ਮੁਕਤਸਰ ਖੇਤਰ ’ਚ ‘ਕੈਪਟਨ-ਸਿੱਧੂ’ ਤੋਂ ਬਾਅਦ ਹੁਣ ਪ੍ਰਤਾਪ ਬਾਜਵਾ ਦੇ ਵੀ ਲੱਗੇ ਹੋਰਡਿੰਗ ਬੋਰਡ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 13 ਜੂਨ 2021-ਸੂਬੇ ਅੰਦਰ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਦੇ ਸਮਰਥਕਾਂ ਵਿਚਕਾਰ ਹੋਰਡਿੰਗ ਲਗਾਉਣ ਦੇ ਚੱਲ ਰਹੇ ਮੁਕਾਬਲੇ ਤੋਂ ਬਾਅਦ ਹੁਣ ਮਲੋਟ-ਲੰਬੀ ’ਚ ਪ੍ਰਤਾਪ ਸਿੰਘ ਬਾਜਵਾ ਦੇ ਹੋਰਡਿੰਗ ਬੋਰਡ ਵੀ ਲਗਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਮਲੋਟ ਵਿਖੇ ‘ਇੱਕ ਨਾਅਰਾ ਕੈਪਟਨ ਦੁਬਾਰਾ’ ਦੇ ਲੱਗੇ ਹੋਰਡਿੰਗਾਂ ਦੇ ਨਾਲ ਮਲੋਟ ਵਿਖੇ ਪ੍ਰਤਾਪ ਸਿੰਘ ਬਾਜਵਾ ਦੇ 4 ਥਾਵਾਂ ’ਤੇ ਹੋਰਡਿੰਗ ਲਗਾਏ ਗਏ ਹਨ, ਜਿੰਨ੍ਹਾਂ ਉਪਰ ਮਿਸ਼ਨ-2022, ‘ਸਾਡਾ ਸਭ ਦਾ ਨਾਅਰਾ ਸਾਨੂੰ ਸਭ ਨੂੰ ਪੰਜਾਬ ਪਿਆਰਾ’ ਲਿਖਿਆ ਹੋਇਆ ਹੈ।
ਇੰਨ੍ਹਾਂ ਹੋਰਡਿੰਗਾਂ ਉਪਰ ਮੁੱਖ ਆਗੂਆਂ ਵਿੱਚੋਂ ਰਾਹੁਲ ਗਾਂਧੀ ਤੇ ਪ੍ਰਤਾਪ ਸਿੰਘ ਬਾਜਵਾ ਦੀਆਂ ਫੋਟੋਆਂ ਲੱਗੀਆਂ ਹਨ, ਜਦੋਂਕਿ ਪਹਿਲੀ ਲਾਈਨ ਵਿੱਚ ਛੋਟੀਆਂ-ਛੋਟੀਆਂ ਫੋਟੋਆਂ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਰਾਜੀਵ ਗਾਂਧੀ, ਸੋਨੀਆ ਗਾਂਧੀ ਤੇ ਪ੍ਰਿਅੰਕਾ ਗਾਂਧੀ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ। ਇਸੇ ਤਰ੍ਹਾਂ ਦਾ ਇੱਕ ਹੋਰ ਹੋਰਡਿੰਗ ਬੋਰਡ ਲੰਬੀ ਵਿਖੇ ਵੀ ਲੱਗਿਆ ਹੈ।