ਜਲੰਧਰ: ਡੀ ਸੀ ਨੇ ਹਸਪਤਾਲਾਂ ਨੂੰ ਤੀਜੀ ਲਹਿਰ ਨਾਲ ਨਾਲ ਨਜਿੱਠਣ ਲਈ ਪੀ.ਐਸ.ਏ. ਆਧਾਰਿਤ ਆਕਸੀਜਨ ਪਲਾਂਟ ਲਗਾਉਣ ਲਈ ਕਿਹਾ
- ਕਿਹਾ, ਇਸ ਕਦਮ ਨਾਲ ਸੰਭਾਵਿਤ ਤੀਜੀ ਲਹਿਰ ਦੌਰਾਨ ਬਿਹਤਰ ਕੋਵਿਡ ਪ੍ਰਬੰਧਨ ਨੂੰ ਯਕੀਨੀ ਬਣਾਇਆ ਜਾ ਸਕੇਗਾ
ਜਲੰਧਰ, 12 ਜੂਨ 2021 - ਕੋਵਿਡ -19 ਦੀ ਸੰਭਾਵਿਤ ਤੀਜੀ ਲਹਿਰ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਜ਼ਿਲਾ ਪ੍ਰਸ਼ਾਸਨ ਜਲੰਧਰ ਨੇ ਅੱਠ ਪ੍ਰਮੁੱਖ ਪ੍ਰਾਈਵੇਟ ਹਸਪਤਾਲਾਂ ਨੂੰ ਓ 2 ਉਤਪਾਦਨ ਵਿੱਚ ਸਵੈ ਨਿਰਭਰ ਬਣਨ ਲਈ ਤੁਰੰਤ ਆਪਣੇ ਪੀ.ਐਸ.ਏ. ਆਧਾਰਿਤ ਆਕਸੀਜਨ ਪਲਾਂਟ ਸਥਾਪਤ ਕਰਨ ਦੀ ਅਪੀਲ ਕੀਤੀ ਹੈ ।
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਇਨੋਸੈਂਟ ਹਾਰਟਜ਼ ਹਸਪਤਾਲ, ਸਰਵੋਦਿਆ, ਜੌਹਲ, ਨਿਊਰੋਨੋਵਾ, ਮਾਨ ਮੈਡੀਸਿਟੀ, ਆਕਸਫੋਰਡ, ਕੇਅਰਮੈਕਸ ਅਤੇ ਘਈ ਹਸਪਤਾਲ ਸਮੇਤ ਅੱਠ ਹਸਪਤਾਲਾਂ ਨੂੰ ਲਿਖਤੀ ਪੱਤਰ ਵਿੱਚ ਵੱਖ-ਵੱਖ ਹਸਪਤਾਲਾਂ ਵੱਲੋਂ ਪਹਿਲਾਂ ਹੀ ਆਪਣੇ ਆਕਸੀਜਨ ਪਲਾਂਟ ਲਗਾਉਣ ਦੇ ਕੀਤੇ ਗਏ ਉਪਰਾਲੇ ਦਾ ਅਨੁਸਰਣ ਕਰਨ ਲਈ ਕਿਹਾ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐਨ.ਐਚ.ਐਸ., ਨਿਊ ਰੂਬੀ, ਸ਼੍ਰੀਮਨ ਸੁਪਰ ਸਪੈਸ਼ਲਿਟੀ, ਟੈਗੋਰ, ਪਟੇਲ, ਪਿਮਸ ਅਤੇ ਕੈਪੀਟੋਲ ਹਸਪਤਾਲਾਂ ਸਮੇਤ ਕਈ ਹਸਪਤਾਲਾਂ ਵੱਲੋਂ ਆਪਣੇ ਹਸਪਤਾਲਾਂ ਵਿਚ ਪਹਿਲਾਂ ਹੀ ਆਕਸੀਜਨ ਉਤਪਾਦਨ ਪਲਾਂਟ ਲਗਾਏ ਜਾ ਚੁੱਕੇ ਹਨ ਅਤੇ ਬਾਕੀ ਹਸਪਤਾਲਾਂ ਨੂੰ ਇਸ ਪਹਿਲਕਦਮੀ ਦੀ ਪਾਲਣਾ ਕਰਨੀ ਚਾਹੀਦੀ ਹੈ, ਜਿਸ ਸਦਕਾ ਇਹ ਸਿਹਤ ਸੰਭਾਲ ਸੰਸਥਾਵਾਂ ਜਦੋਂ ਵੀ ਸੰਭਾਵਿਤ ਤੀਜੀ ਲਹਿਰ ਆਉਂਦੀ ਹੈ, ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਣ ਦੇ ਯੋਗ ਹੋਣਗੀਆਂ। ਉਨ੍ਹਾਂ ਕਿਹਾ ਕਿ ਇਸ ਨਾਲ ਓ 2 ਲਈ ਦੂਜੇ ਸੂਬਿਆਂ 'ਤੇ ਨਿਰਭਰਤਾ ਵੀ ਘਟੇਗੀ।
ਡਿਪਟੀ ਕਮਿਸ਼ਨਰ ਨੇ ਪ੍ਰਸ਼ਾਸਨ ਦੀ ਅਪੀਲ ਨੂੰ ਮੰਨ ਕੇ ਪਹਿਲਾਂ ਹੀ ਅਕਸੀਜਨ ਪਲਾਂਟ ਲਗਾਉਣ ਵਾਲੇ ਹਸਪਤਾਲਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪਲਾਂਟ ਲਗਾਉਣ ਨਾਲ ਨਾ ਸਿਰਫ਼ ਹਸਪਤਾਲ ਆਕਸੀਜਨ-ਸੁਤੰਤਰ ਹੋ ਜਾਣਗੇ ਸਗੋਂ ਭਵਿੱਖ ਵਿੱਚ ਕਿਸੇ ਵੀ ਸੰਕਟ ਦੌਰਾਨ ਬਿਨਾਂ ਕਿਸੇ ਰੁਕਾਵਟ ਦੇ ਆਪਣੇ ਮਰੀਜ਼ਾਂ ਨੂੰ ਗੁਣਵੱਤਾ ਭਰਪੂਰ ਦੇਖਭਾਲ ਪ੍ਰਦਾਨ ਕਰ ਸਕਣਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਅੱਠ ਹਸਪਤਾਲਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਨੂੰ ਮਰੀਜ਼ਾਂ ਦੀ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਦੇਖਭਾਲ ਕਰਨ ਲਈ ਸਮਰੱਥ ਹੋਣ ਵਾਸਤੇ ਪੀ.ਐਸ.ਏ. ਪਲਾਂਟ ਲਗਾਉਣ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਰੋਜ਼ਾਨਾ 50 ਤੋਂ ਵੱਧ ਆਕਸੀਜਨ ਸਿਲੰਡਰਾਂ ਦੀ ਲੋੜ ਵਾਲੇ ਹਸਪਤਾਲਾਂ ਨੂੰ ਆਪਣੇ ਪਲਾਂਟ ਲਗਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਮੂਹਿਕ ਯਤਨਾਂ ਨਾਲ ਹੀ ਅਸੀਂ ਆਕਸੀਜਨ ਉਤਪਾਦਨ ਵਿੱਚ ਸਵੈ-ਨਿਰਭਰ ਬਣਨ ਦੇ ਟੀਚੇ ਨੂੰ ਪ੍ਰਾਪਤ ਕਰ ਸਕਦੇ ਹਾਂ।