ਹਰਦਮ ਮਾਨ
ਸਰੀ, 14 ਜੂਨ 2021: ਵੈਨਕੂਵਰ ਪੁਲਿਸ ਵੱਲੋਂ ਕਮਿਊਨਿਟੀ ਸੇਫਟੀ ਯੂਨਿਟ ਦੇ ਸਹਿਯੋਗ ਨਾਲ ਇੱਕ ਗੈਰਲਾਈਸੈਂਸੀ ਮੈਰੂਆਨਾ ਸਟੋਰ ਵਿੱਚੋਂ ਦੋ ਬੰਦੂਕਾਂ ਮਿਲੀਆਂ ਹਨ। ਕਾਂਸਟੇਬਲ ਤਾਨੀਆ ਵਿਸਿੰਟਨ ਨੇ ਦੱਸਿਆ ਕਿ ਕਲਾਰਕ ਡਰਾਈਵ ਅਤੇ ਵਿਲੀਅਮ ਸਟ੍ਰੀਟ ਦੇ ਇਲਾਕੇ ਵਿਚ ਸਥਿਤ ਇਸ ਸਟੋਰ ਦੀ ਜਾਂਚ ਦੌਰਾਨ ਤਕਰੀਬਨ 60,000 ਡਾਲਰ ਕੀਮਤ ਦੇ ਕੈਨਬਿਸ ਪਦਾਰਥਾਂ ਤੋਂ ਇਲਾਵਾ ਕੁਝ ਹੋਰ ਪਦਾਰਥ ਵੀ ਬਰਾਮਦ ਹੋਏ ਜਿਨ੍ਹਾਂ ਦੀ ਕੀਮਤ $100,000 ਦੇ ਕਰੀਬ ਦੱਸੀ ਗਈ ਹੈ। ਇਸ ਮਾਮਲੇ 'ਚ ਇੱਕ 35 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
ਇਸੇ ਦੌਰਾਨ ਸਰੀ ਆਰ.ਸੀ.ਐਮ.ਪੀ. ਦੀ ਗੈਂਗ ਐਨਫੋਰਸਮੈਂਟ ਟੀਮ ਵੱਲੋਂ ਕਲੌਵਰਡੇਲ ਇਲਾਕੇ ਵਿਚ ਸ਼ੱਕੀ ਫੈਂਟਾਨਿਲ ਅਤੇ ਮੈਥਮਫਿਟਾਮੀਨ ਬਰਾਮਦ ਕੀਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ 176 ਸਟ੍ਰੀਟ ਅਤੇ ਫਰੇਜ਼ਰ ਹਾਈਵੇਅ ਦੇ ਇਲਾਕੇ ਵਿਚ ਪੁਲਿਸ ਵੱਲੋਂ ਸ਼ਾਮ ਕਰੀਬ 7 ਵਜੇ ਇੱਕ ਵਾਹਨ ਨੂੰ ਰੋਕਿਆ ਗਿਆ। ਡਰਾਈਵਰ ਨਾਲ ਗੱਲਬਾਤ ਦੌਰਾਨ ਅਫ਼ਸਰਾਂ ਨੂੰ ਕੁਝ ਸ਼ੱਕ ਹੋਇਆ ਅਤੇ ਜਾਂਚ ਦੌਰਾਨ ਹਥਿਆਰ, 89 ਗ੍ਰਾਮ ਸ਼ੱਕੀ ਫੈਂਟਾਨਿਲ ਅਤੇ 58 ਗ੍ਰਾਮ ਸ਼ੱਕੀ ਮੈਥਮਫਿਟਾਮੀਨ ਅਤੇ 1,200 ਡਾਲਰ ਕੈਸ਼ ਬਰਾਮਦ ਹੋਏ। ਇਸ ਸਬੰਧ ਵਿਚ ਸਰੀ ਦੇ ਇੱਕ 47 ਸਾਲਾ ਆਦਮੀ ਨੂੰ ਹਿਰਾਸਤ ਵਿਚ ਲਿਆ ਗਿਆ ਪਰ ਬਾਅਦ ਵਿਚ ਛੱਡ ਦਿੱਤਾ ਗਿਆ। ਫਿਲਹਾਲ ਉਸ ਉਪਰ ਕੋਈ ਦੋਸ਼ ਤੈਅ ਨਹੀਂ ਕੀਤੇ ਗਏ।
ਇਕ ਹੋਰ ਘਟਨਾ ਦੌਰਾਨ ਪੁਲਿਸ ਨੇ 7 ਇਮਿਟੇਸ਼ਨ ਫਾਇਰਆਰਮ ਅਤੇ ਵੱਡੀ ਮਾਤਰਾ 'ਚ ਸ਼ੱਕੀ ਫੈਂਟਾਨਿਲ ਬਰਾਮਦ ਕੀਤੀ ਹੈ। ਕਾਂਸਟੇਬਲ ਸਰਬਜੀਤ ਸੰਘਾ ਨੇ ਦੱਸਿਆ ਹੈ ਕਿ ਸਰੀ ਆਰ.ਸੀ.ਐਮ.ਪੀ. ਦੇ ਫਰੰਟਲਾਈਨ ਅਫ਼ਸਰਾਂ ਨੇ ਇੱਕ ਟਰੈਫਿਕ ਸਟੌਪ ਦੌਰਾਨ ਕਿੰਗ ਜੌਰਜ ਬੁਲੇਵਾਰਡ ਅਤੇ 94 ਐਵੀਨਿਊ ਦੇ ਇਲਾਕੇ 'ਚ ਇੱਕ ਗੱਡੀ ਨੂੰ ਰੋਕਿਆ। ਗੱਲਬਾਤ ਦੌਰਾਨ ਅਫ਼ਸਰਾਂ ਨੂੰ ਡਰੱਗ ਤਸਕਰੀ ਨਾਲ ਸਬੰਧਤ ਹੋਣ ਦਾ ਸ਼ੱਕ ਹੋਇਆ ਅਤੇ ਤਲਾਸ਼ੀ ਦੌਰਾਨ ਉਨ੍ਹਾਂ ਪਾਸੋਂ 7 ਇਮਿਟੇਸ਼ਨ ਬੰਦੂਕਾਂ, ਇੱਕ ਤਲਵਾਰ, ਚਾਕੂ ਤੋਂ ਇਲਾਵਾ 157 ਗ੍ਰਾਮ ਸ਼ੱਕੀ ਫੈਂਟਾਨਿਲ ਅਤੇ 250 ਡਾਲਰ ਕੈਸ਼ ਬਰਾਮਦ ਹੋਏ।
ਇਸ ਮਾਮਲੇ 'ਚ ਸਰੀ ਦੇ ਇੱਕ 34 ਸਾਲਾ ਆਦਮੀ ਅਤੇ ਪੋਰਟ ਕੋਕਟਲਮ ਦੀ ਇੱਕ 34 ਸਾਲਾ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਮੌਕੇ ਤੇ ਰਿਹਾਅ ਕਰ ਦਿੱਤਾ ਗਿਆ।