ਬਠਿੰਡਾ :ਟਰੈਫਿਕ ਪੁਲਿਸ ਨੂੰ ਨਹੀਂ ਦਿਸਦੇ ਸੜਕਾਂ ਧੂੜਾਂ ਪੱਟਦੇ ‘ਜੁਗਾੜ’
ਅਸ਼ੋਕ ਵਰਮਾ
ਬਠਿੰਡਾ,13 ਜੂਨ2021:ਬਠਿੰਡਾ ਟਰੈਫਿਕ ਪੁਲਿਸ ਨੂੰ ਸ਼ਹਿਰ ਦੀਆਂ ਸੜਕਾਂ ਤੇ ਘੁੰਮਦੇ ‘ਜੁਗਾੜੂ’ ਕਿਸਮ ਦੀਆਂ ਮੋਟਰਸਾਈਕਲ ਰੇਹੜੀਆਂ ਅਤੇ ‘ਮੋਡੀਫਾਈ’ ਕਰਕੇ ਬਣਾਈਆਂ ਗੱਡੀਆਂ ਨਜ਼ਰ ਨਹੀਂ ਪੈਂਦੀਆਂ ਹਨ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਜਿਹੇ ਜੁਗਾੜਾਂ ਤੇ ਰੋਕ ਲਾਈ ਹੋਈ ਹੈ ਫਿਰ ਵੀ ਬਠਿੰਡਾ ’ਚ ਇਸ ਪਾਬੰਦੀ ਦੀਆਂ ਧੱਜੀਆਂ ਉੱਡਣੀਆਂ ਆਮ ਹਨ। ਗਾਹਕ ਜਾਗੋ ਸੰਸਥਾ ਦੇ ਜਰਨਲ ਸਕੱਤਰ ਸੰਜੀਵ ਗੋਇਲ ਵੱਲੋਂ ਸੂਚਨਾ ਦੇ ਅਧਾਰ ਐਕਟ 2005 ਤਹਿਤ 1 ਅਗਸਤ 2020 ਤੋਂ 20 ਅਪਰੈਲ 2021 ਤੱਕ ਹਾਸਲ ਜਾਣਕਾਰੀ ਦੌਰਾਨਸਾਹਮਣੇ ਆਏ ਇਹ ਤੱਥ ਹਨ। ਸੂਚਨਾ ਅਨੁਸਾਰ ਇਸ ਅਰਸੇ ਦੌਰਾਨ ਟਰੈਫਿਕ ਪੁਲਿਸ ਨੇ ਆਵਾਜਾਈ ਨਿਯਮਾਂ ਦੀ ਪਾਲਣਾ ਨਾਂ ਕਰਨ ਵਾਲੇ 9193 ਚਲਾਨ ਆਰ ਟੀ ਓ ਨਾਲ ਸਬੰਧਤ ਕੀਤੇ ਹਨ ਜਦੋਂਕਿ ਨਕਦ ਚਲਾਨਾਂ ਦੀ ਗਿਣਤੀ 3615 ਹੈ। ਏਦਾਂ ਹੀ ਦੋਪਹੀਆਂ ਵਾਲੇ 29 ਮੋਟਰਸਾਈਕਲਾਂ ਜਾਂ ਐਕਟਿਵਾ ਆਦਿ ’ ਨੂੰ ਚੁੱਕ ਕੇ 11 ਹਜਾਰ 600 ਰੁਪਏ ਜੁਰਮਾਨੇ ਵਜੋਂ ਵਸੂਲੇ ਗਏ ਹਨ।
ਟਰੈਫਿਕ ਪੁਲਿਸ ਦੀ ਟੋਅ ਵੈਨ ਨੇ ਚਾਰ ਪਹੀਆਂ ਵਾਲੀਆਂ 2949 ਗੱਡੀਆਂ ਚੁੱਕੀਆਂ ਹਨ ਜਿੰਨ੍ਹਾਂ ਤੋਂ 14 ਲੱਖ 74 ਹਜਾਰ 500 ਰੁਪਏ ਜੁਰਮਾਨਾ ਵਸੂਲਿਆ ਗਿਆ ਹੈ। ਰੌਚਕ ਤੱਥ ਹੈ ਕਿ ਇਸ ਦੌਰਾਨ ਪੁਲਿਸ ਨੂੰ ਇੱਕ ਵੀ ਜੁਗਾੜ ਦਿਖਾਈ ਨਹੀਂ ਦਿੱਤਾ ਜਦੋਂਕਿ ਸ਼ਹਿਰ ਦੀਆਂ ਸੜਕਾਂ ਤੇ ਇਹ ਜੁਗਾੜ ਆਮ ਹੀ ਘੁੰਮਦੇ ਨਜ਼ਰ ਆਉਂਦੇ ਹਨ। ਤਕਨੀਕੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ‘ਦੇਸੀ ਜੁਗਾੜ’ ਗ਼ੈਰਕਾਨੂੰਨੀ ਹਨ ਤੇ ਹਾਦਸਿਆਂ ਦਾ ਕਾਰਨ ਬਣਦੇ ਹਨ ਜਿੰਨ੍ਹਾਂ ਨੂੰ ਰੋਕਣ ਵਾਸਤੇ ਪੁਲਿਸ ਵੱਲੋਂ ਕੁਝ ਨਹੀਂ ਕੀਤਾ ਜਾਂਦਾ ਹੈ।ਜਾਣਕਾਰੀ ਮੁਤਾਬਕ ਮੋਟਰ ਵਹੀਕਲ ਐਕਟ 1988 ਦੀ ਧਾਰਾ 52 ਤਹਿਤ ਕਿਸੇ ਵੀ ਪ੍ਰਾਈਵੇਟ ਵਾਹਨ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾ ਸਕਦਾ ਹੈ। ਪੰਜਾਬ ਮੋਟਰ ਵਾਹਨ ਰੂਲਜ਼ 1989 ਦੀ ਧਾਰਾ 186 ਮੁਤਾਬਕ ਕਿਸੇ ਵੀ ਪ੍ਰਾਈਵੇਟ ਗੱਡੀ ਪਿੱਛੇ ਕੋਈ ਰੇਹੜੀ ਵਗੈਰਾ ਨਹੀਂ ਪਾਈ ਜਾ ਸਕਦੀ ਕਿਉਂਕਿ ਅਜਿਹਾ ਮਗਰੋਂ ਸਬੰਧਤ ਗੱਡੀ ਦਾ ਬੀਮਾ ਕਾਨੂੰਨੀ ਤੌਰ ‘ਤੇ ਜਾਇਜ਼ ਨਹੀਂ ਰਹਿ ਜਾਂਦਾ ਹੈ।
ਸੂਤਰ ਦੱਸਦੇ ਹਨ ਕਿ ਦੇਸੀ ਜੁਗਾੜਾਂ ਦਾ ਕੋਈ ਰੋਡ ਟੈਕਸ ਵਗੈਰਾ ਵੀ ਨਹੀਂ ਭਰਿਆ ਜਾਂਦਾ ਜਦੋਂਕਿ ਬਿਨਾ ਪਰਮਿਟ ਢੋਆ ਢੁਆਈ ਵਾਲੀਆਂ ਗੱਡੀਆਂ ਸੜਕ ‘ਤੇ ਨਹੀਂ ਚੱਲ ਸਕਦੀਆਂ ਹਨ। ਸੂਤਰ ਦੱਸਦੇ ਹਨ ਕਿ ਕੇਂਦਰੀ ਮੋਟਰ ਵਹੀਕਲ ਰੂਲਜ਼ 1989 ਦੀ ਧਾਰਾ 124 ਮੁਤਾਬਕ ਹਰ ਸਪੇਅਰ ਪਾਰਟ ਆਈ.ਐਸ.ਆਈ ਮਾਰਕ ਹੋਣਾ ਜ਼ਰੂਰੀ ਹੈ ਪਰ ਇੰਨ੍ਹਾਂ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ।ਦੂਸਰੀ ਤਰਫ ਮੋਟਰਸਾਈਕਲ ਰੇਹੜੀਆਂ ਲਈ ਚੋਰੀ ਦੇ ਮੋਟਰਸਾਈਕਲ ਵਰਤੇ ਜਾਣ ਦੇ ਚਰਚੇ ਹਨ। ਥਾਣਾ ਕੋਤਵਾਲੀ ਪੁਲਿਸ ਨੇ 18 ਜੁਲਾਈ 2017 ਨੂੰ ਮੋਟਰਸਾਈਕਲ ਚੋਰ ਗਰੋਹ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਨੇ ਚੋਰੀ ਦੇ ਮੋਟਰਸਾਈਕਲਾਂ ਦੇ ਇੰਜਣ ਤੇ ਹੋਰ ਸਪੇਅਰ ਪਾਰਟ ਆਟੋ-ਰੇਹੜੀਆਂ ਬਨਾਉਣ ਵਾਲਿਆਂ ਨੂੰ ਵੇਚੇ ਸਨ। ਪੁਲਿਸ ਨੇ ਮੁਲਜਮਾਂ ਕੋਲੋਂ 24 ਚੋਰੀ ਕੀਤੇ ਮੋਟਰਸਾਈਕਲ ਬਰਾਮਦ ਕੀਤੇ ਜਿੰਨ੍ਹਾਂ ’ਚ ਤਿੰਨ ਆਟੋ- ਰੇਹੜੀਆਂ ਵੀ ਸ਼ਾਮਲ ਹਨ। ਪੁਲਿਸ ਨੇ ਬਾਅਦ ’ਚ ਜੁਗਾੜੂ ਰੇਹੜੀਆਂ ਵੱਲ ਕੋਈ ਧਿਆਨ ਨਹੀਂ ਦਿੱਤਾ ।
ਸ਼ਹਿਰ ਵਾਸੀਆਂ ਦਾ ਕਹਿਣਾ ਸੀ ਕਿ ਸ਼ਰ੍ਹੇਆਮ ਸੜਕਾਂ ‘ਤੇ ਘੁੰਮਦੇ ਅਜਿਹੇ ਅਜਿਹੇ ਖ਼ਸਤਾ ਹਾਲ ਜੁਗਾੜੀ ਰਿਕਸ਼ਿਆਂ ਕਾਰਨ ਕਿਸੇ ਵੇਲੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ । ਉਨ੍ਹਾਂ ਦੱਸਿਆ ਕਿ ਗੈਸ ਸਿਲੰਡਰਾਂ ਨਾਲ ਲੱਦੇ ਜੁਗਾੜ ਨੂੰ ਕਿਸੇ ਹਾਦਸੇ ਦੀ ਸੂਰਤ ’ਚ ਅੱਗ ਜਾਂ ਧਮਾਕੇ ਨਾਲ ਵੱਡਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਹਰ ਚੌਕ ਵਿਚ ਟਰੈਫਿਕ ਪੁਲੀਸ ਤਾਇਨਾਤ ਰਹਿੰਦੀ ਹੈ ਜਿਸ ਦੀਆਂ ਅੱਖਾਂ ਸਾਹਮਣੇ ਲੰਘਦੇ ਜੁਗਾੜਾਂ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਹੈ। ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਹਾਈ ਕੋਰਟ ਨੇ ਅਜਿਹੇ ਜੁਗਾੜਾਂ ‘ਤੇ ਪਾਬੰਦੀ ਦੇ ਹੁਕਮ ਦਿੱਤੇ ਹਨ ਪਰ ਇਹ ਵਰਤਾਰਾ ਜਾਰੀ ਹੈ । ਉਨ੍ਹਾਂ ਇਸ ਸਮੱਸਿਆ ਦਾ ਹੱਲ ਕਰਨ ਅਤੇ ਵੱਡਾ ਹਾਦਸਾ ਵਾਪਰਨ ਤੋਂ ਰੋਕਣ ਲਈ ਪ੍ਰਸ਼ਾਸ਼ਨ ਤੋਂ ਕਾਰਵਾਈ ਦੀ ਮੰਗ ਕੀਤੀ ਹੈ ।ਗਾਹਕ ਜਾਗੋ ਆਗੂ ਨੇ ਸਬੰਧਤ ਮੰਤਰੀ ਅਤੇ ਟਰਾਂਸਪੋਰਟ ਅਧਿਕਾਰੀਆਂ ਨੂੰ ਕਾਰਵਾਈ ਕਰਨ ਲਈ ਲਿਖਤੀ ਸ਼ਕਾਇਤ ਵੀ ਭੇਜੀ ਹੈ।
ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ: ਗੋਇਲ
ਗਾਹਕ ਜਾਗੋ ਦੇ ਜਰਨਲ ਸਕੱਤਰ ਸੰਜੀਵ ਗੋਇਲ ਦਾ ਕਹਿਣਾ ਸੀ ਕਿ ਕਈ ਜੁਗਾੜੂ ਰੇਹੜੀਆਂ ਪਿੱਛੇ ਨਗਰ ਨਿਗਮ ਦੇ ਸਟਿੱਕਰ ਲੱਗੇ ਦੇਖੇ ਗਏ ਹਨ ਜੋਕਿ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਜੁਗਾੜਾਂ ਵੱਲੋਂ ਕਿਸੇ ਵੀ ਤਰਾਂ ਦਾ ਟੈਕਸ ਨਾ ਭਰਨ ਕਾਰਨ ਸਰਕਾਰੀ ਖਜ਼ਾਨੇ ਨੂੰ ਰਗੜਾ ਲਾਇਆ ਜਾ ਰਿਹਾ ਹੈ ਅਤੇ ਆਵਾਜਾਈ ’ਚ ਵਿਘਨ ਵੀ ਪਾ ਰਹੇ ਹਨ। ਉਨ੍ਹਾਂ ਆਖਿਆ ਕਿ ਕਿ ਪੁਲੀਸ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਵੀ ਕਰਦੀ ਹੈ ਅਤੇ ਨਿਯਮ ਭੰਗ ਕਰਨ ਵਾਲਿਆਂ ਦੇ ਚਲਾਨ ਕੱਟੇ ਜਾਂਦੇ ਹਨ ਪਰ ਜੁਗਾੜੂ ਗੱਡੀਆਂ ਦਾ ਬੇਖੌਫ ਨਾਕਿਆਂ ਤੋਂ ਬਚ ਨਿਕਲਣਾ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਖੜ੍ਹੇ ਕਰਦਾ ਹੈ।
ਕਾਰਵਾਈ ਲਈ ਹਦਾਇਤਾਂ ਜਾਰੀ:ਡੀ ਐਸ ਪੀ
ਡੀ ਐਸ ਪੀ ਟਰੈਫਿਕ (ਵਾਧੂੰ ਚਾਰਜ) ਜਸਪਾਲ ਸਿੰਘ ਦਾ ਕਹਿਣਾ ਸੀ ਕਿ ਨਿਯਮ ਭੰਗ ਕਰਨ ਵਾਲਿਆਂ ਨਾਲ ਕੋਈ ਵੀ ਰਿਆਇਤ ਨਹੀਂ ਕੀਤੀ ਜਾਏਗੀ। ਉਨ੍ਹਾਂ ਦੱਸਿਆ ਕਿ ਟਰੈਫਿਕ ਪੁਲਿਸ ਨੂੰ ਅਜਿਹੇ ਜੁਗਾੜਾਂ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।