਤੋਂ ਹੀ ਗਰਮ ਹੈ।
ਇੱਥੇ ਦੱਸਣਯੋਗ ਇਹ ਵੀ ਹੈ ਕਿ ਫਿਰੋਜ਼ਪੁਰ ਜ਼ਿਲ੍ਹੇ ਦੀਆਂ ਵਿਧਾਨ ਸਭਾ ਸੀਟਾਂ ’ਤੇ ਸ਼੍ਰੋਮਣੀ ਅਕਾਲੀ ਦਲ ਦੀ ਪਕੜ ਕਾਫੀ ਮਜਬੂਤ ਹੈ ਅਤੇ ਕਿਤੇ ਨਾ ਕਿਤੇ ਬਹੁਜਨ ਸਮਾਜ ਪਾਰਟੀ ਦਾ ਵੋਟ ਬੈਂਕ ਅਤੇ ਪਾਰਟੀ ਦਾ ਕੈਡਰ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਜਿੱਤ ਦਿਵਾਉਣ ਵਿੱਚ ਕਿੰਨੀ ਅਹਿਮ ਭੂਮਿਕਾ ਨਿਭਾਵੇਗਾ, ਇਹ ਵੀ ਦੇਖਣ ਵਾਲਾ ਹੋਵੇਗਾ, ਪਰ ਆਉਣ ਵਾਲੇ ਦਿਨਾਂ ਵਿੱਚ ਵੇਖਣਾ ਹੋਵੇਗਾ ਕਿ ਬਹੁਜਨ ਸਮਾਜ ਪਾਰਟੀ ਫ਼ਿਰੋਜ਼ਪੁਰ ਦੀ ਲੀਡਰਸ਼ਿਪ ਅਤੇ ਸਮਰੱਥਕ ਫਿਰੋਜ਼ਪੁਰ ਜ਼ਿਲ੍ਹੇ ਦੀ ਕੀਤੀ ਗਈ ਇਸ ਅਣਦੇਖੀ ਨੂੰ ਕਿੱਦਾਂ ਲੈਂਦੇ ਹਨ।