ਬਸੀ ਪਠਾਣਾਂ ਵਿਖੇ ਕਰੀਬ 01.50 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਤ ਹੋਵੇਗਾ ਮਿੰਨੀ ਵੈਟਲੈਂਡ ਪਾਰਕ
ਦੀਦਾਰ ਗੁਰਨਾ
- ਵਣ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਰੱਖਿਆ ਨੀਂਹ ਪੱਥਰ
ਬਸੀ ਪਠਾਣਾਂ/ ਫ਼ਤਹਿਗੜ੍ਹ ਸਾਹਿਬ, 12 ਜੂਨ 2021 - ਇਤਿਹਾਸਕ ਧਰਤੀ ਬਸੀ ਪਠਾਣਾਂ ਦੇ ਵਾਰਡ ਨੰਬਰ 15 ਵਿੱਚ ਪ੍ਰਾਚੀਨ ਸ੍ਰੀ ਰਾਮ ਮੰਦਰ ਨੇੜੇ ਸਥਿਤ ਟੋਭੇ ਅਤੇ ਇਸ ਦੇ ਆਲੇ ਦੁਆਲੇ ਦੇ ਖੇਤਰ ਨੂੰ ਕਰੀਬ 01.50 ਕਰੋੜ ਰੁਪਏ ਦੀ ਲਾਗਤ ਨਾਲ ਮਿੰਨੀ ਵੈਟਲੈਂਡ ਪਾਰਕ ਵਜੋਂ ਵਿਕਸਤ ਕੀਤਾ ਜਾਵੇਗਾ, ਇਹ ਪ੍ਰੋਜੈਕਟ ਬਸੀ ਪਠਾਣਾਂ ਸ਼ਹਿਰ ਨੂੰ ਸੋਹਣਾ ਬਨਾਉਣ ਦੇ ਵਿੱਚ ਸਭ ਤੋਂ ਅਹਿਮ ਭੂਮਿਕਾ ਨਿਭਾਏਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਣ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਇਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ।
ਇਸ ਮੌਕੇ ਸ. ਧਰਮਸੋਤ ਨੇ ਕਿਹਾ ਕਿ ਇਸ ਥਾਂ ਉਤੇ ਪਰਵਾਸੀ ਪੰਛੀ ਆਉਂਦੇ ਹਨ। ਇਸ ਲਈ ਇਸ ਥਾਂ ਦੇ ਕੁਦਰਤੀ ਮਾਹੌਲ ਨੂੰ ਕਾਇਮ ਰੱਖਦੇ ਹੋਏ ਇਸ ਟੋਭੇ ਦੇ ਆਲੇ ਦੁਆਲੇ ਸੈਰਗਾਹ ਬਣਾਈ ਜਾਵੇਗੀ ਤੇ ਫੁੱਲਦਾਰ ਤੇ ਮੈਡੀਸਨਲ ਬੂਟੇ ਜਾਂ ਰੁਖ ਲਾਏ ਜਾਣਗੇ। ਇਸ ਸਾਰੀ ਥਾਂ ਦੀ ਸੁੰਦਰ ਚਾਰਦਿਵਾਰੀ ਕਰ ਕੇ ਸੁੰਦਰ ਗੇਟ ਵੀ ਬਣਾਇਆ ਜਾਵੇਗਾ। ਇਹ ਥਾਂ ਕੇਵਲ ਬਸੀ ਪਠਾਣਾਂ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਨਹੀਂ ਬਣੇਗੀ, ਸਗੋਂ ਦੂਰੋਂ ਦੂਰੋਂ ਲੋਕ ਇਸ ਥਾਂ ਉਤੇ ਆਇਆ ਕਰਨਗੇ।
ਇਸ ਮੌਕੇ ਸ. ਧਰਮਸੋਤ ਨੇ ਦੇਸ਼ ਦੀ ਬਿਹਤਰੀ ਲਈ ਪਾਏ ਯੋਗਦਾਨ ਲਈ ਮੀਡੀਆ ਦੀ ਸ਼ਲਾਘਾ ਵੀ ਕੀਤੀ।ਉਨ੍ਹਾਂ ਕਿਹਾ ਕਿ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਜਿੰਨੇ ਵੀ ਪੁਰਾਣੇ ਤੇ ਇਤਿਹਾਸਕ ਸ਼ਹਿਰ ਹਨ, ਉਨ੍ਹਾਂ ਨੂੰ ਸੋਹਣੀ ਦਿਖ ਕੇ ਸੰਭਾਲ ਕੇ ਰੱਖੀਏ। ਇਸ ਮੌਕੇ ਉਨ੍ਹਾਂ ਨੇ ਹਲਕੇ ਦੇ ਵਿਕਾਸ ਲਈ ਦਿਨ ਰਾਤ ਇਕ ਕਰ ਕੇ ਕੀਤੇ ਜਾ ਰਹੇ ਕੰਮ ਲਈ ਵਿਧਾਇਕ ਸ. ਗੁਰਪ੍ਰੀਤ ਸਿੰਘ ਜੀ.ਪੀ. ਦੀ ਭਰਵੀਂ ਸ਼ਲਾਘਾ ਵੀ ਕੀਤੀ।
ਉਨ੍ਹਾਂ ਕਿਹਾ ਕਿ ਲੋਕ ਹਰ ਕਦਮ ਉਤੇ ਇਸ ਗੱਲ ਦਾ ਮੁਲਾਂਕਣ ਕਰਦੇ ਹਨ ਕਿ ਸਰਕਾਰ ਉਨ੍ਹਾਂ ਲਈ ਕੀ ਕਰ ਰਹੀ ਹੈ ਤੇ ਜਿੰਨਾ ਕੁਝ ਮੌਜੂਦਾ ਸਰਕਾਰ ਨੇ ਲੋਕਾਂ ਲਈ ਕੀਤਾ ਹੈ, ਉਹ ਆਪਣੇ ਆਪ ਵਿੱਚ ਮਿਸਾਲ ਹੈ।ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਸਰਕਾਰ ਨੇ ਪੈਨਸ਼ਨ 750 ਰੁਪਏ ਕੀਤੀ ਸੀ ਤੇ ਹੁਣ ਉਹ 1500 ਰੁਪਏ ਕੀਤੀ ਗਈ ਹੈ ਤੇ ਆਸ਼ੀਰਵਾਦ ਸਕੀਮ ਤਹਿਤ ਰਾਸ਼ੀ 51 ਹਜ਼ਾਰ ਰੁਪਏ ਕੀਤੀ ਗਈ ਹੈ। ਸੂਬੇ ਦੀਆਂ ਔਰਤਾਂ ਦੇ ਵਿਕਾਸ ਲਈ ਚੁੱਕੇ ਕਦਮਾਂ ਦੀ ਲੜੀ ਤਹਿਤ ਸਰਕਾਰੀ ਬੱਸਾਂ ਵਿੱਚ ਸਫ਼ਰ ਮੁਫ਼ਤ ਕੀਤਾ ਹੈ।
ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਜਦੋਂ ਵੀ ਪੰਜਾਬ ਉਤੇ ਭੀੜ ਪਈ ਉਦੋਂ ਉਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਅਹੁਦਿਆਂ ਦੀ ਪਰਵਾਹ ਨਾ ਕਰਦੇ ਹੋਏ ਪੰਜਾਬ ਦਾ ਸਾਥ ਦਿੱਤਾ। ਵਣ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਨੇ ਕਿਹਾ ਕਿ ਸੂਬੇ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਉਨ੍ਹਾਂ ਨੇ ਵੈਟਲੈਂਡ ਪਾਰਕ ਦੀ ਸਾਈਟ ਉਤੇ ਬੂਟੇ ਵੀ ਲਾਏ।
ਇਸ ਮੌਕੇ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਲਕੇ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਵੱਡੀ ਗਿਣਤੀ ਪ੍ਰੋਜੈਕਟ ਹਲਕੇ ਨੂੰ ਮਿਲੇ ਹਨ, ਜਿਨ੍ਹਾਂ ਵਿੱਚੋਂ ਕਈ ਮੁਕੰਮਲ ਹੋ ਚੁੱਕੇ ਹਨ ਤੇ ਬਾਕੀਆਂ ਸਬੰਧੀ ਕੰਮ ਜੰਗੀ ਪੱਧਰ ਉਤੇ ਜਾਰੀ ਹੈ।ਇਨ੍ਹਾਂ ਪ੍ਰੋਜਕੈਟਾਂ ਦੀ ਲੜੀ ਤਹਿਤ ਹੀ ਕਰੀਬ 01.50 ਕਰੋੜ ਰੁਪਏ ਦੀ ਲਾਗਤ ਨਾਲ ਇਹ ਵੈਟਲੈਂਡ ਪਾਰਕ ਬਣਾਇਆ ਜਾਣਾ ਹੈ, ਜੋ ਕਿ ਪੂਰੇ ਸੂਬੇ ਲਈ ਮਿਸਾਲ ਬਣ ਕੇ ਉਭਰੇਗਾ।
ਉਨ੍ਹਾਂ ਕਿਹਾ ਕਿ ਕਰੀਬ 358 ਕਰੋੜ ਰੁਪਏ ਦੀ ਲਾਗਤ ਨਾਲ ਵੇਰਕਾ ਮੈਗਾ ਡੇਅਰੀ ਪ੍ਰੋਜਕੈਟ ਬਸੀ ਪਠਾਣਾਂ ਵਿਖੇ ਤਿਆਰ ਹੋਣ ਵਾਲਾ ਹੈ, ਜਿਸ ਨਾਲ ਇਲਾਕੇ ਦੇ ਹਜ਼ਾਰਾਂ ਲੋਕਾਂ ਨੂੰ ਸਿੱਧੇ ਅਤੇ ਹਜ਼ਾਰਾਂ ਹੀ ਲੋਕਾਂ ਨੂੰ ਅਸਿੱਧੇ ਤੌਰ ਉਤੇ ਰੁਜ਼ਗਾਰ ਮਿਲੇਗਾ।ਇਸ ਦੇ ਨਾਲ ਨਾਲ ਹਲਕੇ ਦੀਆਂ ਵੱਡੀ ਗਿਣਤੀ ਸੜਕਾਂ ਦੀ ਕਾਇਆ ਕਲਪ ਕੀਤੀ ਗਈ ਹੈ, ਜਿਨ੍ਹਾਂ ਵਿੱਚ ਬਸੀ ਪਠਾਣਾਂ ਬਾਈਪਾਸ ਤੇ ਦੁਫੇੜਾ ਚੌਕ ਤੋਂ ਬਸੀ ਪਠਾਣਾਂ ਤੱਕ ਦੀਆਂ ਸੜਕਾਂ ਅਹਿਮ ਹਨ ਤੇ ਹਲਕੇ ਦੀਆਂ ਰਹਿੰਦੀਆਂ ਸੜਕਾਂ ਦੀ ਕਾਇਆ ਕਲਪ ਦਾ ਕੰਮ ਵੀ ਛੇਤੀ ਹੀ ਮੁਕੰਮਲ ਕਰ ਦਿੱਤਾ ਜਾਵੇਗਾ ਤੇ ਹਲਕੇ ਦੀ ਇੱਕ ਵੀ ਸੜਕ ਨਵਨਿਰਮਾਣ, ਸਪੈਸ਼ਲ ਰਿਪੇਅਰ ਜਾਂ ਨਵੇਂ ਸਿਰਿਓਂ ਬਨਾਉਣ ਤੋਂ ਵਾਂਝੀ ਨਹੀਂ ਰਹੇਗੀ।
ਇਸ ਮੌਕੇ ਓਮ ਪ੍ਰਕਾਸ਼ ਤਾਂਗੜੀ ਸਕੱਤਰ ਪੀ ਪੀ ਸੀ ਸੀ, ਸਤਵੀਰ ਸਿੰਘ ਨੌਗਾਵਾਂ ਚੇਅਰਮੈਨ ਮਾਰਕਿਟ ਕਮੇਟੀ, ਰਵਿੰਦਰ ਕੁਮਾਰ ਰਿੰਕੂ, ਪ੍ਰਧਾਨ ਨਗਰ ਕੌਂਸਲ, ਬਲਜੀਤ ਕੌਰ ਢੀਂਡਸਾ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ, ਪਵਨ ਸ਼ਰਮਾ ਮੀਤ ਪ੍ਰਧਾਨ ਨਗਰ ਕੌਂਸਲ, ਵਣ ਮੰਡਲ ਅਫ਼ਸਰ ਅਮਿਤ ਚੌਹਾਨ, ਕਾਰਜਸਾਧਕ ਅਫ਼ਸਰ ਮਨਜੀਤ ਸਿੰਘ ਢੀਂਡਸਾ, ਬਲਜਿੰਦਰ ਸਿੰਘ ਵਣ ਰੇਂਜ ਅਫ਼ਸਰ, ਵਿਧਾਇਕ ਜੀ.ਪੀ. ਦੇ ਪੀ.ਏ. ਜਸਵੀਰ ਸਿੰਘ, ਸਾਰੇ ਐਮ ਸੀ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।