← ਪਿਛੇ ਪਰਤੋ
ਬਹਾਦਰਗੜ੍ਹ ਨੇੜਲੇ ਪਿੰਡ ਦੇ ਵਸਨੀਕ ਅਤੇ ਭਾਰਤੀ ਫ਼ੌਜ ਦੇ ਨਾਇਬ ਸੂਬੇਦਾਰ ਮਨਦੀਪ ਸਿੰਘ (ਏ.ਆਈ.ਜੀ.) ਭਰ ਜਵਾਨੀ 'ਚ 15-16 ਜੂਨ 2020 ਦੀ ਰਾਤ ਨੂੰ ਗਲਵਾਨ ਘਾਟੀ ਵਿੱਚ ਚੀਨੀ ਫ਼ੌਜਾਂ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀ ਦਾ ਜਾਮ ਪੀ ਗਏ ਸਨ। ਸ਼ਹੀਦ ਮਨਦੀਪ ਸਿੰਘ ਦਾ ਸਾਲਾਨਾ ਸ਼ਰਧਾਂਜਲੀ ਸਮਾਗਮ ਪਿੰਡ ਸੀਲ ਦੇ ਗੁਰਦੁਆਰਾ ਸਾਹਿਬ ਵਿਖੇ ਪਿੰਡ ਵਾਸੀਆਂ ਵੱਲੋਂ ਮਨਾਇਆ ਜਾ ਰਿਹਾ ਹੈ। ਸ਼ਰਧਾਂਜਲੀ ਸਮਾਰੋਹ ਮੌਕੇ ਪਰਿਵਾਰ ਵੱਲੋਂ ਪਿੰਡ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਅਤੇ ਸ਼ਬਦ ਕੀਰਤਨ ਦੇ ਪ੍ਰਵਾਹ ਉਪਰੰਤ ਸੰਗਤ ਲਈ ਲੰਗਰ ਦਾ ਪ੍ਰਬੰਧ ਕੀਤਾ ਜਾਵੇਗਾ। ਸ਼ਹੀਦ ਦੀ ਮਾਤਾ ਸ੍ਰੀਮਤੀ ਸ਼ਕੁੰਤਲਾ ਕੌਰ ਅਤੇ ਧਰਮ ਪਤਨੀ ਸ੍ਰੀਮਤੀ ਗੁਰਦੀਪ ਕੌਰ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਜਿਵੇਂ ਪਹਿਲਾਂ ਸ਼ਹੀਦ ਪਰਿਵਾਰ ਨਾਲ ਉਨ੍ਹਾਂ ਵੱਲੋਂ ਸਹਿਯੋਗ ਕੀਤਾ ਗਿਆ ਸੀ, ਉਸੇ ਤਰ੍ਹਾਂ ਹੀ ਸਾਲਾਨਾ ਸ਼ਰਧਾਂਜਲੀ ਸਮਾਗਮ 'ਚ ਵੀ ਸ਼ਾਮਲ ਹੁੰਦੇ ਹੋਏ ਕੋਵਿਡ-19 ਨਿਯਮਾਂ ਦਾ ਪਾਲਣ ਕਰਦੇ ਹੋਏ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦੀ ਖੇਚਲ ਕਰਨੀ। ਸ਼ਹੀਦ ਮਨਦੀਪ ਸਿੰਘ ਦੀ ਯਾਦ ਵਿੱਚ ਪੰਜਾਬ ਸਰਕਾਰ ਵੱਲੋਂ ਪਿੰਡ ਸੀਲ ਦੇ ਪ੍ਰਾਇਮਰੀ ਸਕੂਲ ਦਾ ਨਾਮ 'ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਸੀਲ' ਰੱਖਿਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਬਹਾਦਰਗੜ੍ਹ ਤੋਂ ਘਨੌਰ ਸੜਕ ਦਾ ਨਾਮਕਰਨ ਵੀ ਸ਼ਹੀਦ ਦੇ ਨਾਮ 'ਤੇ ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ ਮਾਰਗ ਕੀਤਾ ਜਾ ਚੁੱਕਾ ਹੈ। ਪਿੰਡ ਦੇ ਦਾਖਲੇ 'ਤੇ ਸ਼ਹੀਦ ਦੀ ਯਾਦ ਵਿੱਚ ਯਾਦਗਾਰੀ ਗੇਟ ਦੀ ਊਸਾਰੀ ਦਾ ਕਾਰਜ ਵੀ ਹਲਕਾ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ ਦੀ ਸਹਾਇਤਾ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਭੇਜੇ ਫੰਡਾਂ ਨਾਲ ਕਰਵਾਇਆ ਜਾ ਰਿਹਾ ਹੈ। ਜਦਕਿ ਸਮਸ਼ਾਨ ਘਾਟੀ ਦੀ ਉਸਾਰੀ ਤੋਂ ਇਲਾਵਾ ਹੋਰ ਵਿਕਾਸ ਕੰਮਾਂ ਨੂੰ ਵੀ ਜਲਦ ਹੀ ਮੁਕੰਮਲ ਕੀਤਾ ਜਾਵੇਗਾ। ਇਸ ਤੋਂ ਬਿਨ੍ਹਾਂ ਲੋਕ ਸਭਾ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨੇ ਸ਼ਹੀਦ ਦੀ ਸੁਪਤਨੀ ਸ੍ਰੀਮਤੀ ਗੁਰਦੀਪ ਕੌਰ ਨੂੰ ਸਹਿਕਾਰੀ ਸਭਾਵਾਂ 'ਚ ਨੌਕਰੀ ਦਾ ਨਿਯੁਕਤੀ ਪੱਤਰ ਪਹਿਲਾਂ ਹੀ ਸੌਂਪ ਦਿੱਤਾ ਸੀ। ਆਓ ਆਪਾਂ ਸਾਰੇ ਰਲਕੇ ਉਸ ਮਹਾਨ ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ ਨੂੰ ਸਾਲਾਨਾ ਸ਼ਰਧਾਂਜਲੀ ਸਮਾਗਮ ਮੌਕੇ ਸ਼ਰਧਾ ਦੇ ਫੁੱਲ ਭੇਟ ਕਰੀਏ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਸ਼ਹੀਦ ਦੀ ਸ਼ਹੀਦੀ 'ਤੇ ਮਾਣ ਕਰਦੇ ਹੋਏ ਉਸਦੇ ਨਕਸ਼ੇ ਕਦਮਾਂ 'ਤੇ ਚਲਦੇ ਹੋਏ ਦੇਸ਼ ਅਤੇ ਕੌਮ ਦੀ ਸੇਵਾ ਲਈ ਤਤਪਰ ਰਹਿਣ ਦਾ ਪ੍ਰਣ ਕਰਨ। ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ, ਵਤਨ ਪੇ ਮਿਟਨੇ ਵਾਲੋਂ ਕਾ ਬਾਕੀ ਯਹੀਂ ਨਿਸ਼ਾਂ ਹੋਗਾ।
Total Responses : 189