ਫਲੋਰਿਡਾ ਦੀ ਸੁਪਰ ਮਾਰਕੀਟ ਵਿੱਚ ਗੋਲੀਬਾਰੀ, ਹਮਲਾਵਰ ਸਮੇਤ 3 ਦੀ ਹੋਈ ਮੌਤ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 13 ਜੂਨ 2021
ਫਲੋਰਿਡਾ ਦੇ ਪਬਲਿਕਸ ਸੁਪਰ ਮਾਰਕੀਟ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ ਹੈ, ਜਿਸ ਵਿੱਚ ਸ਼ੱਕੀ ਸ਼ੂਟਰ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਇਸ ਗੋਲੀਬਾਰੀ ਦੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਇਹ ਗੋਲੀਬਾਰੀ ਪਾਮ ਬੀਚ ਤੋਂ 15 ਮੀਲ ਪੱਛਮ ਵਿੱਚ ਰਾਇਲ ਪਾਮ ਬੀਚ ਦੇ ਬੁਲੇਵਰਡ ਦੇ 1100 ਬਲਾਕ ਵਿੱਚ ਇੱਕ ਪਬਲਿਕਸ ਸਟੋਰ ਵਿੱਚ ਸਵੇਰੇ 11:30 ਵਜੇ ਦੇ ਕਰੀਬ ਵਾਪਰੀ। ਇਸ ਹਮਲੇ ਦੇ ਸ਼ਿਕਾਰ ਪੀੜ੍ਹਤਾਂ ਦੀ ਪਛਾਣ ਇੱਕ ਔਰਤ ਅਤੇ ਉਸ ਦੇ ਪੋਤੇ ਵਜੋਂ ਕੀਤੀ ਗਈ ਹੋ, ਜੋ ਇਸ ਮਹੀਨੇ ਦੇ ਅੰਤ ਵਿੱਚ 2 ਸਾਲ ਦਾ ਹੋਣ ਵਾਲਾ ਸੀ। ਇਸਦੇ ਨਾਲ ਹੀ ਅਧਿਕਾਰੀਆਂ ਨੇ ਤੀਜੀ ਮੌਤ ਦੀ ਪੁਸ਼ਟੀ ਸ਼ੱਕੀ ਹਮਲਾਵਰ ਵਿਅਕਤੀ ਵਜੋਂ ਕੀਤੀ ਹੈ ਜਿਸ ਦੀ ਖੁਦ ਜ਼ਖਮੀ ਹੋਣ ਕਾਰਨ ਮੌਤ ਹੋ ਗਈ। ਇਸ ਵਿਅਕਤੀ ਦੀ ਪਛਾਣ ਰਾਇਲ ਪਾਮ ਬੀਚ ਦੇ 55 ਸਾਲਾ ਤਿਮੋਥੀ ਜੇ ਵਾਲ ਵਜੋਂ ਕੀਤੀ ਗਈ ਹੈ। ਇਸ ਗੋਲੀਬਾਰੀ ਦੇ ਮ੍ਰਿਤਕਾਂ ਅਤੇ ਹਮਲਾਵਰ ਵਿੱਚ ਕੋਈ ਸਬੰਧ ਨਹੀਂ ਸੀ।ਪੁਲਿਸ ਦੀ ਮੁੱਢਲੀ ਜਾਂਚ ਅਨੁਸਾਰ ਇਸ ਗੋਲੀਬਾਰੀ ਦਾ ਹਮਲਾਵਰ ਦਿਮਾਗੀ ਤੌਰ 'ਤੇ ਬਿਮਾਰ ਸੀ ਅਤੇ ਉਸ ਨੇ ਫੇਸਬੁੱਕ 'ਤੇ ਲੋਕਾਂ ਅਤੇ ਬੱਚਿਆਂ ਨੂੰ ਮਾਰਨ ਦੀ ਇੱਛਾ ਜ਼ਾਹਰ ਕਰਨ ਵਾਲੀਆਂ ਪੋਸਟਾਂ ਸਾਂਝੀਆਂ ਕੀਤੀਆਂ ਸਨ।
ਪਬਲਿਕਸ ਨੇ ਆਪਣੇ ਇੱਕ ਬਿਆਨ ਰਾਹੀਂ ਇਸ ਗੋਲੀਬਾਰੀ ਲਈ ਅਫਸੋਸ ਪ੍ਰਗਟ ਕੀਤਾ ਹੈ ਅਤੇ ਇਸਦੀ ਜਾਂਚ ਵਿੱਚ ਸਟੋਰ ਵੱਲੋਂ ਪੁਲਿਸ ਦੀ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਗਿਆ ਹੈ।