ਵਧੀਆ ਕਾਰਗਜ਼ਾਰੀ ਲਈ ਸਰਕਾਰੀ ਹਾਈ ਸਕੂਲ ਢੀਮਾਂਵਾਲੀ ਨੂੰ ਮਿਲੇਗਾ ਲੱਖ ਦਾ ਇਨਾਮ
ਪਰਵਿੰਦਰ ਸਿੰਘ ਕੰਧਾਰੀ
- ਸਕੂਲ ਅੰਦਰ ਨਿਵੇਕਲੇ ਪ੍ਰੋਗਰਾਮ ਅਤੇ ਸਟਾਫ਼ ਦੀ ਮਿਹਨਤ ਸਦਕਾ ਸਕੂਲ ਨੂੰ ਮਿਲੇਗਾ ਸਨਮਾਨ
ਫ਼ਰੀਦਕੋਟ, 13 ਜੂਨ 2021 -ਪੰਜਾਬ ਦੇ ਸਿੱਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਰਾਜ ਦੇ ਬੇਹਤਰੀਨ ਸਕੂਲਾਂ ਦੀ ਸੂਚੀ ਜਾਰੀ ਕੀਤੀ ਹੈ | ਇਸ ਸੂਚੀ 'ਚ ਹਾਈ ਸਕੂਲਾਂ 'ਚੋਂ ਫ਼ਰੀਦਕੋਟ ਜ਼ਿਲੇ ਦੇ ਇਕਲੌਤੇ ਸਰਕਾਰੀ ਹਾਈ ਸਕੂਲ ਢੀਮਾਂਵਾਲੀ ਦੀ ਚੋਣ ਹੋਈ | ਇਸ ਸਕੂਲ ਨੂੰ ਸਰਕਾਰ ਪੱਧਰ ਤੇ ਬੀਤੇ ਦੌਰਾਨ ਦਿਖਾਈ ਗਈ ਸ਼ਾਨਦਾਰ ਕਾਰਗੁਜ਼ਾਰੀ ਦੇ ਅਧਾਰ ਤੇ 7.5 ਲੱਖ ਰੁਪਏ ਦਾ ਨਗਦ ਇਨਾਮ ਵੀ ਮਿਲੇਗਾ | ਸਰਕਾਰੀ ਹਾਈ ਸਕੂਲ ਢੀਮਾਂਵਾਲੀ ਦੀ ਇਸ ਮਾਣਮੱਤੀ ਪ੍ਰਾਪਤੀ ਤੇ ਸਕੂਲ ਮੁਖੀ ਰਵਿੰਦਰ ਸਿੰਘ ਮੁੱਖ ਅਧਿਆਪਕ, ਹਰਜਸਦੀਪ ਸਿੰਘ,ਗਗਨਦੀਪ ਸਿੰਘ, ਰਾਜ ਕੁਮਾਰ, ਗੁਰਪ੍ਰੀਤ ਸਿੰਘ ਮੱਲ੍ਹੀ, ਸੰਗੀਤਾ ਗੁਪਤਾ, ਸ਼੍ਰੀਮਤੀ ਅਮਰਜੋਤ, ਮਨਦੀਪ ਕੌਰ, ਸੁਸ਼ਮਾ ਰਾਣੀ, ਸਰਬਜੀਤ ਕੌਰ, ਮਜਿੰਦਰਜੀਤ ਕੌਰ, ਨਸੀਬਪਾਲ ਕੌਰ ਅਧਿਆਪਕਾਂ ਅਤੇ ਬਲਜੀਤ ਸਿੰਘ ਕਲਰਕ ਨੂੰ ਹਰ ਪਾਸਿਓ ਵਧਾਈਆਂ ਮਿਲ ਰਹੀਆਂ ਹਨ |
ਸਕੂਲ ਮੁਖੀ ਰਵਿੰਦਰ ਸਿੰਘ ਨਾਲ ਇਸ ਪ੍ਰਾਪਤੀ ਤੋਂ ਬਾਅਦ ਗੱਲਬਾਤ ਕਰਨ ਦੇ ਉਨ੍ਹਾਂ ਦੱਸਿਆ ਕਿ ਸਕੂਲ ਦੀ ਸਮੁੱਚੀ, ਪਿੰਡ ਦੀ ਪੰਚਾਇਤ, ਦਾਨੀ ਸੱਜਣਾਂ, ਪਿੰਡਾਂ ਦੇ ਯੂਥ ਕਲੱਬਾਂ ਵੱਲੋਂ ਮਿਲੇ ਸਹਿਯੋਗ ਸਦਕਾ ਸਕੂਲ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ | ਉਨ੍ਹਾਂ ਕਿਹਾ ਰਾਜ ਪੱਧਰ ਦੀ ਪ੍ਰਾਪਤੀ ਨਾਲ ਉਹ ਮਹਿਸੂਸ ਕਰਦੇ ਹਨ ਕਿ ਭਵਿੱਖ 'ਚ ਸਾਨੂੰ ਸਾਰੀ ਟੀਮ ਨੂੰ ਹੋਰ ਕਰੜੀ ਮਿਹਨਤ ਕਰਨੀ ਪਵੇਗੀ |
ਸਕੂਲ ਅੰਦਰ ਕਿਹੜੇ ਅਜਿਹੇ ਪ੍ਰੋਗਰਾਮ ਹਨ ਕਿ ਸਕੂਲ ਨੂੰ ਰਾਜ ਪੱਧਰ ਤੇ ਇਹ ਮਾਨਤਾ ਮਿਲੀ ਹੈ ਦੇ ਜੁਆਬ 'ਚ ਸਕੂਲ ਮੁਖੀ ਰਵਿੰਦਰ ਸਿੰਘ ਨੇ ਦੱਸਿਆ ਕਿ ਅਨੁਸ਼ਾਸਨ ਦੀ ਸਿੱਖਿਆ, ਆਧੁਨਿਕ ਦੌਰ ਦੀ ਪੜਾਈ ਪ੍ਰੋਜੈਕਟਰ ਦੀ ਸਹਾਇਤਾ ਨਾਲ ਕਰਾਉਣਾ, ਸਕੂਲ ਦੀ ਲਾਇਬ੍ਰੇਰੀ 'ਚ ਉਪਲਬਧ ਸਮੇਂ ਦੀਆਂ ਹਾਣੀ ਪੁਸਤਕਾਂ, ਸਕੂਲ ਦਾ ਸਾਫ-ਸੁਥਰਾ ਅਤੇ ਸ਼ਾਂਤ ਵਾਤਾਵਰਨ,ਪਿਛਲੇ 12 ਸਾਲਾਂ ਤੋਂ ਬੋਰਡ ਦੀਆਂ ਕਲਾਸਾਂ ਦਾ 100% ਨਤੀਜਾ, ਸਕੂਲ ਦੇ ਵਿਦਿਆਰਥੀਆਂ ਦਾ ਵੱਖ-ਵੱਖ ਖੇਤਰਾਂ ਜਿਵੇਂ ਖੇਤੀਬਾੜੀ, ਪੁਲਿਸ, ਫੌਜ, ਅਧਿਆਪਨ ਅਤੇ ਹੋਰ ਸਰਕਾਰੀ ਅਤੇ ਗੈਰ ਸਰਕਾਰੀ ਖੇਤਰਾਂ 'ਚ ਚੁਣੇ ਜਾਣਾ, ਸਕੂਲ ਦੇ ਵਿਦਿਆਰਥੀਆਂ ਦਾ ਰਾਜ ਪੱਧਰੀ ਖੇਡ-ਵਿੱਦਿਅਕ ਮੁਕਾਬਲਿਆਂ 'ਚ ਭਾਗ ਲੈਣਾ, ਸਕੂਲ ਦੇ ਵਿਦਿਆਰਥੀਆਂ ਦਾ ਮੈਰੀਟੋਰੀਅਸ ਸਕੂਲਾਂ ਲਈ ਚੁਣੇ ਜਾਣਾ, ਸਕੂਲ ਦੇ ਵਿਦਿਆਰਥੀਆਂ ਲਈ ਅੰਗਰੇਜ਼ੀ ਮਾਧਿਆਮ, ਪੜਾਈ ਲਈ ਅਨੁਕੂਲ ਵਾਤਾਵਰਨ ਅਤੇ ਮਿਹਨਤੀ ਅਧਿਆਪਕਾਂ ਵੱਲੋਂ ਕਰਵਾਈ ਜਾਂਦੀ ਨਿਰੰਤਰ ਮਿਹਨਤ, ਪਿੰਡ ਦੇ ਮੌਜੂਦਾ ਸਰਪੰਚ ਗੁਰਜੀਤ ਕੌਰ, ਜਸਵਿੰਦਰ ਸਿੰਘ, ਸਾਬਕਾ ਸਰਪੰਚ ਗੁਰਪਿਆਰ ਸਿੰਘ, ਗੁਰਬੰਸ ਸਿੰਘ, ਚੇਅਰਮੈਨ ਜਗਰਾਜ ਸਿੰਘ ਅਤੇ ਬਹੁਤ ਸਾਰੇ ਪਿੰਡ ਵਾਸੀਆਂ ਦੇ ਸਕੂਲ ਨੂੰ ਮਿਲੇ ਵੱਡਮੁੱਲੇ ਯੋਗਦਾਨ ਸਦਕਾ ਇਹ ਮਾਨ-ਸਨਮਾਨ ਮਿਲਿਆ ਹੈ |
ਇਸ ਪ੍ਰਾਪਤੀ ਤੇ ਫ਼ਰੀਦਕੋਟ ਜ਼ਿਲੇ ਦੇ ਨੋਡਲ ਅਫ਼ਸਰ-ਕਮ-ਸਹਾਇਕ ਡਾਇਰੈੱਕਟਰ ਐੱਸ.ਸੀ.ਈ.ਆਰ.ਟੀ.ਮੁਹਾਲੀ ਪ੍ਰਭਜੋਤ ਕੌਰ, ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਸ਼੍ਰੀ ਸੱਤਪਾਲ, ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਪ੍ਰਦੀਪ ਦਿਓੜਾ, ਜ਼ਿਲਾ ਮੈਂਟਰ ਸਮਾਰਟ ਸਕੂਲ ਪਿ੍ੰਸੀਪਲ ਨਵਦੀਪ ਸ਼ਰਮਾ, ਬਲਾਕ ਨੋਡਲ ਅਫ਼ਸਰ ਪਿ੍ੰਸੀਪਲ ਅੰਜਨਾ ਕੌਸ਼ਲ, ਜ਼ਿਲਾ ਮੀਡੀਆ ਕੋਆਰਡੀਨੇਟਰ ਜਸਬੀਰ ਸਿੰਘ ਜੱਸੀ ਨੇ ਸਕੂਲ ਟੀਮ, ਪਿੰਡ ਵਾਸੀਆਂ ਤੇ ਸਹਿਯੋਗੀਆਂ ਨੂੰ ਵਧਾਈ ਦਿੱਤੀ ਹੈ |