ਪੀ ਐੱਚ ਸੀ ਜੰਡਵਾਲਾ ਭੀਮੇਸ਼ਾਹ ਵਿੱਚ ਵੈਕਸੀਨੇਸ਼ਨ ਕੀਤੇ ਜਾਣ ਦਾ ਇੱਕ ਦ੍ਰਿਸ਼
ਜਗਦੀਸ਼ ਥਿੰਦ
ਫਾਜ਼ਿਲਕਾ, 14 ਜੂਨ : ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਅਤੇ ਸਿਵਲ ਸਰਜ਼ਨ ਫਾਜ਼ਿਲਕਾ ਡਾ. ਪਰਮਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਪੀ.ਐਚ.ਸੀ. ਜੰਡਵਾਲਾ ਭੀਮੇਸ਼ਾਹ ਦੇ ਐਸ.ਐਮ.ਓ. ਡਾ. ਬਬਿਤਾ ਦੀ ਅਗਵਾਈ ’ਚ ਬਲਾਕ ਅਧੀਨ ਪੈਂਦੇ ਪਿੰਡਾਂ ’ਚ ਸੈਂਪਲਿੰਗ ਅਤੇ ਵੈਕਸੀਨੇਸ਼ਨ ਦਾ ਕੰਮ ਬਾਖੂਬੀ ਕਰਵਾਇਆ ਜਾ ਰਿਹਾ ਹੈ। ਸਮੂਹ ਡਾਕਟਰ ਅਤੇ ਬਲਾਕ ਅਧੀਨ ਕੰਮ ਕਰਨ ਵਾਲੇ ਕਰਮਚਾਰੀ ਇਸ ਕੰਮ ’ਚ ਪੂਰਾ ਸਹਿਯੋਗ ਕਰ ਰਹੇ ਹਨ।
ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਬਬਿਤਾ ਨੇ ਦੱਸਿਆ ਕਿ ਬਲਾਕ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ’ਚ ਸੈਂਪਲਿੰਗ ਅਤੇ ਵੈਕਸੀਨੇਸ਼ਨ ਮੁਹਿੰਮ
ਚਲਾਈ ਜਾ ਰਹੀ ਹੈ। ਜਿਸ ’ਚ 14 ਸਾਲ ਤੋਂ 45 ਸਾਲ ਅਤੇ 45 ਸਾਲ ਤੋਂ ਉਪਰ ਵਾਲੇ ਵਿਅਕਤੀਆਂ ਦੀ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ। ਬਲਾਕ ਅਧੀਨ
ਪੈਂਦੇ ਸਬ ਸੈਂਟਰ ਆਲਮ ਕੇ ਦਾ ਪਿੰਡ ਆਤੂਵਾਲਾ ਜ਼ਿਲ੍ਹੇ ਦਾ ਪਹਿਲਾ ਪਿੰਡ ਬਣ ਗਿਆ ਹੈ। ਜਿਸ ’ਚ 45 ਸਾਲ ਤੋਂ ਉਪਰ ਵਾਲੇ ਸਾਰਿਆਂ ਵਿਅਕਤੀਆਂ ਦੀ
ਵੈਕਸੀਨੇਸ਼ਨ ਪੂਰੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ’ਚ ਬਲਾਕ ਦੇ ਸਟਾਫ਼ ਮੈਂਬਰਾਂ ਦੇ ਨਾਲ ਨਾਲ ਪਿੰਡ ਦੇ ਸਰਪੰਚ ਸਜਵਾਰ ਸੰਘ, ਮੈਂਬਰ ਪ੍ਰੇਮ ਸਿੰਘ, ਕਰਮਜੀਤ ਸਿੰਘ, ਸੱਬੂ ਸਿੰਘ, ਮਨਜੀਤ ਕੌਰ, ਕੈਲਾਸ਼ ਕੌਰ ਦਾ ਪੂਰਨ ਸਹਿਯੋਗ ਰਿਹਾ ਹੈ। ਡਾ. ਬਬਿਤਾ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਦੌਰਾਨ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦਾ ਪੂਰਾ ਜੋਰ ਲੱਗਿਆ ਹੋਇਆ ਹੈ ਕਿ ਇਸ ਬਿਮਾਰੀ ਦਾ ਖਾਤਮਾ ਕੀਤਾ ਜਾ ਸਕੇ ਅਤੇ ਇਸ ਲਈ ਸੈਂਪਲਿੰਗਅਤੇ ਵੈਕਸੀਨੇਸ਼ਨ ਮੁਹਿੰਮ ਜ਼ੋਰਾ ਸ਼ੋਰਾਂ ਨਾਲ ਚਲਾਉਣ ਲਈ ਪਿੰਡਾਂ ’ਚ ਪ੍ਰਚਾਰ ਪ੍ਰਸਾਰ ਕਰਵਾਇਆ ਜਾ ਰਿਹਾ ਹੈ, ਪਰ ਫਿਰ ਵੀ ਕਈ ਪਿੰਡਾਂ ਦੇ ਲੋਕਾਂ ’ਚ ਜਾਗਰੂਕਤਾ ਦੀ ਕਮੀ ਹੋਣ ਕਾਰਨ ਉਹ ਵੈਕਸੀਨੇਸ਼ਨ ਕਰਵਾਉਣ ਤੋਂ ਕਤਰਾ ਰਹੇ ਹਨ। ਉਨ੍ਹਾਂ ਸਮੂਹ ਇਲਾਕਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਵਿਡ ਮਹਾਂਮਾਰੀ ਦਾ ਖਾਤਮਾ ਕਰਨ ਲਈ ਸਾਨੂੰ ਜ਼ੋਰਾ ਸ਼ੋਰਾਂ ਨਾਲ ਵੈਕਸੀਨੇਸ਼ਨ ਕਰਵਾਉਣ ਦੀ ਜਰੂਰਤ ਹੈ ਤਾਂ ਜੋ ਆਪਣੀ ਅਤੇ ਆਪਣੇ ਪਰਿਵਾਰਾਂ ਦੀ ਪੂਰਨ ਸੁਰੱਖਿਆ ਕੀਤੀ ਜਾ ਸਕੇ। ਇਸ ਟੀਚੇ ਨੂੰ ਪੂਰਾ ਕਰਨ ’ਚ ਆਲਮ ਕੇ ਸਬ ਸੈਂਟਰ ਦੇ ਹੈਲਥ ਵਰਕਰ ਪ੍ਰੇਮ ਸਿੰਘ, ਆਸ਼ਾ ਫੈਸੀਲੇਟਰ ਕੈਲਾਸ਼ ਰਾਣੀ, ਆਸ਼ਾ ਵਰਕਰ ਬਲਜੀਤ ਕੌਰ ਨੇ ਪੂਰਨ ਸਹਿਯੋਗ ਕੀਤਾ।