ਰਾਜੀਤਿਕ ਖੇਤਰ 'ਚ ਕੁਝ ਵੀ ਸਥਾਈ ਨਹੀਂ ਹੁੰਦਾ- ਨਿਰਮਲ ਦੋਸਤ
ਚੰਡੀਗੜ੍ਹ, 13 ਜੂਨ, 2021: ਪੰਜਾਬ 'ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਮੌਕੇ ਹੈਰਾਨੀਜਨਕ ਨਤੀਜੇ ਸਾਹਮਣੇ ਆਉਣ ਦੀ ਪੂਰੀ ਸੰਭਾਵਨਾ ਹੈ, ਇਹ ਸਭ ਪੰਜਾਬ ਦੀ ਇਸ ਸਮੇਂ ਦੀ ਚੱਲ ਰਹੀ ਸਿਆਸੀ ਫਿਜ਼ਾ ਤੋਂ ਮਿਲਣ ਵਾਲੇ ਤਾਜ਼ੇ ਸੰਕੇਤਾਂ 'ਤੇ ਆਧਾਰਿਤ ਹੈ। ਪੰਜਾਬ ਵਾਸੀ ਇਨ੍ਹਾਂ ਵਿਧਾਨ ਸਭਾ ਚੋਣਾਂ ਦੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਨਾ ਅਤੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਹੱਲ ਕਰਨਾ ਸਰਕਾਰਾਂ ਦੀ ਜਿੰਮੇਵਾਰੀ ਹੁੰਦੀ ਹੈ।" ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਿਸਾਨ ਯੂਥ ਆਰਗੇਨਾਈਜੇਸ਼ਨ ਆਫ਼ ਇੰਡੀਆ (ਕੇ.ਵਾਈ.ਓ.ਆਈ.) ਦੇ ਸੂਬਾ ਪ੍ਰਧਾਨ ਨਿਰਮਲ ਦੋਸਤ (ਰਾਏਕੋਟ) ਨੇ ਕੀਤਾ ਹੈ ।
ਨਿਰਮਲ ਦੋਸਤ ਨੇ ਅੱਗੇ ਕਿਹਾ ਕਿ ਅੱਜ ਮਹਿੰਗਾਈ ਨੇ ਆਮ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ, ਬੇਰੁਜ਼ਗਾਰੀ ਅੰਬਰ ਛੂਹ ਰਹੀ ਹੈ, ਗਰੀਬਾਂ ਨੂੰ ਦੋ ਡੰਗ ਦੀ ਰੋਟੀ ਵੀ ਨਸੀਬ ਨਹੀਂ ਹੋ ਰਹੀ। ਖੇਤੀ ਲਾਗਤਾਂ ਜ਼ਿਆਦਾ ਹੋਣ ਕਾਰਨ ਖੇਤੀਬਾੜੀ ਲਾਹੇਵੰਦ ਧੰਦਾ ਨਹੀਂ ਰਿਹਾ। ਕਿਸਾਨ-ਮਜਦੂਰ ਮਜਬੂਰੀ ਵੱਸ ਖੁਦਕੁਸ਼ੀਆਂ ਦੇ ਰਾਹ ਪੈ ਰਹੇ ਹਨ, ਕਿਸਾਨ-ਮਜਦੂਰ ਵਰਗ ਸਿਰ ਚੜ੍ਹੇ ਕਰਜੇ ਕਾਰਨ ਆਉਂਣ ਵਾਲੀਆਂ ਪੀੜ੍ਹੀਆਂ ਜਨਮ ਲੈਣ ਤੋਂ ਹੀ ਕਰਜੇ ਦੇ ਭਾਰੀ ਬੋਝ ਥੱਲੇ ਆ ਰਹੀਆਂ ਹਨ। ਅੱਜ ਲਗਭਗ 25 ਸਾਲ ਦੇ ਲੰਬੇ ਅਰਸੇ ਤੋਂ ਬਾਅਦ ਹੋਏ ਸ਼੍ਰੋਮਣੀ ਅਕਾਲੀ ਦਲ+ਬਸਪਾ ਦੇ ਸਿਆਸੀ ਗੱਠਜੋੜ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ 'ਚ ਨਿਰਮਲ ਦੋਸਤ ਨੇ ਕਿਹਾ ਕਿ ਰਾਜਨੀਤਿਕ ਖੇਤਰ 'ਚ ਕੁਝ ਵੀ ਸਥਾਈ ਨਹੀਂ ਹੁੰਦਾ। ਜ਼ਰੂਰੀ ਇਹ ਹੈ ਕਿ ਸੱਤਾ ਪ੍ਰਾਪਤੀ ਉਪਰੰਤ ਲੋਕਾਂ ਦੇ ਹਿੱਤਾਂ ਦਾ ਖ਼ਿਆਲ ਪਹਿਲ ਦੇ ਆਧਾਰ 'ਤੇ ਰੱਖਿਆ ਜਾਵੇ। ਅਸੀਂ ਆਪਣੇ ਵਿੱਤ ਅਨੁਸਾਰ ਲੋਕਾਂ ਨੂੰ ਉਨ੍ਹਾਂ ਦੇ ਸਮਾਜਿਕ ਤੌਰ ਤੇ ਹੱਕਾਂ ਅਤੇ ਫਰਜ਼ਾਂ ਪ੍ਰਤੀ ਸੁਚੇਤ ਕਰਦੇ ਰਹਿੰਦੇ ਹਾਂ।ਜ਼ਿਕਰਯੋਗ ਹੈ ਕਿ ਨਿਰਮਲ ਦੋਸਤ ਨੇ ਲੰਬਾ ਸਮਾਂ ਪੰਜਾਬੀ ਪੱਤਰਕਾਰੀ ਦੇ ਖੇਤਰ ਵਿੱਚ ਕੰਮ ਕੀਤਾ ਹੈ, ਪਿਛਲੇ ਸਮੇਂ ਦੌਰਾਨ ਲੋਕ ਸਭਾ ਦੀ ਚੋਣ ਅਤੇ ਵਿਧਾਨ ਸਭਾ ਦੀ ਚੋਣ ਲੜੀ ਹੈ ਅਤੇ ਸਹਿਜਧਾਰੀ ਸਿੱਖ ਫੈਡਰੇਸ਼ਨ (ਹੁਣ ਸਹਿਜਧਾਰੀ ਸਿੱਖ ਪਾਰਟੀ) ਦੇ ਸਕੱਤਰ ਜਨਰਲ ਰਹਿ ਚੁੱਕੇ ਹਨ।