ਸੁਲਤਾਨਪੁਰ ਲੋਧੀ ਪੁਲਿਸ ਵੱਲੋਂ ਏ ਸ਼੍ਰੇਣੀ ਦੇ 6 ਨਸ਼ਾ ਤਸਕਰ ਗ੍ਰਿਫ਼ਤਾਰ
ਬਲਵਿੰਦਰ ਸਿੰਘ ਧਾਲੀਵਾਲ
- ਪੰਜ ਕਿਲੋ ਹੈਰੋਇਨ, 270 ਗ੍ਰਾਮ ਨਸ਼ੀਲਾ ਪਾਊਡਰ, 960 ਨਸ਼ੀਲੀਆਂ ਗੋਲੀਆਂ, 150 ਕਿਲੋਗ੍ਰਾਮ ਲਾਹਨ ਅਤੇ ਇੱਕ ਸਕਾਰਪੀਓ ਗੱਡੀ ਬਰਾਮਦ
ਸੁਲਤਾਨਪੁਰ ਲੋਧੀ, 12 ਜੂਨ 2021 - ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਪ੍ਰਤੀ ਵਚਨਬੱਧਤਾ ਦੀ ਲੜੀ ਨੂੰ ਅਗੇ ਤੋਰਦੇ ਹੋਏ ਕਪੂਰਥਲਾ ਪੁਲਿਸ ਨੇ ਨਸ਼ਿਆਂ ਦੀ ਸਪਲਾਈ ਕਰਨ ਵਾਲਿਆਂ ਖਿਲਾਫ਼ ਆਪਣੀ ਮੁਹਿੰਮ ਨੂੰ ਜਾਰੀ ਰਖਦਿਆਂ 6 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐਸ.ਐਸ.ਪੀ. ਕਪੂਰਥਲਾ ਹਰਕਮਲਪ੍ਰੀਤ ਸਿੰਘ ਖੱਖ ਦੇ ਦਿਸ਼ਾ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ, ਜਿਸ ਤਹਿਤ ਥਾਣਾ ਸੁਲਤਾਨਪੁਰ ਲੋਧੀ ਦੇ ਅਧੀਨ ਪੈਂਦੇ ਪਿੰਡ ਲਾਟੀਆਂਵਾਲ ਦੀ ਘੇਰਾਬੰਦੀ ਕਰਕੇ ਨਸ਼ਾ ਤਸਕਰਾਂ `ਤੇ ਭਾਰੀ ਛਾਪੇਮਾਰੀ ਕੀਤੀ ਗਈ। ਡੀ.ਐਸ.ਪੀ. ਸੁਲਤਾਨਪੂਰ ਲੋਧੀ ਸਰਵਣ ਸਿੰਘ ਬੱਲ ਦੀ ਨਿਗਰਾਨੀ ਹੇਠ ਤਿੰਨ ਐਸ.ਐਚ.ਓਜ਼ ਅਤੇ 160 ਪੁਲਿਸ ਕਰਮਚਾਰੀਆਂ ਦੀਆਂ ਵੱਖ-ਵੱਖ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਸੀ।
ਇਨ੍ਹਾਂ ਪੁਲਿਸ ਟੀਮਾਂ ਵਲੋਂ ਅੱਜ ਪਿੰਡ ਲਾਟੀਆਂਵਾਲ ਦੀ ਘੇਰਾਬੰਦੀ ਕਰਕੇ ਪਿੰਡ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਪੁਲਿਸ ਟੀਮਾਂ ਨੇ 5 ਕਿੱਲੋ ਹੈਰੋਇਨ ਬਰਾਮਦਗੀ ਦੇ ਮਾਮਲੇ ਵਿਚ ਲੋੜੀਂਦੇ 2 ਭਗੌੜੇ ਅਪਰਾਧੀਆਂ ਸਮੇਤ 6 ਵੱਡੇ ਤਸਕਰਾਂ ਨੂੰ ਕਾਬੂ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿਚੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਅਤੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਫੜੇ ਗਏ ਤਸਕਰਾਂ ਦੀ ਪਛਾਣ ਰਾਜਵੀਰ ਸਿੰਘ ਉਰਫ ਰਾਜੂ, ਸੁਖਜੀਵਨ ਸਿੰਘ, ਲਖਵਿੰਦਰ ਸਿੰਘ ਉਰਫ ਲੱਖਾ,ਅਮਰਜੀਤ ਸਿੰਘ, ਕੁਲਬੀਰ ਸਿੰਘ ਉਰਫ ਸੋਹਣ ਸਾਰੇ ਵਾਸੀ ਪਿੰਡ ਲਾਟੀਆਂਵਾਲ ਅਤੇ ਹਰਪਾਲ ਸਿੰਘ ਉਰਫ ਪਾਲਾ ਵਾਸੀ ਪਿੰਡ ਤੋਤੀ ਸੁਲਤਾਨਪੁਰ ਲੋਧੀ ਵਜੋਂ ਹੋਈ ਹੈ। ਐਸ.ਐਸ.ਪੀ. ਨੇ ਅੱਗੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਤਸਕਰ ਰਾਜਵੀਰ ਸਿੰਘ ਉਰਫ਼ ਰਾਜੂ ਅਤੇ ਸੁਖਜੀਵਨ ਸਿੰਘ ਦੋਵਾਂ ਨੂੰ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21/29 ਤਹਿਤ ਐਫ.ਆਈ.ਆਰ. ਨੰ. 2626 01.08.2019 ਦੇ ਤਹਿਤ ਭਗੌੜਾ ਘੋਸ਼ਿਤ ਕੀਤਾ ਗਿਆ ਸੀ ਅਤੇ ਪਿਛਲੇ ਕੁਝ ਸਾਲਾਂ ਤੋਂ ਫਰਾਰ ਸਨ।
ਇਨ੍ਹਾਂ ਖਿਲਾਫ ਐਨ. ਡੀ. ਪੀ. ਐਕਟ ਤਹਿਤ ਪਹਿਲਾਂ ਵੀ ਕਈ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਦੌਰਾਨ ਪੁਲਿਸ ਨੇ ਦੋਸ਼ੀ ਰਾਜਵੀਰ ਸਿੰਘ ਉਰਫ ਰਾਜੂ ਕੋਲੋਂ 260 ਗ੍ਰਾਮ ਹੈਰੋਇਨ ਅਤੇ ਸੁਖਜੀਵਨ ਸਿੰਘ ਕੋਲੋਂ 265 ਗ੍ਰਾਮ ਹੈਰੋਇਨ , ਲਖਵਿੰਦਰ ਸਿੰਘ ਉਰਫ ਲੱਖਾ ਕੋਲੋਂ 450 ਨਸ਼ੀਲੀਆਂ ਗੋਲੀਆਂ, ਅਮਰਜੀਤ ਸਿੰਘ ਕੋਲੋਂ 510 ਨਸ਼ੀਲੀਆਂ ਗੋਲੀਆਂ, ਹਰਪਾਲ ਸਿੰਘ ਉਰਫ ਪਾਲਾ ਕੋਲੋਂ 270 ਗ੍ਰਾਮ ਨਸ਼ੀਲਾ ਪਾਉਡਰ ਅਤੇ ਇੱਕ ਸਕਾਰਪੀਓ ਕਾਰ ਨੂੰ ਕਾਬੂ ਕੀਤਾ ਹੈ। ਇਸੇ ਤਰ੍ਹਾਂ ਦੋਸ਼ੀ ਕੁਲਬੀਰ ਸਿੰਘ ਸੋਹਨ ਕੋਲੋਂ 150 ਕਿੱਲੋ ਨਾਜਾਇਜ਼ ਲਾਹਨ ਵੀ ਕਾਬੂ ਕੀਤੀ ਗਈ ਹੈ। ਥਾਣਾ ਸੁਲਤਾਨਪੁਰ ਲੋਧੀ ਵਿੱਚ ਐਨ.ਡੀ.ਪੀ.ਐਸ. ਐਕਟ ਅਤੇ ਆਬਕਾਰੀ ਐਕਟ ਦੀਆਂ ਸਬੰਧਤ ਧਾਰਾਵਾਂਤਹਿਤ ਇਨ੍ਹਾਂ ਨਸ਼ਾ ਤਸਕਰਾਂ ਵਿਰੁੱਧ ਛੇ ਵੱਖ-ਵੱਖ ਕੇਸ ਦਰਜ ਕੀਤੇ ਗਏ ਹਨ। ਐਸ.ਐਸ.ਪੀ. ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਤਸਕਰ ਨੂੰ ਪੁਲਿਸ ਵੱਲੋਂ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ ਅਤੇ ਪੁਲਿਸ ਰਿਮਾਂਡ `ਤੇ ਲਿਆ ਕੇ ਅਗਲੇਰੀ ਜਾਂਚ ਮੁਕੰਮਲ ਕੀਤੀ ਜਾਵੇਗੀ।