ਤਰੌਲੀ, ਰਸੂਲਪੁਰ, ਬਰਸਾਲਪੁਰ, ਮਦਨਹੇੜੀ ਅਤੇ ਬਹਾਦਰਗੜ੍ਹ ਵਿੱਚ 45 ਸਾਲ ਤੋਂ ਵੱਧ ਉਮਰ ਦੀ ਆਬਾਦੀ ਦਾ ਕੀਤਾ ਗਿਆ 100 ਫ਼ੀਸਦੀ ਟੀਕਾਕਰਨ
ਐਸ.ਏ.ਐਸ.ਨਗਰ, 14 ਜੂਨ 2021: ਕੋਵਿਡ ਟੀਕਾਕਰਣ ਵਿੱਚ ਜ਼ਿਲ੍ਹੇ ‘ਚ ਮੋਹਰੀ ਰਹਿੰਦਿਆਂ ਬਲਾਕ ਮਾਜਰੀ ਦੇ ਪਿੰਡ ਭਜੌਲੀ ਨੇ ਅੱਜ ਆਪਣੀ 18 ਸਾਲ ਤੋਂ ਵੱਧ ਉਮਰ ਦੀ ਆਬਾਦੀ ਦਾ ਸੌ ਫ਼ੀਸਦੀ ਟੀਕਾਕਰਨ ਕਰਕੇ ਇੱਕ ਰਿਕਾਰਡ ਬਣਾਇਆ ਹੈ।
ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ "ਸਾਰੇ ਪਿੰਡ ਟੀਕੇ ਲਗਾਉਣ ਵਿੱਚ ਵੱਡੇ ਪੱਧਰ ‘ਤੇ ਕੰਮ ਕਰ ਰਹੇ ਹਨ; ਸਾਡੇ ਪੰਜ ਪਿੰਡ ਤਰੌਲੀ, ਰਸੂਲਪੁਰ, ਬਰਸਾਲਪੁਰ, ਮਦਨਹੇੜੀ ਅਤੇ ਬਹਾਦਰਗੜ ਨੇ 45 ਸਾਲ ਤੋਂ ਵੱਧ ਉਮਰ ਦੀ ਆਬਾਦੀ ਦਾ ਸਫਲਤਾਪੂਰਵਕ 100 ਫ਼ੀਸਦੀ ਟੀਕਾਕਰਨ ਕਰਵਾਇਆ ਹੈ ਜਦੋਂਕਿ ਭਜੌਲੀ ਆਪਣੀ ਸਾਰੀ 18 ਸਾਲ ਤੋਂ ਵੱਧ ਉਮਰ ਦੀ ਅਬਾਦੀ ਦੇ ਟੀਕੇ ਲਗਾ ਕੇ ਜ਼ਿਲ੍ਹੇ ਵਿੱਚ ਮੋਹਰੀ ਰਿਹਾ ਹੈ। "
ਪਿੰਡ ਭਜੌਲੀ ਦੀ ਆਬਾਦੀ 536 ਹੈ, ਜਿਨ੍ਹਾਂ ਵਿਚੋਂ 356 ਵਸਨੀਕ 18 ਸਾਲ ਤੋਂ ਉਪਰ ਹਨ। ਵਿਦੇਸ਼ ਗਏ 02 ਵਿਅਕਤੀਆਂ ਨੂੰ ਛੱਡ ਕੇ ਅੱਜ ਸਾਰੇ ਯੋਗ ਵਿਅਕਤੀਆਂ ਨੂੰ ਟੀਕੇ ਦੀ ਘੱਟੋ ਘੱਟ ਇੱਕ ਖੁਰਾਕ ਦਿੱਤੀ ਗਈ ਹੈ।
ਇਸ ਨਾਲ ਪਿੰਡ ਦੀ ਪੰਚਾਇਤ ਵਿਸ਼ੇਸ਼ ਵਿਕਾਸ ਗਰਾਂਟ ਲਈ ਯੋਗ ਬਣਨ ਵਿੱਚ ਸਥਾਨਕ ਨਾਗਰਿਕ ਸੰਸਥਾਵਾਂ ਚੋਂ ਮੋਹਰੀ ਬਣ ਗਈ ਹੈ। ਜ਼ਿਕਰਯੋਗ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਐਲਾਨ ਕੀਤਾ ਗਿਆ ਹੈ ਕਿ ਪੰਜਾਬ ਵਿੱਚ ਸੰਪੂਰਨ ਕੋਵਿਡ ਟੀਕਾਕਰਣ ਦੇ ਟੀਚੇ ਨੂੰ ਪੂਰਾ ਕਰਨ ਵਾਲੇ ਪਿੰਡਾਂ ਦੀ ਪੰਚਾਇਤ ਨੂੰ 10 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਪਿੰਡ ਦੀ ਪੰਚਾਇਤ ਅਤੇ ਵਸਨੀਕਾਂ ਨੂੰ ਵਧਾਈ ਦਿੱਤੀ ਅਤੇ ਜ਼ਿਲੇ ਦੇ ਹੋਰਨਾਂ ਪਿੰਡਾਂ ਨੂੰ ਅਪੀਲ ਕੀਤੀ ਕਿ ਉਹ ‘ਕੋਰੋਨਾ ਮੁਕਤ ਪਿੰਡ ਅਭਿਆਨ’ ਤਹਿਤ ਸੌ ਫ਼ੀਸਦੀ ਲੋਕਾਂ ਨੂੰ ਟੀਕਾ ਲਗਵਾਉਣ ਲਈ ਆਪਣੀ ਪੂਰੀ ਵਾਹ ਲਾਉਣ ਤਾਂ ਜੋ ਅਸੀਂ ਆਪਣੇ ਸਮਾਜ ਵਿਚੋਂ ਕੋਵਿਡ-19 ਨੂੰ ਖਤਮ ਕਰ ਸਕੀਏ।
ਉਨ੍ਹਾਂ ਸਿਹਤ ਸੰਭਾਲ ਕਰਮਚਾਰੀਆਂ, ਜੀ.ਓ.ਜੀਜ਼ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਕੀਤੀ ਸਖਤ ਮਿਹਨਤ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਯੋਗ ਲਾਭਪਾਤਰੀਆਂ ਨੂੰ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਲਈ ਵਿਸ਼ੇਸ਼ ਕੈਂਪ ਲਗਾਏ। ਸ੍ਰੀ ਦਿਆਲਨ ਨੇ ਕਿਹਾ, “ਉਮੀਦ ਹੈ ਕਿ ਸਾਡੇ ਜ਼ਿਲ੍ਹੇ ਦੇ ਹੋਰ ਪਿੰਡ ਵੀ ਜਲਦ ਹੀ 100 ਪ੍ਰਤੀਸ਼ਤ ਟੀਕਾਕਰਨ ਕਰਵਾਉਣਗੇ।